Punjab

ਬਠਿੰਡਾ ਦੇ ਸਿੱਖ ਗੱਭਰੂ ਨੂੰ ਗੋਰਿਆਂ ਦੀ ਫੌਜ ਨੇ ਨਾਟੋ ਦਸਤੇ ਲਈ ਚੁਣਿਆ

‘ਦ ਖ਼ਾਲਸ ਬਿਊਰੋ :- ਜ਼ਿਲ੍ਹਾ ਬਠਿੰਡਾ ਦੇ ਪਿੰਡ ਭੋਖੜਾ ਵਾਸੀ ਰਾਜਵੰਤ ਸਿੰਘ ਬਰਾੜ ਨੂੰ ਬਰਤਾਨਵੀ ਫੌਜ ਵੱਲੋਂ ਨਾਟੋ ਦਸਤੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰਾਜਵੰਤ ਸਿੰਘ ਦੀ ਪੈਰਾ ਕਮਾਂਡੋ ਫੋਰਸ ਵਿੱਚ ਚੋਣ ਹੋਈ ਹੈ ਜਿਸ ਨੂੰ ਲੈ ਕੇ ਮਾਪਿਆਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪਿੰਡ ਵਾਸੀ ਨੇ ਦੱਸਿਆ ਕਿ ਇਸ ਨੌਜਵਾਨ ਨੇ ਪਿੰਡ ਦਾ ਨਾਂ ਕੌਮਾਂਤਰੀ ਪੱਧਰ ’ਤੇ ਰੌਸ਼ਨ ਕੀਤਾ ਹੈ।

ਪਿੰਡ ਭੋਖੜਾ ਦੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਕਰਨ ਵਾਲਾ ਨੌਜਵਾਨ ਰਾਜਵੰਤ ਸਿੰਘ ਸੱਤ ਵਰ੍ਹੇ ਪਹਿਲਾਂ ਅਗਲੇਰੀ ਪੜ੍ਹਾਈ ਲਈ ਇੰਗਲੈਂਡ ਗਿਆ ਸੀ। ਰਾਜਵੰਤ ਦਾ ਪਿਤਾ ਮਹਿੰਦਰ ਸਿੰਘ ਖੇਤੀ ਕਰਦਾ ਹੈ ਤੇ ਉਸ ਦੇ ਦੋ ਬੱਚੇ ਹਨ। ਰਾਜਵੰਤ ਤੇ ਉਸ ਦੀ ਭੈਣ ਇੰਗਲੈਂਡ ’ਚ ਰਹਿੰਦੇ ਹਨ।

ਰਾਜਵੰਤ ਦੇ ਅਧਿਆਪਕ ਸੁਰਿੰਦਰਪ੍ਰੀਤ ਘਣੀਆ ਨੇ ਦੱਸਿਆ ਕਿ ਉਹ ਜਮਾਤ ਵਿੱਚ ਹਮੇਸ਼ਾ ਮੋਹਰੀ ਹੋ ਕੇ ਵਿਚਰਦਾ ਸੀ। ਉਨ੍ਹਾਂ ਨੂੰ ਫਖ਼ਰ ਹੈ ਕਿ ਉਨ੍ਹਾਂ ਦਾ ਵਿਦਿਆਰਥੀ ਬਰਤਾਨਵੀ ਫੌਜ ’ਚ ਸੇਵਾ ਨਿਭਾਉਣ ਜਾ ਰਿਹਾ ਹੈ। ਰਾਜਵੰਤ ਸਿੰਘ ਦੀ ਮਾਤਾ ਅਮਰਜੀਤ ਕੌਰ ਦਾ ਕਹਿਣਾ ਸੀ ਕਿ ਉਸ ਦੇ ਲੜਕੇ ਨੇ ਬਾਰ੍ਹਵੀਂ ਦੀ ਪੜ੍ਹਾਈ ਗੁਰੂ ਨਾਨਕ ਹਾਈ ਸਕੂਲ ਬਠਿੰਡਾ ਤੋਂ ਕੀਤੀ। ਉਨ੍ਹਾਂ ਦੱਸਿਆ ਕਿ ਰਾਜਵੰਤ ਨੇ ਕੰਪਿਊਟਰ ਸਾਇੰਸ ਦੀ ਪੜ੍ਹਾਈ ਕੀਤੀ।