India International Punjab Religion

12 ਅਪ੍ਰੈਲ ਨੂੰ ਪਾਕਿਸਤਾਨ ਵਿਸਾਖੀ ਮਨਾਉਣ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਹਸਨ ਅਬਦਾਲ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ ਸ਼ਮੂਲੀਅਤ ਲਈ 12 ਅਪ੍ਰੈਲ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਭੇਜੇਗੀ। ਇਹ ਜਥਾ 21 ਅਪ੍ਰੈਲ ਤੱਕ ਪਾਕਿਸਤਾਨ ’ਚ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਦੀਦਾਰੇ ਕਰਨ ਮਗਰੋਂ 22 ਅਪ੍ਰੈਲ ਨੂੰ ਵਾਪਸ ਭਾਰਤ ਪਰਤੇਗਾ। ਜਥੇ ਦੇ ਪ੍ਰੋਗਰਾਮ ਸਬੰਧੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਤਵੰਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪੱਤਰ ਭੇਜਿਆ ਹੈ। ਬੀਬੀ ਜਗੀਰ ਕੌਰ ਨੇ ਪਾਕਿਸਤਾਨ ਕਮੇਟੀ ਦੇ ਪ੍ਰਧਾਨ ਵੱਲੋਂ ਭੇਜੇ ਗਏ ਪੱਤਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ 14 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਮੁੱਖ ਸਮਾਗਮ ਹੋਵੇਗਾ ਅਤੇ ਇਸ ਤੋਂ ਇਲਾਵਾ ਸ਼ਰਧਾਲੂ ਵੱਖ-ਵੱਖ ਦਿਨਾਂ ਵਿੱਚ ਪਾਕਿਸਤਾਨ ’ਚ ਹੋਰਨਾਂ ਗੁਰਧਾਮਾਂ ਦੇ ਦਰਸ਼ਨ ਕਰ ਸਕਣਗੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਕੋਰੋਨਾ ਦੇ ਚੱਲਦਿਆਂ ਸਿਹਤ ਵਿਭਾਗ ਦੇ ਨਿਰਦੇਸ਼ਾਂ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਨੁਸਾਰ ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਦੀਆਂ ਤਿਆਰੀਆਂ ਜਾਰੀ ਹਨ ਅਤੇ 11 ਅਪ੍ਰੈਲ ਨੂੰ ਵੀਜ਼ਾ ਲੱਗੇ ਪਾਸਪੋਰਟ ਸ਼ਰਧਾਲੂਆਂ ਨੂੰ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਾਂ ਭੇਜੇ ਪੱਤਰ ਵਿੱਚ 11 ਦਿਨਾਂ ਦਾ ਪ੍ਰੋਗਰਾਮ ਪੁੱਜਾ ਹੈ, ਜਿਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪਾਕਿਸਤਾਨ ਵਿੱਚ ਵਿਸਾਖੀ ਦਾ ਮੁੱਖ ਸਮਾਗਮ ਗੁਰਦੁਆਰਾ ਪੰਜਾ ਸਾਹਿਬ ਵਿੱਚ ਰੱਖਿਆ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਏ ਪੱਤਰ ਅਨੁਸਾਰ 12 ਅਪ੍ਰੈਲ ਨੂੰ ਜਥਾ ਸੜਕੀ ਮਾਰਗ ਰਾਹੀਂ ਪਾਕਿਸਤਾਨ ਜਾਵੇਗਾ, ਜਿੱਥੇ 14 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਸ਼ਰਧਾਲੂ ਮੁੱਖ ਸਮਾਗਮ ਦੌਰਾਨ ਸ਼ਮੂਲੀਅਤ ਕਰਨਗੇ। 15 ਅਪ੍ਰੈਲ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਅਤੇ 16 ਅਪ੍ਰੈਲ ਨੂੰ ਗੁਰਦੁਆਰਾ ਸੱਚਾ ਸੌਦਾ ਸਾਹਿਬ ਵਿਖੇ ਜਥਾ ਜਾਵੇਗਾ। ਇਸ ਦੌਰਾਨ 17-18 ਅਪ੍ਰੈਲ ਨੂੰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ, 19 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅਤੇ 20 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਏਮਨਾਬਾਦ ਵਿਖੇ ਸ਼ਰਧਾਲੂ ਨਤਮਸਤਕ ਹੋਣਗੇ। 21 ਅਪ੍ਰੈਲ ਨੂੰ ਮੁੜ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਦੇ ਦਰਸ਼ਨ ਦੀਦਾਰ ਕਰਨ ਉਪਰੰਤ 22 ਅਪ੍ਰੈਲ ਨੂੰ ਜਥਾ ਵਾਪਸ ਭਾਰਤ ਪਰਤੇਗਾ।

ਪਾਕਿਸਤਾਨ ਨੇ ਭਾਰਤ ਸਰਕਾਰ ਨੂੰ ਸਿੱਖ ਜਥਿਆਂ ਦੀ ਸੁਰੱਖਿਆ ਬਾਰੇ ਦਿੱਤਾ ਭਰੋਸਾ

ਪਾਕਿਸਤਾਨ ਨੇ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸਿੱਖ ਜਥਿਆਂ ਦੀ ਸੁਰੱਖਿਆ ਬਾਰੇ ਭਾਰਤ ਸਰਕਾਰ ਦੇ ਖ਼ਦਸ਼ਿਆਂ ਦਾ ਜਵਾਬ ਦਿੱਤਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉੱਥੇ ਜਥਿਆਂ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ। ਪਾਕਿਸਤਾਨ ਦੇ ਇੱਕ ਅੰਗਰੇਜ਼ੀ ਅਖ਼ਬਾਰ ‘ਦਿ ਡਾਅਨ’ ਦੀ ਖ਼ਬਰ ਦੇ ਮੁਤਾਬਕ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਹਿਦ ਹਾਫ਼ੀਜ਼ ਚੌਧਰੀ ਨੇ ਕਿਹਾ ਕਿ, “ਪਾਕਿਸਤਾਨ ਆਪਣੇ ਧਰਮ ਸਥਾਨਾਂ ਦੀ ਯਾਤਰਾ ਕਰਨ ਆਉਣ ਵਾਲੇ ਭਾਰਤ ਸਮੇਤ ਦੁਨੀਆ ਭਰ ਦੇ ਸਿੱਖ ਯਾਤਰੀਆਂ ਦਾ ਪੂਰਾ ਖ਼ਿਆਲ ਰੱਖਦਾ ਹੈ।”

ਭਾਰਤ ਨੇ ਪਿਛਲੇ ਦਿਨੀਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਸ਼੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ 100 ਵੀਂ ਯਾਦਗਾਰ ਮੌਕੇ 18 ਤੋਂ 25 ਫ਼ਰਵਰੀ ਨੂੰ ਲਗਭਗ 600 ਸਿੱਖ ਯਾਤਰੀਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਸਿੱਖ ਕਰਤਾਰਪੁਰ ਲਾਂਘੇ ਨੂੰ ਮੁਕੰਮਲ ਕਰਨ ਵਿੱਚ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਅਤੇ ਸ਼ਰਧਾਲੂਆਂ ਲਈ ਕੀਤੇ ਬੰਦੋਬਸਤਾਂ ਦੀ ਤਾਰੀਫ਼ ਕਰਦੇ ਹਨ। ਚੌਧਰੀ ਨੇ ਕਿਹਾ ਕਿ  ‘ਪਾਕਿਸਤਾਨ ਨੇ ਸਿੱਖਾਂ ਦੀ ਸਹੂਲਤ ਲਈ ਕਰਤਾਰਪੁਰ ਖੋਲ੍ਹਿਆ ਸੀ, ਜਿਸ ਦੀ ਸਿੱਖਾਂ ਤੋਂ ਇਲਾਵਾ ਕੌਮਾਂਤਰੀ ਭਾਈਚਾਰੇ ਨੇ ਵੀ ਸ਼ਲਾਘਾ ਕੀਤੀ ਸੀ। ਭਾਰਤ ਨੂੰ ਵੀ ਚਾਹੀਦਾ ਹੈ ਕਿ ਉਹ ਸਿੱਖ ਯਾਤਰੀਆਂ ਦੇ ਪਾਕਿਸਤਾਨ ਵਿੱਚ ਧਾਰਮਿਕ ਸਥਾਨਾਂ ਦੀ ਯਾਤਰਾ ਵਿੱਚ ਸਹਿਯੋਗ ਕਰੇ’।

ਕਰਤਾਰਪੁਰ ਲਾਂਘਾ ਹਾਲੇ ਵੀ ਹੈ ਬੰਦ

9 ਨਵੰਬਰ, 2019 ਨੂੰ ਭਾਰਤ ਅਤੇ ਪਾਕਿਸਤਾਨ ਨੇ ਇਤਿਹਾਸਕ ਕਦਮ ਚੁੱਕਦਿਆਂ ਪਾਕਿਸਤਾਨ ਵਿਚਲੇ ਇਤਿਹਾਸਕ ਗੁਰਦੁਆਰਾ ਸਾਹਿਬ ਲਈ ਕਰਤਾਰਪੁਰ ਲਾਂਘੇ ਨੂੰ ਖੋਲ੍ਹਿਆ ਸੀ। ਇਸ ਲਾਂਘੇ ਦਾ ਉਦਘਾਟਨ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵੱਲੋਂ ਕੀਤਾ ਗਿਆ ਸੀ। ਲਾਂਘੇ ਦੇ ਐਲਾਨ ਤੋਂ ਬਾਅਦ ਇਕਦਮ ਭਾਰਤੀ ਪੰਜਾਬ ਦੇ ਕਸਬੇ ਡੇਰਾ ਬਾਬਾ ਨਾਨਕ ਦਾ ਨਾਮ ਵੀ ਕੌਮਾਂਤਰੀ ਪੱਧਰ ਉੱਤੇ ਚਰਚਾ ਵਿੱਚ ਆ ਗਿਆ।

ਇਸ ਕਸਬੇ ਤੋਂ ਭਾਰਤ -ਪਾਕਿਸਤਾਨ ਕੌਮਾਂਤਰੀ ਸਰਹੱਦ ਮਹਿਜ਼ ਇੱਕ ਕਿਲੋਮੀਟਰ ਦੀ ਦੂਰੀ ਉੱਤੇ ਹੈ। ਸਰਹੱਦੀ ਇਲਾਕਾ ਹੋਣ ਕਾਰਨ ਇੱਥੇ ਵਿਕਾਸ ਅਤੇ ਸਹੂਲਤਾਂ ਪਹਿਲਾਂ ਨਾ ਮਾਤਰ ਦੀਆਂ ਸਨ ਪਰ ਲਾਂਘੇ ਦੇ ਐਲਾਨ ਦੇ ਨਾਲ ਹੀ ਇੱਥੇ ਵਿਕਾਸ ਅਤੇ ਨਿਵੇਸ਼ ਦੀ ਵੱਡੀਆਂ ਸੰਭਾਵਨਾਵਾਂ ਪੈਦਾ ਹੋਣ ਦੀਆਂ ਉਮੀਦਾਂ ਪੈਦਾ ਹੋ ਗਈਆਂ। ਲਾਂਘਾ ਖੁੱਲ੍ਹਣ ‘ਤੇ ਸ਼ਰਧਾਲੂਆਂ ਦਾ ਇਸ ਵਿੱਚ ਕਾਫ਼ੀ ਉਤਸ਼ਾਹ ਵੀ ਵੇਖਣ ਨੂੰ ਮਿਲਿਆ ਪਰ ਕੋਰੋਨਾ ਵਾਇਰਸ ਦੇ ਕਾਰਨ ਇਹ 16 ਮਾਰਚ, 2020 ਨੂੰ ਭਾਰਤ ਸਰਕਾਰ ਵੱਲੋਂ ਅਸਥਾਈ ਤੌਰ ਉੱਤੇ ਬੰਦ ਕਰ ਦਿੱਤਾ ਗਿਆ, ਜੋ ਕਿ ਹਾਲੇ ਵੀ ਬੰਦ ਹੈ। ਸਿੱਖ ਸ਼ਰਧਾਲੂਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਂਦਰ ਸਰਕਾਰ ਨੂੰ ਲਾਂਘਾ ਖੋਲ੍ਹਣ ਲਈ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ। ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।