Punjab Religion

ਉਹ ਭਗਤ ਸੀ, ਪੂਰਨ ਸੀ ਤੇ ਸਿੰਘ ਸੀ, ਉਸਦਾ ਨਾਮ ਸੀ ‘ਭਗਤ ਪੂਰਨ ਸਿੰਘ’

‘ਦ ਖ਼ਾਲਸ ਬਿਊਰੋ :- ਭਗਤ ਪੂਰਨ ਸਿੰਘ ਜੀ ਭਾਈ ਘਨੱਈਆ ਜੀ ਦੇ ਮਾਰਗ ‘ਤੇ ਚੱਲਦੇ ਹੋਏ ਸਿੱਖ ਧਰਮ ਦੇ ਅਸੂਲਾਂ ਨੂੰ ਸਹੀ ਅਰਥਾਂ ‘ਚ ਆਪਣੇ ਜੀਵਨ ਵਿੱਚ ਢਾਲਣ ਵਾਲੇ ਅਤੇ ਬੇਆਸਰੇ ਰੋਗੀਆਂ, ਅਨਾਥਾਂ, ਗ਼ਰੀਬਾਂ, ਅਪਾਹਜਾਂ ਅਤੇ ਦੀਨ-ਦੁਖੀਆਂ ਦੀ ਸੇਵਾ ਨੂੰ ਸਮਰਪਿਤ ਸਨ। ਭਗਤ ਪੂਰਨ ਸਿੰਘ ਜੀ ਦਾ ਜਨਮ 4 ਜੂਨ, 1904 ਨੂੰ ਪੰਜਾਬ ਦੇ ਪਿੰਡ ਰਾਜੇਵਾਲ ਰੋਹਣੋ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਛਿੱਬੂ ਮੱਲ ਸ਼ਾਹੂਕਾਰ ਦੇ ਘਰ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਹੋਇਆ। ਇਸ ਦਰਵੇਸ਼ੀ ਰੂਹ ਦਾ ਪਹਿਲਾ ਨਾਮ ਮਾਪਿਆਂ ਨੇ ਰਾਮ ਜੀ ਦਾਸ ਰੱਖਿਆ। ਇਸ ਰੂਹ ਨੂੰ ਸਾਰਾ ਸੰਸਾਰ ਹੁਣ ਭਗਤ ਪੂਰਨ ਸਿੰਘ ਦੇ ਨਾਮ ਨਾਲ ਪਛਾਣਦਾ ਹੈ।

ਭਗਤ ਪੂਰਨ ਸਿੰਘ ਜੀ ਦੇ ਪਿਤਾ ਛਿੱਬੂ ਮੱਲ ਇੱਕ ਅਮੀਰ ਖੱਤਰੀ ਵਪਾਰੀ ਸੀ। ਉਸ ਦਾ ਵਪਾਰ 1913 ਵਿੱਚ ਪਏ ਕਾਲ ਵਿੱਚ ਤਬਾਹ ਹੋ ਗਿਆ ਸੀ ਜਿਸ ਨਾਲ ਪਰਿਵਾਰ ‘ਤੇ ਆਰਥਿਕ ਸੰਕਟ ਆ ਗਿਆ। ਮਾਤਾ ਮਹਿਤਾਬ ਕੌਰ ਜੀ ਦਾ ਸੁਪਨਾ ਭਗਤ ਪੂਰਨ ਸਿੰਘ ਜੀ ਨੂੰ ਦਸਵੀਂ ਪੜ੍ਹਾਉਣਾ ਸੀ ਪਰ ਤੰਗੀਆਂ ਤੁਰਸ਼ੀਆਂ ਨੇ ਉਨ੍ਹਾਂ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਸੀ। ਸਿਰੜ ਵਿੱਚ ਪੱਕੀ ਮਾਂ ਮਹਿਤਾਬ ਕੌਰ ਨੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਫੀਸ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ। ਭਗਤ ਪੂਰਨ ਸਿੰਘ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਖੰਨੇ ਦੇ ਐਂਗਲੋ ਸੰਸਕ੍ਰਿਤ ਸਕੂਲ ਤੋਂ ਪ੍ਰਾਪਤ ਕੀਤੀ ਪਰ ਉਹ ਆਪਣੀ ਮਾਂ ਦਾ ਦਸਵੀਂ ਪਾਸ ਦਾ ਸੁਪਨਾ ਪੂਰਾ ਨਾ ਕਰ ਸਕੇ।ਉਹ ਸਕੂਲੀ ਪੜ੍ਹਾਈ ਵਿੱਚ ਭਾਵੇਂ ਮਨ ਨਾ ਲਗਾ ਸਕੇ ਪਰ ਗਿਆਨ ਦੀ ਪਿਆਸ ਉਨ੍ਹਾਂ ਅੰਦਰ ਬਹੁਤ ਸੀ। ਲਾਹੌਰ ਤੇ ਅੰਮ੍ਰਿਤਸਰ ਦੀਆਂ ਲਾਇਬ੍ਰੇਰੀਆ ਤੋਂ ਉਨ੍ਹਾਂ ਬਹੁਮੁੱਲਾ ਗਿਆਨ ਦਾ ਭੰਡਾਰ ਗ੍ਰਹਿਣ ਕੀਤਾ। ਸਵੈ-ਪੜ੍ਹਾਈ ਦੇ ਨਾਲ ਉਨ੍ਹਾਂ ਲਾਹੌਰ ਵਿੱਚ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ।ਹਿੰਦੂ ਪਰਿਵਾਰ ਵਿੱਚ ਪੈਦਾ ਹੋਇਆ ਰਾਮ ਜੀ ਦਾਸ ਸਿੱਖ ਧਰਮ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਸ ਨੇ ਸਿੱਖੀ ਸਰੂਪ ਧਾਰਨ ਕਰ ਲਿਆ।

ਦੇਸ਼ ਵੰਡ ਤੋਂ ਪਹਿਲਾਂ ਦੀ ਅਸਾਵੀਂ ਸਮਾਜਿਕ ਸਥਿਤੀ ਅਤੇ ਦੇਸ਼ ਵੰਡ ਸਮੇਂ ਹੋਏ ਮਨੁੱਖਤਾ ਦੇ ਘਾਣ ਨੇ ਪੂਰਨ ਸਿੰਘ ਦੇ ਮਨ ‘ਤੇ ਬਹੁਤ ਡੂੰਘਾ ਪ੍ਰਭਾਵ ਪਾਇਆ।ਸ਼ਰਨਾਰਥੀ ਕੈਂਪਾਂ ਵਿੱਚ ਰਹਿੰਦੇ ਬਿਮਾਰ, ਲਾਵਾਰਿਸ ਲੋਕਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸੰਭਾਲਦਿਆਂ ਭਗਤ ਪੂਰਨ ਸਿੰਘ ਨੇ ਭਾਈ ਘਨੱਈਆ ਜੀ ਵਾਲੀ ਭੂਮਿਕਾ ਨਿਭਾਈ। ਲਾਹੌਰ ਤੋਂ ਲੈ ਕੇ ਅੰਮ੍ਰਿਤਸਰ ਤੱਕ ਦੇ ਆਪਣੇ ਜੀਵਨ ਸਫ਼ਰ ਵਿੱਚ ਉਨ੍ਹਾਂ ਨੇ ਨਿਥਾਵਿਆਂ, ਨਿਓਟਿਆਂ ਤੇ ਨਿਆਸਰਿਆਂ ਦੀ ਹਰ ਪੱਖੋਂ ਮਦਦ ਕੀਤੀ। ਉਹ ਕਦੇ ਮਾਂ ਦੇ ਰੂਪ ਵਿੱਚ, ਕਦੇ ਪਿਤਾ ਦੇ ਰੂਪ ਵਿੱਚ ਅਤੇ ਕਦੇ ਇੱਕ ਵੱਡੇ ਭਰਾ ਵਾਂਗ ਹਰ ਵੇਲੇ ਇਨਸਾਨੀਅਤ ਦੀ ਸੇਵਾ ਲਈ ਹਾਜ਼ਰ ਰਹਿੰਦੇ ਸਨ। ਭਗਤ ਪੂਰਨ ਸਿੰਘ ਜੀ ਨੇ ਮਨੁੱਖਤਾ ਦੀ ਸੇਵਾ ਦਾ ਮੁੱਢ ਸੰਨ 1934 ਵਿੱਚ ਚਾਰ ਸਾਲ ਦੇ ਬੱਚੇ ਪਿਆਰਾ ਸਿੰਘ ਦੀ ਸੇਵਾ ਤੋਂ ਸ਼ੁਰੂ ਕੀਤਾ। ਇਸ ਅਪੰਗ ਬੱਚੇ ਨੂੰ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਦੀ ਡਿਓਢੀ ਅੱਗੇ ਕੋਈ ਛੱਡ ਗਿਆ ਸੀ।

ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਬੱਚੇ ਨੂੰ ਭਗਤ ਜੀ ਦੇ ਹਵਾਲੇ ਕਰ ਕੇ ਆਖਿਆ, ”ਪੂਰਨ ਸਿੰਘ! ਤੂੰ ਅੱਜ ਤੋਂ ਇਸ ਬੱਚੇ ਦੀ ਸੇਵਾ-ਸੰਭਾਲ ਕਰ।” ਭਗਤ ਜੀ ਲਈ ਇਹ ਬੱਚਾ ਪਿਆਰ ਦਾ ਸੋਮਾ ਹੋ ਨਿਬੜਿਆ ਤੇ ਉਸ ਦਾ ਨਾਂ ‘ਪਿਆਰਾ ਸਿੰਘ’ ਹੋ ਗਿਆ। ਭਗਤ ਪੂਰਨ ਸਿੰਘ 14 ਸਾਲ ਇਸ ਲਾਚਾਰ ਬੱਚੇ ਨੂੰ ਵੱਖ-ਵੱਖ ਥਾਵਾਂ ‘ਤੇ ਮੋਢਿਆਂ ‘ਤੇ ਚੁੱਕ ਕੇ ਫਿਰਦੇ ਰਹੇ ਕਿਉਂਕਿ ਉਸ ਵੇਲੇ ਉਨ੍ਹਾਂ ਕੋਲ ਕੋਈ ਪੱਕੀ ਜਗ੍ਹਾ ਨਹੀਂ ਸੀ। ਇਸ ਦੌਰਾਨ ਭਗਤ ਜੀ ਨੂੰ ਜੋ ਵੀ ਸਮਾਂ ਮਿਲਦਾ, ਉਹ ਵੱਖ-ਵੱਖ ਲਾਇਬ੍ਰੇਰੀਆਂ ਵਿਚ ਸਮਾਜ ਦੀਆਂ ਵੱਖ-ਵੱਖ ਸਮੱਸਿਆਵਾਂ ਦਾ ਅਧਿਐਨ ਕਰਦੇ ਅਤੇ ਉਨ੍ਹਾਂ ਦੇ ਦੁੱਖਾਂ ਦੇ ਹੱਲ ਬਾਰੇ ਸੋਚਦੇ।
ਭਗਤ ਪੂਰਨ ਸਿੰਘ ਜੀ ਨੇ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਸੰਸਥਾ ਦੀ ਨੀਂਹ ਰੱਖੀ। ਬੇਆਸਰਿਆਂ ਤੇ ਨਿਥਾਵਿਆਂ ਦੇ ਪੱਕੇ ਘਰ ਲਈ ਉਨ੍ਹਾਂ ਨੇ 6 ਮਾਰਚ 1957 ਨੂੰ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਨੂੰ ਰਜਿਸਟਰਡ ਕਰਵਾ ਲਿਆ ਸੀ। ਪਿੰਗਲਵਾੜੇ ਵਿੱਚ ਬਿਮਾਰ, ਬੇਸਹਾਰਾ, ਮੰਦਬੁੱਧੀ ਬੱਚੇ ਅਤੇ ਸਿਆਣੀ ਉਮਰ ਦੇ ਮਰਦ ਤੇ ਔਰਤਾਂ,ਭਾਵੇਂ ਉਹ ਕਿਸੇ ਵੀ ਕੌਮ ਜਾਂ ਜਾਤੀ ਨਾਲ ਸੰਬੰਧਿਤ ਹੋਣ, ਇਨ੍ਹਾਂ ਸਾਰਿਆਂ ਨੂੰ ਵੱਖਰੇ-ਵੱਖਰੇ ਵਾਰਡਾਂ ਵਿਚ ਰੱਖਿਆ ਜਾਂਦਾ ਹੈ।

ਸੇਵਾ ਦੇ ਪੁੰਜ ਦੇ ਤੌਰ ‘ਤੇ ਭਗਤ ਪੂਰਨ ਸਿੰਘ ਜੀ ਨੂੰ ਪੂਰੀ ਦੁਨੀਆ ਜਾਣਦੀ ਹੈ ਪਰ ਉਨ੍ਹਾਂ ਦੇ ਸਾਹਿਤਕਾਰ ਹੋਣ ਬਾਰੇ ਬਹੁਤ ਸਾਰੇ ਲੋਕ ਅਣਜਾਣ ਹਨ। ਉਨ੍ਹਾਂ ਦੀਆਂ ਲਿਖਤਾਂ ਨੂੰ ਆਮ ਪਾਠਕ ਰੋਜ਼ਾਨਾ ਜ਼ਿੰਦਗੀ ਦੇ ਕਾਰ-ਵਿਹਾਰ ਕਰਦੇ ਹੋਏ ਪੜ੍ਹਦੇ ਰਹਿੰਦੇ ਹਨ ਪਰ ਲਿਖਤਾਂ ਦੀ ਸਾਹਿਤਕ ਮਹੱਤਤਾ ਵੱਲ ਘੱਟ ਧਿਆਨ ਦਿੰਦੇ ਹਨ।

ਭਗਤ ਪੂਰਨ ਸਿੰਘ ਜੀ ਦੇ ਜੀਵਨ ਦਾ ਮੂਲ ਸੰਕਲਪ ਮਾਨਵ ਭਲਾਈ ਸੀ। ਆਪਣੇ ਸੰਕਲਪ ਦੀ ਪੂਰਤੀ ਲਈ ਉਨ੍ਹਾਂ ਨੇ ਕਲਮ ਤੇ ਬਾਟੇ ਦਾ ਰਾਹ ਚੁਣਿਆ। ਭਗਤ ਜੀ ਕਲਮ ਦੀ ਤਾਕਤ ਨੂੰ ਭਲੀ-ਭਾਂਤੀ ਜਾਣਦੇ ਸਨ। ਭਗਤ ਪੂਰਨ ਸਿੰਘ ਦੇ 23 ਦੇ ਕਰੀਬ ਪੁਸਤਕਾਂ ਤੇ ਕਿਤਾਬਚੇ ਪ੍ਰਕਾਸ਼ਿਤ ਹੋਏ ਹਨ,ਜਿਨ੍ਹਾਂ ਵਿੱਚ ਸਾਹਿਤ ਦੇ ਵੱਖ-ਵੱਖ ਰੂਪ ਮੌਜੂਦ ਹਨ।

ਭਗਤ ਪੂਰਨ ਸਿੰਘ ਜੀ ਨੇ ਆਪਣੇ ਸੰਦੇਸ਼ ਸਭ ਤੋਂ ਵੱਧ ਨਿਬੰਧ ਰੂਪੀ ਸਾਹਿਤ ਵਿੱਚ ਜਨ-ਸਾਧਾਰਨ ਲੋਕਾਂ ਤੱਕ ਪਹੁੰਚਾਏ ਹਨ। ਭਗਤ ਪੂਰਨ ਸਿੰਘ ਜੀ ਦੀਆਂ ਲਿਖਤਾਂ ਦੇ ਵਿਸ਼ੇ ਵਾਤਾਵਰਣ, ਵਿਹਾਰਕ ਜੀਵਨ, ਸਿਹਤ, ਨੈਤਿਕਤਾ, ਵਰਤਮਾਨ ਅਤੇ ਭਵਿੱਖ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀਆਂ ਲਿਖਤਾਂ ਦਾ ਮੂਲ ਮਨੋਰਥ ਹੀ ਮਨੁੱਖੀ ਜਾਤੀ ਦੀ ਭਲਾਈ, ਪ੍ਰਾਣੀ ਮਾਤਰ ਦੀ ਰੱਖਿਆ ਤੇ ਵਾਤਾਵਰਣ ਸੰਬੰਧੀ ਸਮੱਸਿਆਵਾਂ ਦੇ ਵਿਸ਼ੇਸ਼ ਦ੍ਰਿਸ਼ਟੀ ਤੋਂ ਹੱਲ ਪੇਸ਼ ਕਰਨਾ ਹੈ।ਭਗਤ ਪੂਰਨ ਸਿੰਘ ਨੂੰ ਹਿੰਦੀ, ਪੰਜਾਬੀ, ਉਰਦੂ ਤੇ ਅੰਗਰੇਜ਼ੀ ਜ਼ੁਬਾਨਾਂ ਦੀ ਜਾਣਕਾਰੀ ਸੀ।

ਗਿਆਨ ਪ੍ਰਾਪਤੀ ਦੀ ਚਾਹ ਨੇ ਉਨ੍ਹਾਂ ਅੰਦਰ ਕੌਮੀ ਅਤੇ ਕੌਮਾਂਤਰੀ ਵਿਦਵਾਨਾਂ ਨੂੰ ਪੜ੍ਹਨ ਦੀ ਖਿੱਚ ਪੈਦਾ ਕਰ ਦਿੱਤੀ ਸੀ। ਸਵੈ-ਸਿੱਖਿਆ ਦੀ ਰੁਚੀ ਕਾਰਨ ਉਨ੍ਹਾਂ ਦੇ ਗਿਆਨ ਭੰਡਾਰ ਵਿੱਚ ਵਾਧਾ ਹੋਇਆ। ਉਨ੍ਹਾਂ ਦੇ ਲਿਖਣ ਦਾ ਢੰਗ ਨਿਵੇਕਲਾ ਸੀ।
ਭਗਤ ਪੂਰਨ ਸਿੰਘ ਜੀ ਨੇ 6 ਮਾਰਚ 1957 ਨੂੰ ਪੂਰਨ ਪ੍ਰਿੰਟਿੰਗ ਪ੍ਰੈੱਸ ਦੀ ਸਥਾਪਨਾ ਕੀਤੀ ਸੀ। ਇੱਥੋਂ ਪ੍ਰਕਾਸ਼ਿਤ ਸਾਰਾ ਸਾਹਿਤ ਮੁਫ਼ਤ ਰੂਪ ਵਿੱਚ ਪਾਠਕਾਂ ਵਿੱਚ ਵੰਡਿਆਂ ਜਾਂਦਾ ਅਤੇ ਅੱਜ ਵੀ ਇਹ ਸੇਵਾ ਪਿੰਗਲਵਾੜਾ ਸੰਸਥਾ ਵਲੋਂ ਨਿਰੰਤਰ ਜਾਰੀ ਹੈ।।ਭਗਤ ਪੂਰਨ ਸਿੰਘ ਜੀ ਦੀ ਸੋਚ ਸੀ ਕਿ ਕੋਈ ਵੀ ਪਾਠਕ ਪੈਸੇ ਦੀ ਕਮੀ ਕਾਰਨ ਗਿਆਨ ਪ੍ਰਾਪਤੀ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੇ ਆਪਣੀ ਕਲਮ ਰਾਹੀਂ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਦਾ ਉਪਰਾਲਾ ਕੀਤਾ।

ਭਗਤ ਪੂਰਨ ਸਿੰਘ ਜੀ ਨੂੰ ਭਾਰਤ ਸਰਕਾਰ ਵੱਲੋਂ 1981 ਵਿੱਚ ‘ਪਦਮਸ਼੍ਰੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਪਰ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਉੱਪਰ ਹੋਏ ਫ਼ੌਜੀ ਹਮਲੇ ਦੇ ਰੋਸ ਵਜੋਂ ਉਨ੍ਹਾਂ ਨੇ ਇਹ ਸਨਮਾਨ ਵਾਪਸ ਕਰ ਦਿੱਤਾ ਸੀ। ਉਨ੍ਹਾਂ ਨੂੰ 1990 ਵਿਚ ‘ਹਾਰਮਨੀ ਪੁਰਸਕਾਰ’, 1991 ਵਿੱਚ ‘ਰੋਗ ਰਤਨ ਪੁਰਸਕਾਰ’ ਪ੍ਰਾਪਤ ਹੋਏ। ਪੰਜਾਬ ਵਿਰਾਸਤ ਸੰਸਥਾ ਸ਼ਿਕਾਗੋ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ।

ਸੇਵਾ ਦੇ ਪੁੰਜ, ਨਿਸ਼ਕਾਮ ਸੇਵਾ ਦੀ ਮੂਰਤ ਭਗਤ ਪੂਰਨ ਸਿੰਘ 5 ਅਗਸਤ 1992 ਨੂੰ 88 ਸਾਲ ਦੀ ਉਮਰ ਵਿੱਚ ਸੱਚ-ਖੰਡ ਜਾ ਬਿਰਾਜੇ। ਵਰਤਮਾਨ ਸਮੇਂ ਡਾ. ਇੰਦਰਜੀਤ ਕੌਰ ਦੀ ਦੇਖ-ਰੇਖ ਹੇਠ ਪਿੰਗਲਵਾੜੇ ‘ਚ ਮਰੀਜ਼ਾਂ ਦੀ ਸੇਵਾ-ਸੰਭਾਲ ਜਾਰੀ ਹੈ। ਹਰ ਸਾਲ ਸੰਸਥਾ ਦੇ ਸੇਵਾਦਾਰਾਂ ਦੁਆਰਾ ਭਗਤ ਪੂਰਨ ਸਿੰਘ ਜੀ ਦੀ ਬਰਸੀ ‘ਤੇ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਜਾਂਦੀ ਹੈ।