Khaas Lekh Punjab Religion

ਲਾਪਤਾ ਸਰੂਪਾਂ ਦਾ ਮਾਮਲਾ: ਲੌਂਗੋਵਾਲ ਦੇ ਪਿੰਡ ਲਾਇਆ ਮੋਰਚਾ, ਜਾਣੋ ਹੁਣ ਤਕ ਦੀ ਸਾਰੀ ਕਾਰਵਾਈ

‘ਦ ਖ਼ਾਲਸ ਬਿਊਰੋ ( ਗੁਰਪ੍ਰੀਤ ਕੌਰ ): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸਤਿਕਾਰ ਕਮੇਟੀ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਮੋਰਚਾ ਸਾਂਭਿਆ ਹੋਇਆ ਹੈ। ਅੱਜ ਮੰਗਲਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਲੌਂਗੋਵਾਲ ਸਥਿਤ ਮੋਰਚਾ ਲਾਇਆ ਗਿਆ। ਸੰਗਤਾਂ ਨੇ ਹੁੰਮ-ਹੁਮਾ ਕੇ ਇਸ ਧਰਨੇ ਵਿੱਚ ਸ਼ਿਰਕਤ ਕੀਤੀ।

SGPC ਦੇ ਵਿਰੋਧ ਵਿੱਚ ਲੌਂਗੋਵਾਲ ਵਿਖੇ ਸੰਗਤਾਂ ਦਾ ਇਕੱਠ

ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁਖੀ ਭਾਈ ਸੁਖਜੀਤ ਸਿੰਘ ਖੋਸੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੁਲਤਾਨਪੁਰ ਲੋਧੀ ਦੀਆਂ ਸਿੱਖ ਸੰਗਤਾਂ ਵੱਲੋਂ ਸੁਲਤਾਨਪੁਰ ਲੋਧੀ ਤੋਂ ਅੰਮ੍ਰਿਤਸਰ ਤੱਕ ਮੋਟਰਸਾਈਕਲ ਮਾਰਚ ਵੀ ਕੱਢਿਆ ਗਿਆ।

ਸਤਿਕਾਰ ਕਮੇਟੀ ਵੱਲੋਂ ਕੱਢੇ ਗਏ ਮੋਟਰ ਸਾਈਕਲ ਮਾਰਚ ਦਾ ਦ੍ਰਿਸ਼ਸਿੱਖ ਜਥੇਬੰਦੀਆਂ ਵਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਗਾਇਬ ਹੋਇਆ ਸਰੂਪਾਂ ਦੇ ਮਾਮਲੇ ’ਚ ਧੰਨ ਧੰਨ ਬਾਬਾ ਬੁੱਢਾ ਸਾਹਿਬ ਗ੍ਰੰਥੀ ਸਭਾ ਵੱਲੋਂ ਵੀ ਬਟਾਲਾ ਦੀਆਂ ਸੜਕਾਂ ’ਤੇ 19 ਸਤੰਬਰ ਸ਼ਨੀਵਾਰ ਨੂੰ ਰੋਸ ਮਾਰਚ ਕੱਢਿਆ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ੀਆਂ ਖਿਲਾਫ ਅਪਰਾਧਿਕ ਮਾਮਲੇ ਦਰਜ ਹੋਣ ਦੀ ਮੰਗ ਕੀਤੀ ਸਖ਼ਤ ਕਾਰਵਾਈ ਹੋਣ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।

ਦੱਸ ਦੇਈਏ ਮਾਮਲਾ ਸਾਹਮਣੇ ਆਉਣ ਬਾਅਦ 14 ਸਤੰਬਰ ਤੋਂ ਹੀ ਸਤਿਕਾਰ ਕਮੇਟੀ ਸਮੇਤ 10 ਹੋਰ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ (ਅੰਮ੍ਰਿਤਸਰ) ਵਿੱਚ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਅੰਤ੍ਰਿਗ ਕਮੇਟੀ ਨੂੰ ਦੋਸ਼ੀ ਕਰਾਰ ਦਿੰਦਿਆਂ ਅਸਤੀਫ਼ੇ ਦੀ ਮੰਗ ਕੀਤੀ ਹੈ।

SGPC ਦਫ਼ਤਰ ਬਾਹਰ ਸੰਗਤਾਂ ਦਾ ਮੋਰਚਾ

ਕੀ ਹੈ ਲਾਪਤਾ ਸਰੂਪਾਂ ਦਾ ਪੂਰਾ ਮਾਮਲਾ ?

ਦਰਅਸਲ ਮਿਤੀ 19-05-2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ਼ਾਟ ਸਰਕਟ ਹੋਣ ਕਰਕੇ ਪਾਵਨ ਸਰੂਪਾਂ ਦੀ ਬੇਅਦਬੀ ਹੋਣ ਦੀ ਘਟਨਾ ਵਾਪਰੀ ਸੀ। ਦੱਸ ਦੇਈਏ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਕੀਤੀ ਜਾਂਦੀ ਹੈ। ਇਹ ਦੁਨੀਆ ਦਾ ਇਕਲੌਤਾ ਪਬਲੀਕੇਸ਼ਨ ਬਿਊਰੋ ਹੈ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਛਾਪਣ ਦੀ ਇਜਾਜ਼ਤ ਹੈ ਤੇ SGPC ਦੇ ਅਧੀਨ ਇਹ ਸਰੂਪ ਛਾਪੇ ਜਾਂਦੇ ਹਨ। 2016 ਵਿੱਚ ਅੱਗ ਲੱਗਣ ਦੀ ਘਟਨਾ ਦੌਰਾਨ SGPC ਨੇ ਦਾਅਵਾ ਕੀਤਾ ਸੀ ਕਿ ਘਟਨਾ ਦੌਰਾਨ 14 ਪਾਵਨ ਸਰੂਪ ਨੁਕਸਾਨੇ ਗਏ, ਜਿਨ੍ਹਾਂ ਵਿੱਚੋਂ 5 ਅੱਗ ਦੀ ਭੇਟ ਚੜ੍ਹ ਗਏ ਤੇ 9 ਸਰੂਪ ਅੱਗ ਬੁਝਾਉਣ ਦੌਰਾਨ ਪਾਣੀ ਛਿੜਕੇ ਜਾਣ ਕਰਕੇ ਨੁਕਸਾਨੇ ਗਏ। ਨੁਕਸਾਨੇ ਗਏ ਸਰੂਪਾਂ ਦਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਸਕਾਰ ਕਰ ਦਿੱਤਾ ਗਿਆ। ਇਸ ਮਗਰੋਂ ਇਹ ਮਾਮਲਾ ਰਫ਼ਾ-ਦਫ਼ਾ ਹੋ ਗਿਆ।

ਸਾਬਕਾ ਸੁਪਰਵਾਈਜ਼ਰ ਨੇ ਖੋਲ੍ਹੇ ਰਾਜ਼

2016 ਦੀ ਘਟਨਾ ਮਗਰੋਂ ਹੁਣ ਲਗਪਗ 4 ਸਾਲ ਬਾਅਦ 2020 ਵਿੱਚ ਜਦੋਂ ਪਬਲੀਕੇਸ਼ਨ ਬਿਊਰੋ ਦੇ ਸੁਪਰਵਾਈਜ਼ਰ ਕੰਵਰਜੀਤ ਸਿੰਘ ਦੀ ਰਿਟਾਇਰਮੈਂਟ ਦਾ ਸਮਾਂ ਆਇਆ ਤਾਂ ਇਹ ਮਾਮਲਾ ਫਿਰ ਭਖ ਗਿਆ। ਰਿਟਾਇਰਮੈਂਟ ਤੋਂ ਬਾਅਦ ਸਾਬਕਾ ਸੁਪਰਵਾਈਜ਼ਰ ਨੇ SGPC ਪ੍ਰਧਾਨ ਨੂੰ ਚਿੱਠੀ ਲਿਖ ਕਿ ਜਾਣੂ ਕਰਵਾਇਆ ਕਿ 2016 ਵਿੱਚ ਅੱਗ ਲੱਗਣ ਦੀ ਘਟਨਾ ਦੌਰਾਨ ਸਿਰਫ਼ 14 ਸਰੂਪ ਨਹੀਂ, ਬਲਕਿ 80 ਸਰੂਪਾਂ ਦੀ ਬੇਅਦਬੀ ਹੋਈ ਸੀ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਪਬਲੀਕੇਸ਼ਨ ਵਿਭਾਗ ਵਿੱਚੋਂ ਵੱਡੀ ਤਾਦਾਦ ’ਚ ਸਰੂਪ ਗ਼ਾਇਬ ਹਨ ਜਿੰਨ੍ਹਾਂ ਦਾ ਕਿਤੇ ਰਿਕਾਰਡ ਨਹੀਂ। ਉਨ੍ਹਾਂ ਲਿਖਿਆ ਸੀ ਕਿ ਕੁੱਲ 267 ਸਰੂਪ ਘੱਟ ਸਨ। ਉਨ੍ਹਾਂ ਦੇ ਇਸ ਖ਼ੁਲਾਸੇ ਤੋਂ ਬਾਅਦ ਇਹ ਮਾਮਲਾ ਸੁਰਖ਼ੀਆਂ ਵਿੱਚ ਆਉਣ ਲੱਗਾ।

ਕੰਵਲਜੀਤ ਸਿੰਘ ਨੇ ਇੱਕ ਲਿਖਤੀ ਬਿਆਨ ਵਿੱਚ ਦਾਅਵਾ ਕੀਤਾ ਹੈ ਕਿ ਉਸ ਨੇ ਅਜਿਹੀਆਂ ਕੱਚੀਆਂ ਪਰਚੀਆਂ ਦਾ ਰਿਕਾਰਡ ਸੰਭਾਲ ਕੇ ਰੱਖਿਆ ਹੋਇਆ ਹੈ। ਉਸ ਨੇ ਆਪਣੇ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਕਈ ਉੱਚ ਅਧਿਕਾਰੀਆਂ ਦੇ ਨਾਂਵਾਂ ਦਾ ਵੀ ਖ਼ੁਲਾਸਾ ਕੀਤਾ ਜਿਨ੍ਹਾਂ ਦੀ ਸਿਫਾਰਸ਼ ’ਤੇ ਪਾਵਨ ਸਰੂਪ ਅਗਾਂਹ ਦਿੱਤੇ ਸਨ। ਇਨ੍ਹਾਂ ਵਿੱਚ ਸਾਬਕਾ ਤੇ ਮੌਜੂਦਾ ਅਧਿਕਾਰੀਆ ਦੇ ਨਾਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਦੋਂ ਪਬਲੀਕੇਸ਼ਨ ਵਿਭਾਗ ਵਿੱਚ ਅੱਗ ਲਗੀ ਸੀ, ਉਸ ਵੇਲੇ ਉਨ੍ਹਾਂ ਨੂੰ ਵੀ ਮਾਮਲੇ ਤੋਂ ਪਛਾਂਹ ਰੱਖਿਆ ਗਿਆ ਸੀ।

ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦਾ ਖ਼ੁਲਾਸਾ

ਸਾਬਕਾ ਸਕੱਤਰ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਕਈ ਰਾਜ਼ ਖੋਲ੍ਹੇ। ਉਨ੍ਹਾਂ ਵੀ ਦੱਸਿਆ ਕਿ SGPC ਦੇ ਪਬਲੀਕੇਸ਼ਨ ਵਿਭਾਗ ਵਿੱਚੋਂ ਬਹੁਤ ਸਾਰੇ ਸਰੂਪਾਂ ਦਾ ਰਿਕਾਰਡ ਨਹੀਂ, ਜੋ ਹੇਰਾਫੇਰੀ ਨਾਲ ਸੰਗਤ ਨੂੰ ਦੇ ਦਿੱਤੇ ਜਾਂਦੇ ਹਨ। ਉਨ੍ਹਾਂ ਦੇ ਇਸ ਖ਼ੁਲਾਸੇ ਨਾਲ ਸੰਗਤਾਂ SGPC ਤੋਂ ਹੋਰ ਨਾਰਾਜ਼ ਹੋ ਗਈਆਂ।

ਇਸ ਤੋਂ ਇਲਾਵਾ ਕਈ ਹੋਰ ਵੀ ਖ਼ੁਲਾਸੇ ਹੋਏ ਜਿਸ ਨਾਲ ਸੰਗਤਾਂ ਵਿੱਚ ਰੋਸ ਹੋਰ ਵਧ ਗਿਆ। ਕੈਨੇਡਾ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਭੇਜੇ 450 ਦੇ ਕਰੀਬ ਸਰੂਪਾਂ ਦਾ ਮਾਮਲਾ ਵੀ ਭਖਿਆ। ਇਲਜ਼ਾਮ ਹੈ ਕਿ SGPC ਵੱਲੋਂ ਕੈਨੇਡਾ ’ਚ 400 ਤੋਂ ਵੱਧ ਪਾਵਨ ਸਰੂਪ ਭੇਜੇ ਗਏ ਸਨ। ਪਰ ਸਰੂਪਾਂ ਨੂੰ ਸਮੁੰਦਰ ਕੰਢੇ ਜ਼ਿਆਦਾ ਦੇਰ ਤਕ ਰੋਕੇ ਰੱਖਣ ਕਰਕੇ ਸਰੂਪ ਸਲਾਭੇ ਗਏ। ਇਸ ਨੂੰ ਸਰੂਪਾਂ ਦੀ ਬੇਅਦਬੀ ਕਰਾਰ ਦਿੱਤਾ ਗਿਆ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਵੱਡੇ ਪੱਧਰ ’ਤੇ SGPC ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਇਨਸਾਫ਼ ਦੀ ਮੰਗ ਕੀਤੀ।

SGPC ਵੱਲੋਂ ਬਚਾਅ

ਕੰਵਲਜੀਤ ਤੇ ਰਣਜੀਤ ਸਿੰਧ ਦੇ ਖ਼ੁਲਾਸਿਆਂ ਮਗਰੋਂ SGPC ਦੀ ਮੌਜੂਦਾ ਅੰਤ੍ਰਿਗ ਕਮੇਟੀ ਨੇ ਪ੍ਰੈਸ ਕਾਨਫ਼ਰੰਸ ਕੀਤੀ ਅਤੇ 2016 ਵਿੱਚ ਵਾਪਰੀ ਘਟਨਾ ਬਾਰੇ ਜਾਣੂ ਕਰਵਾਇਆ। SGPC ਨੇ ਆਪਣਾ ਪੱਖ ਰੱਖਦਿਆਂ ਫੇਰ ਦਾਅਵਾ ਕੀਤਾ ਕਿ ਸਿਰਫ਼ 14 ਸਰੂਪ ਹੀ ਨੁਕਸਾਨੇ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਪਬਲੀਕੇਸ਼ਨ ਵਿਭਾਗ ਵਿੱਚੋਂ ਸਰੂਪ ਗਾਇਬ ਨਹੀਂ ਹੋਏ, ਬਲਕਿ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਮਾਮਲਾ ਇੰਨਾ ਭਖ ਗਿਆ ਕਿ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਇਹ ਮਸਲਾ ਸੁਲਝਾਉਣ ਦੀ ਅਪੀਲ ਕਰ ਦਿੱਤੀ।

ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਮਾਮਲੇ ਦੀ ਜਾਂਚ

ਲੌਂਗੋਵਾਲ ਦੀ ਅਪੀਲ ਤੋਂ ਬਾਅਦ ਜਥੇਦਾਰ ਹਰਪ੍ਰੀਤ ਸਿੰਘ ਨੇ ਮਾਮਲੇ ਦੇ ਹੱਲ ਲਈ ਇੱਕ ਜਾਂਚ ਕਮੇਟੀ ਗਠਿਤ ਕੀਤੀ। ਪਹਿਲਾਂ ਹਾਈ ਕੋਰਟ ਦੀ ਜੱਜ ਨਵਿਤਾ ਸਿੰਘ ਦੀ ਅਗਵਾਈ ਹੇਠ 3 ਮੈਂਬਰੀ ਕਮੇਟੀ ਬਣਾਈ ਗਈ। ਪਰ ਨਵਿਤਾ ਸਿੰਘ ਦੇ ਮਾਮਲੇ ਤੋਂ ਪਿਛਾਂਹ ਹਟਣ ਬਾਅਦ ਐਡਵੋਕੇਟ ਈਸ਼ਰ ਸਿੰਘ ਨੇ ਜਾਂਚ ਕਮੇਟੀ ਦੀ ਅਗਵਾਈ ਕੀਤੀ। ਇਸ ਜਾਂਚ ਕਮੇਟੀ ਦੀ ਰਿਪੋਰਟ ਆਉਣ ਬਾਅਦ ਜਥੇਦਾਰ ਨੇ ਖ਼ੁਲਾਸਾ ਕੀਤਾ ਕਿ 267 ਨਹੀਂ, ਬਲਕਿ ਪਬਲੀਕੇਸ਼ ਵਿਭਾਗ ਵਿੱਚੋਂ 328 ਸਰੂਪ ਗ਼ਾਇਬ ਹਨ। ਉਨ੍ਹਾਂ ਮੰਨਿਆ ਕਿ SGPC ਦੇ ਕਰਮਚਾਰੀਆਂ ਦੀ ਪੂਰੀ ਅਣਗਹਿਲੀ ਸਾਹਮਣੇ ਆਈ ਹੈ।

ਜਥੇਦਾਰ ਦੇ ਕਹਿਣ ’ਤੇ SGPC ਦੇ ਅਹੁਦੇਦਾਰਾਂ ’ਤੇ ਕਾਰਵਾਈ ਕੀਤੀ ਗਈ ਅਤੇ 18 ਸਤੰਬਰ ਨੂੰ 2016 ਤੇ ਮੌਜੂਦਾ ਅੰਤ੍ਰਿਗ ਕਮੇਟੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤਲਬ ਕੀਤਾ ਗਿਆ। ਪਰ ਹੁਣ ਵੱਡਾ ਸਵਾਲ ਇਹ ਉੱਠਦਾ ਹੈ ਕਿ 328 ਸਰੂਪ ਜੋ ਪਬਲੀਕੇਸ਼ ਵਿਭਾਗ ਵਿੱਚੋਂ ਲਾਪਤਾ ਹਨ, ਉਹ ਆਖ਼ਰ ਕਿੱਥੇ ਹਨ? ਜਾਂਚ ਰਿਪੋਰਟ ਵਿੱਚ ਵੀ ਇਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ।

ਜਾਂਚ ਰਿਪੋਰਟ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਕਾਰਵਾਈ

ਘਟਨਾ ਦੀ ਜਾਂਚ ਰਿਪੋਰਟ ਆਉਣ ਪਿੱਛੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਅਤੇ ਉਨ੍ਹਾਂ ’ਤੇ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ। ਸੇਵਾ ਮੁਕਤ ਹੋ ਚੁੱਕੇ ਸਹਾਇਕ ਸੁਪਰਵਾਈਸਰ ਕੰਵਰਜੀਤ ਸਿੰਘ ਦੇ ਫੰਡ ਰਿਲੀਜ਼ ਕਰਨ ’ਤੇ ਰੋਕ ਲਾਈ ਗਈ ਅਤੇ ਉਨ੍ਹਾਂ ਖ਼ਿਲਾਫ਼ ਫੌਜਦਾਰੀ ਅਤੇ ਧੋਖਾਧੜੀ ਦਾ ਮਾਮਲਾ ਦਰਜ ਕਰਾਉਣ ਲਈ ਕਿਹਾ ਗਿਆ। ਕਲਰਕ ਬਾਜ ਸਿੰਘ, ਮੀਤ ਸਕੱਤਰ ਗੁਰਬਚਨ ਸਿੰਘ, ਹੈਲਪਰ ਦਲਬੀਰ ਸਿੰਘ ਅਤੇ ਸਹਾਇਕ ਅਕਾਊਂਟੈਂਟ ਜੁਝਾਰ ਸਿੰਗ ਨੂੰ ਡਿਸਮਿਸ ਕਰਕੇ ਉਨ੍ਹਾਂ ਖ਼ਿਲਾਫ਼ ਫੌਜਦਾਰੀ ਮੁਕੱਦਮਾ ਦਰਜ ਕਰਾਉਣ ਲਈ ਕਿਹਾ ਗਿਆ।

ਕੁਲਵੰਤ ਸਿੰਘ ਅਤੇ ਜਸਪ੍ਰੀਤ ਸਿੰਘ ਜਿਲਦਸਾਜ਼ ਦਾ ਜਿਲਦਾਂ ਦਾ ਠੇਕਾ ਰੱਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਬਲੈਕ ਲਿਸਟ ਕੀਤਾ ਗਿਆ। ਮੀਤ ਸਕੱਤਰ ਫਾਈਨੈਂਸ ਸਤਿੰਦਰ ਸਿੰਘ ਤੇ ਮੀਤ ਸਕੱਤਰ ਨਿਸ਼ਾਨ ਸਿੰਘ ਨੂੰ ਬਰਖ਼ਾਸਤ ਕਰਕੇ ਵਿਭਾਗੀ ਕਾਰਵਾਈ ਸ਼ੁਰੂ ਕਰਨ ਦੇ ਹੁਕਮ ਹੋਏ। ਇਸ ਦੇ ਨਾਲ ਹੀ ਧਰਮ ਪ੍ਰਚਾਰ ਸਕੱਤਰ ਮਨਜੀਤ ਸਿੰਘ ਨੂੰ ਸਸਪੈਂਡ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਹੋਈ। ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਹੋਇਆ।

ਇਸ ਤੋਂ ਇਲਾਵਾ ਸੀਏ ਸਤਿੰਦਰ ਸਿੰਘ ਕੋਹਲੀ ਦੀਆਂ ਸੇਵਾਵਾਂ ਖ਼ਤਮ ਕਰਨ ਅਤੇ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ 75% ਰਿਕਵਰੀ ਕਰਨ ਦੀ ਕਾਨੂੰਨੀ ਕਾਰਵਾਈ ਦਾ ਫ਼ੈਸਲਾ ਲਿਆ ਗਿਆ। ਅਮਰਜੀਤ ਸਿੰਘ ਸੇਵਾਦਾਰ ਅੰਗੀਠਾ ਸਾਹਿਬ ਗੋਇੰਦਵਾਲ ਸਾਹਿਬ ਦੀਆਂ ਸੇਵਾਵਾਂ ਖ਼ਤਮ ਕਰਨ ਕਰਨ, ਪਰਮਜੀਤ ਸਿੰਘ ਇੰਚਾਰਜ ਨੂੰ ਸਸਪੈਂਡ ਕਰਨ ਤੇ ਉਨ੍ਹਾਂ ਖ਼ਿਲਾਫ਼ ਅਗਲੇਰੀ ਵਿਭਾਗੀ ਕਾਰਵਾਈ ਕਰਨ, ਗੁਰਮੁਖ ਸਿੰਘ ਸੁਪਰਵਾਈਜ਼ਰ ਨੂੰ ਸਸਪੈਂਡ ਤੇ ਉਨ੍ਹਾਂ ਖ਼ਿਲਾਫ਼ ਅਗਲੇਰੀ ਵਿਭਾਗੀ ਕਾਰਵਾਈ ਕਰਨ ਦਾ ਫੈਸਲਾ ਹੋਇਆ।

ਜਥੇਦਾਰ ਵੱਲੋਂ SGPC ਦੇ ਅਹੁਦੇਦਾਰਾਂ ’ਤੇ ਕਾਰਵਾਈ

2016 ਵਿੱਚ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਸਬੰਧੀ ਤਤਕਾਲੀ ਅੰਤ੍ਰਿਗ ਕਮੇਟੀ ਦੇ ਅਹੁਦੇਦਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤਲਬ ਕੀਤਾ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 18 ਸਤੰਬਰ ਨੂੰ ਸੰਗਤਾਂ ਦੀ ਹਾਜ਼ਰੀ ਵਿੱਚ SGPC ਤਤਕਾਲੀ ਤੇ ਮੌਜੂਦਾ ਅਹੁਦੇਦਾਰਾਂ ਨੂੰ ਅਣਗਹਿਲੀ ਵਰਤਣ ਲਈ ਧਾਰਮਿਕ ਸਜ਼ਾ ਦਿੱਤੀ। ਸ਼੍ਰੋਮਣੀ ਕਮੇਟੀ ਦੇ ਮੁਖੀ ਅਤੇ ਕਾਰਜਕਾਰੀ ਮੈਂਬਰ ਆਪਣੀ ਲਾਪ੍ਰਵਾਹੀ ਲਈ ਮੁਆਫੀ ਮੰਗਣ ਲਈ ਹੱਥ ਜੋੜ ਕੇ ਸੰਗਤ ਅੱਗੇ ਪੇਸ਼ ਹੋਏ। ਇਸ ਮੌਕੇ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤ ਅੱਗੇ ਮੰਨਿਆ ਕਿ ਉਨ੍ਹਾਂ ਦੀ ਗ਼ਲਤੀ ਸੀ।

ਸਾਬਕਾ ਅੰਤ੍ਰਿਗ ਕਮੇਟੀ ਮੈਂਬਰਾਂ ਨੂੰ ‘ਤਨਖ਼ਾਹ’

2016 ਦੀ ਘਟਨਾ ਦੇ ਮਾਮਲੇ ਵਿੱਚ ਤਤਕਾਲੀ ਅੰਤ੍ਰਿਗ ਕਮੇਟੀ ਦੇ ਮੈਂਬਰਾਂ ਨੂੰ ਤਨਖ਼ਾਹ (ਧਾਰਮਿਕ ਸਜ਼ਾ) ਲਾਉਂਦਿਆ ਜਥੇਦਾਰ ਹਰਪ੍ਰੀਤ ਸਿੰਘ ਨੇ ਇੱਕ ਮਹੀਨੇ ਦੇ ਅੰਦਰ ਇੱਕ ਸਹਿਜ ਪਾਠ ਆਪ ਕਰਨ ਲਈ ਕਿਹਾ। ਜਿਹੜੇ ਆਪ ਪਾਠ ਨਹੀਂ ਕਰ ਸਕਦੇ, ਉਹ ਆਪਣੇ ਘਰ ਦੇ ਵਿੱਚ ਗ੍ਰੰਥੀ ਸਿੰਘ ਪਾਸੋਂ ਪਾਠ ਆਰੰਭ ਕਰਵਾ ਕੇ ਵੱਧ ਤੋਂ ਵੱਧ ਸੁਣਨ। ਆਪਣੇ ਘਰ ਦੇ ਨੇੜੇ ਕਿਸੇ ਵੀ ਗੁਰਦੁਆਰਾ ਸਾਹਿਬ ਜਾ ਕੇ ਆਪਣੀ ਸਰੀਰਕ ਸਮਰੱਥਾ ਮੁਤਾਬਕ ਸੇਵਾ ਕਰਨ ਲਈ ਵੀ ਕਿਹਾ। ਇਸ ਤੋਂ ਇਲਾਵਾ ਜਥੇਦਾਰ ਹਰਪ੍ਰੀਤ ਸਿੰਘ ਨੇ ਕਮੇਟੀ ਦੇ ਮੈਂਬਰਾਂ ਨੂੰ ਇੱਕ ਸਾਲ ਤਕ SGPC ਦੇ ਅੰਦਰ ਕੋਈ ਵੀ ਅਹੁਦਾ ਪ੍ਰਾਪਤ ਕਰਨ ਤੋਂ ਰੋਕ ਲਾਈ ਤੇ SGPC ਨੂੰ ਵੀ ਇਸ ਹੁਕਮ ਦੀ ਪਾਲਣਾ ਕਰਨ ਦਾ ਆਦੇਸ਼ ਦਿੱਤਾ।

2016 ਦੀ ਸਾਬਕਾ SGPC ਅੰਤ੍ਰਿਗ ਕਮੇਟੀ

ਮੌਜੂਦਾ ਅੰਤ੍ਰਿਗ ਕਮੇਟੀ ਨੂੰ ਤਨਖ਼ਾਹ

ਮੌਜੂਦਾ ਅੰਤ੍ਰਿਗ ਕਮੇਟੀ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਈ। ਜਥੇਦਾਰ ਵੱਲੋਂ ਇੰਨ੍ਹਾਂ ਨੂੰ ਵੀ ਤਨਖ਼ਾਹ ਲਾਈ ਗਈ। ਤਨਖ਼ਾਹ ਲਾਉਣ ਤੋਂ ਪਹਿਲਾਂ ਜਥੇਦਾਰ ਹਰਪ੍ਰੀਤ ਸਿੰਘ ਨੇ ਕਮੇਟੀ ਦੇ ਸਾਰੇ ਅਹੁਦੇਦਾਰਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਕਰਕੇ ਆਉਣ ਨੂੰ ਕਿਹਾ। ਫਿਰ ਮੌਜੂਦਾ ਅੰਤ੍ਰਿਗ ਕਮੇਟੀ ਨੂੰ ਇੱਕ ਸ਼੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਅਤੇ ਇੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਉਣ ਦੀ ਤਨਖ਼ਾਹ ਲਾਈ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਏ ਤਾਂ ਤਿੰਨ ਦਿਨ ਜ਼ਿੰਮੇਵਾਰ ਸਮੁੱਚੇ ਮੈਂਬਰ ਅਹੁਦੇਦਾਰ ਸਾਰਾਗੜ੍ਹੀ ਨਿਵਾਸ ਤੋਂ ਲੈ ਕੇ ਡਿਉੜੀ ਤੱਕ ਇੱਕ ਘੰਟਾ ਰੋਜ਼ ਝਾੜੂ ਮਾਰਨ ਦੀ ਸੇਵਾ ਕਰਨ।

ਇਸ ਦੇ ਨਾਲ ਹੀ ਜਥੇਦਾਰ ਨੇ ਕਿਹਾ ਕਿ SGPC ਦੇ ਅਹੁਦੇਦਾਰ ਸਿਰਫ 28 ਤਰੀਕ ਦੇ ਇਜਲਾਸ ਵਾਲੇ ਦਿਨ ਨੂੰ ਛੱਡ ਕੇ ਇੱਕ ਮਹੀਨੇ ਤੱਕ ਕਿਸੇ ਵੀ ਜਨਤਕ ਸਮਾਗਮ ਵਿੱਚ ਭਾਸ਼ਣ ਨਹੀਂ ਦੇ ਸਕਦੇ। SGPC ਨੂੰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਵਿਦਵਾਨਾਂ, ਚਿੰਤਕਾਂ ਨਾਲ ਸਲਾਹ-ਮਸ਼ਵਰਾ ਕਰਨਾ ਪਵੇਗਾ।

ਧਰਨੇ ਦੌਰਾਨ ਨਿਹੰਗ ਸਿੰਘ ਦੀ ਦਸਤਾਰ ਲਾਹੁਣ ਦਾ ਮਾਮਲਾ

16 ਸਤੰਬਰ ਨੂੰ ਦਰਬਾਰ ਸਾਹਿਬ ਦੇ ਬਾਹਰ ਧਰਨੇ ਪ੍ਰਦਰਸ਼ਨ ਦੌਰਾਨ SGPC ਟਾਸਕ ਫੋਰਸ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਹੋਈ ਝੜਪ ਵਿੱਚ ਇੱਕ ਨਿਹੰਗ ਸਿੰਘ ਦੀ ਦਸਤਾਰ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਥੇਦਾਰ ਹਰਪ੍ਰੀਤ ਸਿੰਘ ਨੇ ਇਹ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਬੇਹੱਦ ਮੰਦਭਾਗੀ ਘਟਨਾ ਸੀ। ਉਨ੍ਹਾਂ ਇਸ ਮਾਮਲੇ ਵਿੱਚ SGPC ਨੂੰ ਆਦੇਸ਼ ਦਿੱਤਾ ਕਿ ਨਿਹੰਗ ਸਿੰਘ ਦੀ ਦਸਤਾਰ ਉਤਾਰਨ ਵਾਲੇ ਜ਼ਿੰਮੇਵਾਰ ਮੁਲਾਜ਼ਮਾਂ ਨੂੰ ਪੰਜ ਪਿਆਰਿਆਂ ਦੇ ਸਨਮੁੱਖ ਖਿਮਾ ਯਾਚਨਾ ਲਈ ਅੰਮ੍ਰਿਤ ਸੰਚਾਰ ਵਾਲੇ ਦਿਨ ਭੇਜਿਆ ਜਾਵੇ।

ਬੁਰੀ ਤਰ੍ਹਾਂ ਜ਼ਖਮੀ ਹੋਇਆ ਨਿਹੰਗ ਸਿੰਘ

ਹਾਲਾਂਕਿ, ਸਿੱਖ ਜਥੇਬੰਦੀਆਂ ਨੇ ਵੱਲੋਂ ਧਰਨਾ ਸਮਰਥਕਾਂ ਦੀ ਕੁੱਟਮਾਰ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੀ ਮੰਗ ਕਰਨ ਅਤੇ ਉਨ੍ਹਾਂ ਦੇ ਖਿਲਾਫ ਪੁਲਿਸ ਕੇਸ ਦਰਜ ਕਰਵਾਉਣ ਦੀ ਮੰਗ ਕੀਤੀ ਗਈ ਸੀ।

ਦੂਜੇ ਪਾਸੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਤਿਕਾਰ ਕਮੇਟੀਆਂ ‘ਤੇ ਗੁੰਡਾਗਰਦੀ ਦੇ ਇਲਜ਼ਾਮ ਲਗਾਏ ਸਨ। SGPC ਨੇ ਇੱਕ ਵੀਡੀਓ ਜਾਰੀ ਕਰਕੇ ਇਹ ਦਾਅਵਾ ਕੀਤਾ ਸੀ ਕਿ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਹਮਲਾ ਕੀਤਾ ਸੀ ਜਿਸ ਦੇ ਜਵਾਬ ਵਿੱਚ SGPC ਦੀ ਟਾਸਕ ਫੋਰਸ ਨੇ ਜਵਾਬੀ ਕਾਰਵਾਈ ਕੀਤੀ ਸੀ।

ਦੁਨੀਆ ਭਰ ’ਚ ਬਿਰਧ ਸਰੂਪਾਂ ਦੇ ਸਸਕਾਰ ’ਤੇ ਰੋਕ

ਇਸ ਦੇ ਨਾਲ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਾਕਾਰੀ ਜਥੇਦਾਰੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ 18 ਸਤੰਬਰ ਨੂੰ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੀ ਅੰਮ੍ਰਿਤਸਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗੀਠਾ ਅਸਥਾਨ ਖੁਸ਼ਹਾਲ (ਦੇਹਰਾਦੂਨ), ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਈ ਭਾਗੋ (ਨਵੀਂ ਦਿੱਲੀ) ਅਤੇ ਭੋਪਾਲ (ਮੱਧਪ੍ਰਦੇਸ਼) ਦੀ ਪੜਤਾਲ ਕਰਵਾਉਣ ਦਾ ਆਦੇਸ਼ ਦਿੱਤਾ। ਇਸ ਤੋਂ ਇਲਾਵਾ ਵਿਸ਼ਵਭਰ ਵਿੱਚ ਚੱਲ ਰਹੇ ਅੰਗੀਠਾ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪਾਂ ਨੂੰ ਸਸਕਾਰ ਕੀਤਾ ਜਾਂਦਾ ਹੈ, ਉਨ੍ਹਾਂ ‘ਤੇ ਵੀ ਪਾਬੰਦੀ ਲਾਉਣ ਲਈ ਕਿਹਾ।

ਸਿੱਖ ਜਥੇਬੰਦੀਆਂ ਵੱਲੋਂ ਮੁਲਜ਼ਮਾਂ ਖ਼ਿਲਾਫ਼ ਪਰਚਾ

ਸਤਿਕਾਰ ਕਮੇਟੀ ਤੇ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਪਬਲੀਕੇਸ਼ਨ ਵਿਭਾਗ ’ਚੋਂ ਲਾਪਤਾ ਹੋਏ ਸਰੂਪਾਂ ਦੇ ਮਾਮਲੇ ਦੇ ਸਬੰਧ ਵਿੱਚ 16 ਸਤੰਬਰ ਨੂੰ ਪੁਲਿਸ ਕਮਿਸ਼ਨਰ ਨੂੰ ਇੱਕ ਦਰਖ਼ਾਸਤ ਦੇ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਸਤਿਕਾਰ ਕਮੇਟੀ ਦੇ ਬਲਬੀਰ ਸਿੰਘ ਮੁੱਛਲ, ਸਿਰਲੱਥ ਖ਼ਾਲਸਾ ਦੇ ਦਿਲਬਾਗ ਸਿੰਘ, ਲੋਕ ਇਨਸਾਫ਼ ਪਾਰਟੀ ਦੇ ਜਗਜੋਤ ਸਿੰਘ ਖ਼ਾਲਸਾ ਤੇ ਵਕੀਲ ਸਿਮਰਨਜੀਤ ਸਿੰਘ ’ਤੇ ਆਧਾਰਿਤ ਵਫ਼ਦ ਨੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਲਾਪਤਾ ਸਰੂਪ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਆਗੂਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਫ਼ੌਜਦਾਰੀ ਕਾਰਵਾਈ ਕਰਨ ਦੇ ਫ਼ੈਸਲੇ ਤੋਂ ਪਿਛਾਂਹ ਹਟ ਗਈ ਹੈ। ਪੁਲਿਸ ਕਮਿਸ਼ਨਰ ਨੇ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਸਬੰਧੀ ਦਰਖ਼ਾਸਤ ਆਉਣ ਤੋਂ ਬਾਅਦ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।

ਸ਼੍ਰੋਮਣੀ ਕਮੇਟੀ ਦੇ ਸੀਨੀਅਰ ਪ੍ਰਧਾਨ ਦਾ ਅਸਤੀਫ਼ਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। 2016 ‘ਚ ਰਜਿੰਦਰ ਸਿੰਘ ਮਹਿਤਾ ਅੰਤ੍ਰਿਗ ਕਮੇਟੀ ਮੈਂਬਰ ਸਨ। ਸ਼੍ਰੀ ਅਕਾਲ ਤਖ਼ਤ ਸਾਹਿਬ ਦੁਆਰਾ 2016 ਦੀ ਅੰਤ੍ਰਿਮ ਕਮੇਟੀ ਨੂੰ ਸੁਣਾਈ ਗਈ ਧਾਰਮਿਕ ਦ੍ਰਿੜ੍ਹਤਾ ਮੁਤਾਬਕ ਕਮੇਟੀ ਦਾ ਕੋਈ ਵੀ ਮੈਂਬਰ ਇੱਕ ਸਾਲ ਤੱਕ ਕੋਈ ਅਹੁਦਾ ਨਹੀਂ ਸੰਭਾਲ ਸਕੇਗਾ। ਇਸੇ ਕਾਰਨ ਭਾਈ ਰਜਿੰਦਰ ਸਿੰਘ ਮਹਿਤਾ ਹੁਣ ਅੰਤ੍ਰਿਗ ਕਮੇਟੀ ਵਿੱਚ ਸੀਨੀਅਰ ਮੁਖੀ ਵਜੋਂ ਸੇਵਾ ਨਿਭਾਅ ਰਹੇ ਹਨ, ਜੋ ਕਿ ਹੁਣ ਉਨ੍ਹਾਂ ਨੇ ਇਹ ਅਹੁਦਾ ਛੱਡ ਦਿੱਤਾ ਹੈ।

ਮੁੱਖ ਸਕੱਤਰ (SGPC) ਡਾ. ਰੂਪ ਸਿੰਘ ਦਾ ਅਸਤੀਫ਼ਾ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ SGPC ਦੇ ਮੁੱਖ ਸਕੱਤਰ ਰੂਪ ਸਿੰਘ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਸਬੰਧੀ ਸਪੱਸ਼ਟੀਕਰਨ ਦਿੰਦਆਂ ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਹੋਣ ਕਰਕੇ ਉਨ੍ਹਾਂ ਇਖ਼ਲਾਕੀ ਜ਼ਿੰਮੇਵਾਰੀ ਮੰਨ ਕੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਦੋਸ਼ੀ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਹਰ ਤਰ੍ਹਾਂ ਦੀ ਪੜਤਾਲ ’ਚ ਸਹਿਯੋਗ ਦਿੱਤਾ ਹੈ ਤੇ ਅੱਗੇ ਵੀ ਦੇਣਗੇ। ਕੈਨੇਡਾ ਜਾਣਾ ਉਨ੍ਹਾਂ ਦੀ ਪਰਿਵਾਰਿਕ ਮਜਬੂਰੀ ਸੀ ਜਿਸ ਲਈ ਮਾਰਚ ਮਹੀਨੇ ਤੋਂ ਯਤਨਸ਼ੀਲ ਸਨ। ਉਨ੍ਹਾਂ ਕਿਹਾ ਕਿ ਇਕਾਂਤਵਾਸ ਖ਼ਤਮ ਹੁੰਦਿਆ ਉਹ ਸਭ ਕੁੱਝ ਸਪੱਸ਼ਟ ਕਰਨਗੇ ਤੇ ਜਲਦੀ ਹੀ ਸੱਚ ਸਭ ਦੇ ਸਾਹਮਣੇ ਆਵੇਗਾ।

ਲੌਂਗੋਵਾਲ ਦਾ ਹੈਰਾਨੀਜਨਕ ਦਾਅਵਾ- ਪਾਵਨ ਸਰੂਪ ਗੁੰਮ ਨਹੀਂ ਹੋਏ

ਇੱਕ ਨਿਊਜ਼ ਚੈਨਲ ‘ਤੇ ਗੱਲਬਾਤ ਕਰਦਿਆਂ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਪਾਵਨ ਸਰੂਪ ਗੁੰਮ ਨਹੀਂ ਹੋਏ ਹਨ। ਪਾਵਨ ਸਰੂਪ ਗੁੰਮ ਨਹੀਂ ਹੋਏ ਤੇ ਰਿਕਾਰਡ ਨਾਲ ਹੇਰਾ-ਫੇਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।

ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਸੰਬੰਧੀ ਰਿਪੋਰਟ ਦੇ ਪਹਿਲੇ ਪੰਨੇ ‘ਚ ਸਾਫ਼-ਸਾਫ਼ ਲਿਖਿਆ ਹੈ ਕਿ “ਇਹ ਸਰੂਪ ਸੰਗਤਾਂ ਨੂੰ ਦਿੱਤੇ ਗਏ ਹਨ ਤੇ ਬਣਦੀ ਭੇਟਾਂ ਜਮਾਂ ਨਹੀਂ ਕਰਵਾਈ ਗਈ। ਇਸ ਤੋਂ ਸਪੱਸ਼ਟ ਹੈ ਕਿ ਸਰੂਪ ਕੋਈ ਗੁੰਮੇ ਨਹੀਂ ਹਨ, ਉਹ ਸੰਗਤਾਂ ਕੋਲ ਗਏ ਹਨ ਅਤੇ ਸਿਰਫ ਭੇਟਾਂ ਜਾਂ ਪੈਸੇ ਖਾਣ ਪਿੱਛੇ ਸਾਰਾ ਕੁੱਝ ਵਾਪਰਿਆ ਹੈ। ਸੋ, ਸੰਗਤਾਂ ਵਿੱਚ ਸਰੂਪ ਗੁੰਮਣ ਦੀ ਗੱਲ ਵਿਰੋਧੀਆਂ ਵੱਲੋ ਜਾਣ ਬੁੱਝ ਕੇ ਫੈਲਾਈ ਜਾ ਰਹੀ ਹੈ।”

ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਦਾ ਲੌਂਗੋਵਾਲ ’ਤੇ ਨਿਸ਼ਾਨਾ

ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ‘ਤੇ SGPC ਦੀ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਅੰਤ੍ਰਿਗ ਕਮੇਟੀ ਉੱਪਰ ਵੱਡੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿਰਫ ਮੁੱਖ ਸਕੱਤਰ ਜਾਂ ਹੋਰ ਅਹੁਦੇਦਾਰਾਂ ਦੇ ਅਸਤੀਫ਼ੇ ਨਾਲ ਗੱਲ ਨਹੀਂ ਬਣਨੀ, ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ‘ਚ ਪ੍ਰਧਾਨ ਲੌਂਗੋਵਾਲ ਤੇ ਅੰਤ੍ਰਿਗ ਕਮੇਟੀ ਦੀ ਜ਼ਿੰਮੇਵਾਰੀ ਵੀ ਬਣਦੀ ਹੈ। ਉਨ੍ਹਾਂ ਨੂੰ ਸੰਗਤ ਸਾਹਮਣੇ ਆ ਕੇ ਇਸ ਮੁੱਦੇ ’ਤੇ ਜਵਾਬ ਦੇਣਾ ਪਵੇਗਾ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਿੱਚ ਹਰ ਫ਼ੈਸਲਾ ਲੌਂਗੋਵਾਲ ਦੇ ਹੁਕਮ ਨਾਲ ਹੁੰਦਾ ਹੈ ਜਦਕਿ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਹੁਕਮ ਨੂੰ ਲਾਗੂ ਕਰਵਾਉਂਦੇ ਹਨ। ਅਜਿਹੇ ਵਿੱਚ ਮੁੱਖ ਸਕੱਤਰ ‘ਤੇ ਕਾਰਵਾਈ ਕਰਕੇ ਪ੍ਰਧਾਨ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ਸ਼੍ਰੋਮਣੀ ਕਮੇਟੀ ਕੋਲ ਗੁਰੂ ਗ੍ਰੰਥ ਸਾਹਿਬ ਦੀ ਹਰ ਬੀੜ ਦਾ ਰਿਕਾਰਡ ਮੌਜੂਦ ਹੁੰਦਾ ਹੈ। ਪ੍ਰਧਾਨ ਨੂੰ ਸੰਗਤ ਨੂੰ ਇਹ ਗੱਲ ਦੱਸਣੀ ਪਵੇਗੀ ਕਿ ਇਹ ਪਾਵਨ ਸਰੂਪ ਆਖ਼ਰ ਕਿੱਥੇ ਗਏ?