International

ਅਮਰੀਕਾ ‘ਚ ਮਰੀਜ਼ਾਂ ਦਾ ਜ਼ਬਰੀ ਆਪ੍ਰੇਸ਼ਨ ਕਰਨ ਵਾਲੇ ਡਾਕਟਰ ਨੂੰ ਹੋਈ 465 ਸਾਲ ਕੈਦ

‘ਦ ਖ਼ਾਲਸ ਬਿਊਰੋ :- ਅਮਰੀਕਾ ਵਿੱਚ ਇੱਕ ਡਾਕਟਰ ਵੱਲੋਂ ਆਪਣੇ ਮਰੀਜ਼ਾਂ ਦਾ ਬੇਲੋੜਾ ਅਪਰੇਸ਼ਨ ਕਰਨ ‘ਤੇ ਉਸਨੂੰ ਅਦਾਲਤ ਨੇ  465 ਸਾਲ ਦੀ ਸਜ਼ਾ ਸੁਣਾਈ ਹੈ। ਅਮਰੀਕਾ ਦੇ ਵਰਜੀਨੀਆ ਵਿੱਚ ਇੱਕ ਗਾਇਨੋਕੋਲਾਜਿਸਟ ਡਾਕਟਰ ਜਾਵੇਦ ਪਰਵੇਜ਼ ‘ਤੇ ਮਰੀਜ਼ਾਂ ਦਾ ਜ਼ਬਰਦਸਤੀ ਆਪ੍ਰੇਸ਼ਨ ਕਰਨ ਦਾ ਦੋਸ਼ ਹੈ। ਅਦਾਲਤ ਦੇ ਅਨੁਸਾਰ ਡਾਕਟਰ ਨੇ ਔਰਤਾਂ ਦਾ ਜ਼ਬਰੀ ਆਪ੍ਰੇਸ਼ਨ ਕਰਕੇ ਬੀਮਾ ਕੰਪਨੀਆਂ ਤੋਂ ਜ਼ਬਰਦਸਤ ਕਮਾਈ ਕੀਤੀ ਹੈ। ਡਾਕਟਰ ਪਰਵੇਜ਼ ਨਿੱਜੀ ਅਤੇ ਸਰਕਾਰੀ ਬੀਮਾ ਕੰਪਨੀਆਂ ਨੂੰ ਲੱਖਾਂ ਡਾਲਰ ਦਾ ਬਿੱਲ ਦਿੰਦਾ ਸੀ। ਜਾਣਕਾਰੀ ਮੁਤਾਬਕ ਪਿਛਲੇ 10 ਸਾਲਾਂ ਵਿੱਚ ਡਾਕਟਰ ਨੇ ਆਪਣੇ ਇਨ੍ਹਾਂ ਕੰਮਾਂ ਨੂੰ ਹੋਰ ਤੇਜ਼ ਕਰ ਦਿੱਤਾ ਸੀ।

ਜਾਣਕਾਰੀ ਅਨੁਸਾਰ ਪਰਵੇਜ਼ ਗਰਭਵਤੀ ਔਰਤਾਂ ਨੂੰ ਬੇਲੋੜੇ ਆਪ੍ਰੇਸ਼ਨ ਲਈ ਤਿਆਰ ਕਰਦਾ ਸੀ। ਉਹ ਆਪਣੇ ਮਰੀਜ਼ਾਂ ਨੂੰ ਸਰਜਰੀ ਕਰਨਾ ਜ਼ਰੂਰੀ ਕਹਿੰਦਾ ਸੀ। ਉਸਨੇ ਮਰੀਜ਼ਾਂ ਨੂੰ ਕੈਂਸਰ ਤੋਂ ਬਚਣ ਲਈ ਅਜਿਹਾ ਕਰਨ ਦੀ ਸਲਾਹ ਦਿੱਤੀ ਸੀ।

ਯੂਐਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਦੇ ਨਾਰਫਾਕ ਫੀਲਡ ਦਫਤਰ ਦੇ ਇੰਚਾਰਜ ਵਿਸ਼ੇਸ਼ ਏਜੰਟ ਕਾਰਲ ਸ਼ੂਮਨ ਨੇ ਕਿਹਾ ਕਿ ਡਾਕਟਰ, ਅਥਾਰਟੀ ਅਤੇ ਭਰੋਸੇਮੰਦ ਅਹੁਦਿਆਂ ਵਾਲੇ ਲੋਕ ਆਪਣੇ ਮਰੀਜ਼ਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਦੀ ਸਹੁੰ ਚੁੱਕਦੇ ਹਨ।  ਉਨ੍ਹਾਂ ਕਿਹਾ ਕਿ ਡਾ. ਪਰਵੇਜ਼ ਨੇ ਫਜ਼ੂਲ ਦੀਆਂ ਸਰਜਰੀਆਂ ਕਰਕੇ ਆਪਣੇ ਮਰੀਜ਼ਾਂ ਦੀ ਨਿੱਜੀ ਜ਼ਿੰਦਗੀ ਦੇ ਹਿੱਸਿਆਂ ‘ਤੇ ਵਿਆਪਕ ਪੇਚੀਦਗੀਆਂ, ਦਰਦ ਅਤੇ ਚਿੰਤਾ ਦੇ ਕਾਰਨਾਂ ਨਾਲ ਹਮਲਾ ਕੀਤਾ ਹੈ ਅਤੇ ਉਨ੍ਹਾਂ ਦਾ ਭਵਿੱਖ ਲੁੱਟ ਲਿਆ ਹੈ।