Punjab

328 ਪਾਵਨ ਸਰੂਪ ਮਾਮਲਾ: ਸਿੱਖ ਜਥੇਬੰਦੀਆਂ ਨੇ ਬਣਾਈ 7 ਮੈਂਬਰੀ ਕਮੇਟੀ, 15 ਨਵੰਬਰ ਨੂੰ ਕਰਨਗੇ ਨਵੀਂ ਰੂਪ-ਰੇਖਾ ਦਾ ਐਲਾਨ

‘ਦ ਖ਼ਾਲਸ ਬਿਊਰੋ :- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਨੇੜੇ 40 ਦਿਨ ਤੋਂ ਵੱਧ ਧਰਨਾ ਲਾਉਣ ਵਾਲੀਆਂ ਸਿੱਖ ਜਥੇਬੰਦੀਆਂ ਨੇ ਸੰਘਰਸ਼ ਲਈ ਨਵੀਂ 7 ਮੈਂਬਰੀ ਕਮੇਟੀ ਬਣਾਈ ਹੈ, ਜਿਸਨੂੰ ਪੰਥਕ ਮੋਰਚਾ ਕਮੇਟੀ ਦਾ ਨਾਂ ਦਿੱਤਾ ਗਿਆ ਹੈ। ਜਥੇਬੰਦੀਆਂ ਵੱਲੋਂ 15 ਨਵੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੋਰਚੇ ਦੀ ਨਵੀਂ ਰੂਪ-ਰੇਖਾ ਦਾ ਐਲਾਨ ਕੀਤਾ ਜਾਵੇਗਾ। ਇਹ ਫ਼ੈਸਲਾ ਪਿੰਡ ਸੁਲਤਾਨਵਿੰਡ ਵਿੱਚ ਗੁਰਦੁਆਰਾ ਅਟਾਰੀ ਸਾਹਿਬ ਵਿੱਚ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ।

ਸਤਿਕਾਰ ਕਮੇਟੀ ਦੇ ਮੁਖੀ ਭਾਈ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਖ਼ਿਲਾਫ਼ ਹੁਣ ਨਵਾਂ ਮੋਰਚਾ ਨਵੇਂ ਰੂਪ ਵਿੱਚ ਲਾਇਆ ਜਾਵੇਗਾ ਅਤੇ ਇਸ ਦਾ ਐਲਾਨ 15 ਨਵੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਮਗਰੋਂ ਕੀਤਾ ਜਾਵੇਗਾ।

ਮੋਰਚੇ ਦੇ ਨੁਮਾਇੰਦੇ ਪਿੰਡਾਂ ਵਿੱਚ ਜਾਣਗੇ ਅਤੇ ਲੋਕਾਂ ਨੂੰ ਇਸ ਸਬੰਧੀ ਲਾਮਬੰਦ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਮੇਤ ਸਿੱਖ ਸੰਸਥਾਵਾਂ ਨੂੰ ਬਾਦਲਕਿਆਂ ਦੇ ਕਬਜ਼ੇ ’ਚੋਂ ਆਜ਼ਾਦ ਕਰਵਾਉਣ ਲਈ ਪੰਥਕ ਏਕਤਾ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਥਕ ਮੋਰਚਾ ਕਮੇਟੀ ਅੱਜ ਵੀ 328 ਪਾਵਨ ਸਰੂਪਾਂ ਸਬੰਧੀ ਆਪਣੀਆਂ ਮੰਗਾਂ ’ਤੇ ਖੜ੍ਹੀ ਹੈ।