‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਗੀ ਹੋਏ ਕੁੱਝ ਮੈਂਬਰਾਂ ਨੇ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਮਈ 2016 ਵਿੱਚ ਅਗਨਭੇਂਟ ਹੋਏ ਅਤੇ ਬਿਨਾਂ ਰਿਕਾਰਡ ਤੋਂ ਸੰਗਤਾਂ ਨੂੰ ਦਿੱਤੇ ਗਏ ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਚਿੱਠੀ ਲਿਖੀ।  SGPC ਮੈਂਬਰਾਂ ਨੇ ਚਿੱਠੀ ਵਿੱਚ ਲਿਖਿਆ ਕਿ “19 ਮਈ 2016 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਅਗਨਭੇਂਟ ਹੋਏ ਅਤੇ ਪਾਣੀ ਨਾਲ ਨੁਕਸਾਨੇ ਗਏ ਪਾਵਨ ਸਰੂਪਾਂ ਅਤੇ ਰਿਕਾਰਡ ਮੁਤਾਬਕ ਪਾਵਨ ਸਰੂਪ ਘਟਣ ਬਾਰੇ, SGPC ਦੇ ਅਹੁਦੇਦਾਰਾਂ ਅਤੇ ਅਧਿਕਾਰੀਆਂ ਵੱਲੋਂ ਸਿੱਖ ਸੰਗਤਾਂ ਨੂੰ ਗਲਤ ਜਾਣਕਾਰੀ ਦੇਣ ਅਤੇ ਇਸ ਮਸਲੇ ਨੂੰ ਸੰਜੀਦਗੀ ਨਾਲ ਹੱਲ ਨਾ ਕਰਨ ਕਰਕੇ ਅਸੀਂ ਨਿਰਾਸ਼ ਹਾਂ, ਜਿਸ ਕਰਕੇ ਸਿੱਖਾਂ ਦੀ ਸਰਬਉੱਚ ਸੰਸਥਾ ਸ਼੍ਰੋਮਣੀ ਕਮੇਟੀ ਦੀ ਸ਼ਾਖ ਨੂੰ ਢਾਹ ਲੱਗੀ ਹੈ।  ਇਸ ਮਾਮਲੇ ਦੀ ਗੁਰ ਮਰਿਯਾਦਾ ਅਨੁਸਾਰ ਕਾਰਵਾਈ ਨਹੀਂ ਕੀਤੀ ਗਈ”।

ਉਨ੍ਹਾਂ ਦੱਸਿਆ ਕਿ ਪਾਵਨ ਸਰੂਪਾਂ ਦੇ ਘਟਣ ਦਾ ਪਤਾ ਸਹਾਇਕ ਸੁਪਰਵਾਈਜ਼ਰ ਕੰਵਲਜੀਤ ਸਿੰਘ ਦੀ ਰਿਟਾਇਰਮੈਂਟ ਦੌਰਾਨ ਲੱਗਾ ਸੀ।  ਇਸ ਤੋਂ ਬਾਅਦ ਐਡਵੋਕੇਟ ਈਸ਼ਰ ਸਿੰਘ ਕਮੇਟੀ ਵੱਲੋਂ ਕੀਤੀ ਜਾਂਚ ਦੌਰਾਨ 18 ਅਗਸਤ 2015 ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਘਟਣ ਬਾਰੇ ਪਤਾ ਲੱਗਿਆ।  ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਕਿ ਸਾਲ 2012-13 ਤੋਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਭੇਟਾ ਜਮ੍ਹਾਂ ਨਹੀਂ ਕਰਵਾਈ ਗਈ ਅਤੇ SGPC ਵੱਲੋਂ ਦੋਸ਼ੀ ਪਾਏ ਗਏ ਅਧਿਕਾਰੀਆਂ ‘ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।  27 ਅਗਸਤ 2020 ਨੂੰ ਭਾਈ ਲੌਂਗੋਵਾਲ ਨੇ ਕੁੱਝ ਕਰਮਚਾਰੀਆਂ ਨੂੰ ਸਸਪੈਂਡ ਅਤੇ ਡਿਸਮਿਸ ਕਰਕੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰਨ ਲਈ ਕਿਹਾ ਸੀ ਪਰ 6 ਸਤੰਬਰ 2020 ਨੂੰ ਭਾਈ ਲੌਂਗੋਵਾਲ ਆਪਣੇ ਹੀ ਬਿਆਨ ਤੋਂ ਮੁੱਕਰ ਗਏ ਅਤੇ ਕਿਹਾ ਕਿ ਪਾਵਨ ਸਰੂਪ ਗਾਇਬ ਹੋਏ ਹੀ ਨਹੀਂ, ਬਲਕਿ ਸੰਗਤ ਕੋਲ ਹੀ ਹਨ। ਸਿੱਖ ਜਥੇਬੰਦੀਆਂ ਵੱਲੋਂ ਵਾਰ-ਵਾਰ ਮੰਗ ਕਰਨ ‘ਤੇ ਵੀ ਐਡਵੋਕੇਟ ਈਸ਼ਰ ਸਿੰਘ ਕਮੇਟੀ ਦੀ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਗਿਆ।

ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਇਸ ਪੱਤਰ ਰਾਹੀਂ 18 ਅਕਤੂਬਰ 2020 ਤੱਕ ਇਸ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ ਅਤੇ ਇਹ ਸਵਾਲ ਵੀ ਚੁੱਕਿਆ ਕਿ ਸਰੂਪ ਕਿੱਥੇ ਅਤੇ ਕਿਸ ਦੀ ਆਗਿਆ ਨਾਲ ਗਏ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਜਵਾਬ ਨਾ ਮਿਲਿਆ ਤਾਂ ਅਸੀਂ ਸਮੂਹ ਮੈਂਬਰ ਸ਼੍ਰੋਮਣੀ ਕਮੇਟੀ ਕਾਨੂੰਨ ਮੁਤਾਬਕ ਕਾਰਵਾਈ ਕਰਨ ਲਈ ਮਜ਼ਬੂਰ ਹੋਵਾਂਗੇ ਅਤੇ ਇਸ ਲਈ ਭਾਈ ਲੌਂਗੋਵਾਲ ਜ਼ਿੰਮੇਵਾਰ ਹੋਣਗੇ।

Leave a Reply

Your email address will not be published. Required fields are marked *