Punjab

ਬੀਜੇਪੀ ਦੇ MP/MLA ਤੇ ਹੋਰ ਲੀਡਰਾਂ ਨੂੰ ਕਿਸਾਨਾਂ ਦੀ ਚੇਤਾਵਨੀ, ਸਮਰਥਨ ਨਹੀਂ ਕੀਤਾ ਤਾਂ ਤਿਆਰ ਰਹੋ ਬਾਈਕਾਟ ਲਈ

ਰਾਜਸਥਾਨ ਵਿਚ ਮੀਟਿੰਗ ਨਹੀਂ ਕਰ ਸਕੇ ਬੀਜੇਪੀ ਦੇ ਸੰਸਦ ਮੈਂਬਰ, ਮਿੱਟੀ ਸੱਤਿਆਗ੍ਰਹਿ ਯਾਤਰਾ’ ਦਿੱਲੀ ਦੇ ਕਿਸਾਨ-ਮੋਰਚਿਆਂ ‘ਤੇ ਪਹੁੰਚੀ, ਸ਼ਹੀਦ ਕਿਸਾਨਾਂ ਦੀ ਯਾਦ ‘ਚ ਸਮਾਰਕ ਬਣਾਇਆ

‘ਦ ਖਾਲਸ ਟੀਵੀ ਬਿਊਰੋ:-ਰਾਜਸਥਾਨ ਦੇ ਹਨੂੰਮਾਨਗੜ੍ਹ ‘ਚ ਅੱਜ ਭਾਜਪਾ ਦੇ ਸੰਸਦ ਮੈਂਬਰ ਨਿਹਾਲਚੰਦ ਨੇ ਜ਼ਿਲ੍ਹਾ ਪਰਿਸ਼ਦ ਦੀ ਮੀਟਿੰਗ ਵਿੱਚ ਆਉਣਾ ਸੀ, ਜਿਥੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ ਸਨ। ਭਾਜਪਾ ਦੇ ਸੰਸਦ ਮੈਂਬਰ ਕਿਸਾਨਾਂ ਦੇ ਜਾਇਜ਼ ਪ੍ਰਸ਼ਨਾਂ ਤੋਂ ਡਰ ਕੇ ਮੀਟਿੰਗ ‘ਚ ਨਹੀਂ ਆਏ। ਭਾਜਪਾ ਲੀਡਰਾਂ ਕੋਲ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਵੀ ਨਹੀਂ ਹੈ। ਅੱਜ ਫਗਵਾੜਾ ਵਿਖੇ ਵੀ ਭਾਜਪਾ ਆਗੂ ਵਿਜੈ ਸਾਪਲਾਂ ਦਾ ਵੀ ਕਿਸਾਨਾਂ ਵਲੋਂ ਘਿਰਾਓ ਕੀਤਾ ਗਿਆ।
ਇਨ੍ਹਾਂ ਕਾਨੂੰਨਾਂ ਦੀ ਹਮਾਇਤ ਕਰਨ ਜਾਂ ਸਮਰਥਨ ਕਰਨ ਵਾਲੇ ਲੀਡਰਾਂ ਅਤੇ ਪਾਰਟੀਆਂ ਦੇ ਖਿਲਾਫ ਵੀ ਕਿਸਾਨਾਂ ਨੇ ਵਿਰੋਧ ਜਤਾਇਆ ਹੈ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਕਿਸਾਨਾਂ ਨੇ ਭਾਜਪਾ ਅਤੇ ਇਸ ਦੇ ਸਹਿਯੋਗੀ ਪਾਰਟੀਆਂ ਅਤੇ ਆਗੂਆਂ ਦਾ ਸਮਾਜਿਕ ਬਾਈਕਾਟ ਵੀ ਕੀਤਾ ਹੈ।


ਸੰਯੁਕਤ ਕਿਸਾਨ ਮੋਰਚਾ ਨੇ ਇੱਕ ਵਾਰ ਫਿਰ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੇ ਲੀਡਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨ ਸੰਘਰਸ਼ ਦੇ ਸਮਰਥਨ ਵਿੱਚ ਆਪਣੇ ਅਹੁਦੇ ਤਿਆਗ ਦੇਣ ਕਿਉਂ ਕਿ ਬਹੁਤ ਸਾਰੇ ਲੀਡਰਾਂ ਨੇ ਭਾਜਪਾ ਵਿੱਚ ਹੁੰਦਿਆਂ ਵੀ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕੀਤੀ ਹੈ। ਕਿਸਾਨ ਲੀਡਰਾਂ ਨੇ ਦੱਸਿਆ ਕਿ ਐਫਸੀਆਈ ਬਚਾਓ ਦਿਵਸ ਮੌਕੇ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਮਨਾਇਆ ਗਿਆ। ਜਾਣਕਾਰੀ ਅਨੁਸਾਰ ਹੁਸੈਨਗੰਜ, ਪਟਨਾ, ਦਰਭੰਗਾ, ਹਾਜੀਪੁਰ ਭੋਜਪੁਰ ਜਲੋਂਨ- ਉਰਈ, ਪਟਨਾ, ਨਾਲੰਦਾ, ਮੁਜ਼ੱਫਰਪੁਰ, ਉਦੈਪੁਰ, ਸੀਕਰ, ਝੁੰਝੁਨੂ, ਸਤਨਾ, ਹੈਦਰਾਬਾਦ, ਦਰਭੰਗਾ, ਆਗਰਾ, ਰੇਵਾੜੀ, ਪਲਵਲ ਵਿੱਚ ਕਿਸਾਨਾਂ ਦੀ ਭਰਪੂਰ ਸਰਗਰਮੀ ਦੀਆਂ ਖਬਰਾਂ ਮਿਲੀਆਂ ਹਨ।

ਉਨ੍ਹਾਂ ਦੱਸਿਆ ਕਿ 131 ਦਿਨਾਂ ਤੋਂ ਅਣਮਿਥੇ ਸਮੇਂ ਲਈ ਚੱਲ ਰਿਹੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਮਿੱਟੀ ਸੱਤਿਆਗ੍ਰਹਿ ਯਾਤਰਾ ਦੇਸ਼ ਭਰ ਵਿਚ ਆਯੋਜਿਤ ਕੀਤੀ ਗਈ ਸੀ, ਯਾਤਰਾ ਰਾਹੀਂ ਉਭਾਰੀਆਂ ਮੰਗਾਂ ‘ਚ 3 ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨਾ, ਸਾਰੇ ਖੇਤੀ ਉਤਪਾਦਾਂ ਦੀ ਐਮਐਸਪੀ ਖਰੀਦ ‘ਤੇ ਕਾਨੂੰਨੀ ਗਰੰਟੀ, ਬਿਜਲੀ ਸੋਧ ਬਿੱਲ ਅਤੇ ਹੋਰ ਮੰਗਾਂ ਸ਼ਾਮਿਲ ਹਨ ।

ਮਿੱਟੀ ਸੱਤਿਆਗ੍ਰਹਿ ਯਾਤਰਾ 30 ਮਾਰਚ ਨੂੰ ਡਾਂਡੀ (ਗੁਜਰਾਤ) ਤੋਂ ਸ਼ੁਰੂ ਹੋਈ ਅਤੇ ਰਾਜਸਥਾਨ, ਹਰਿਆਣਾ, ਪੰਜਾਬ ਦੇ ਰਸਤੇ ਦਿੱਲੀ ਦੀਆਂ ਸਰਹੱਦਾ ਤੇ ਪਹੁੰਚੀ। ਦੌਰੇ ਦੌਰਾਨ ਸਾਰੇ ਦੇਸ਼ ਤੋਂ 23 ਰਾਜਾਂ ਦੀਆਂ 1500 ਪਿੰਡਾਂ ਦੀ ਮਿੱਟੀ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਦਿੱਲੀ ਪਹੁੰਚੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਸਮਾਜਿਕ ਕਾਰਕੁਨ ਵੀ 20 ਥਾਵਾਂ ਦੀ ਮਿੱਟੀ ਨਾਲ ਮੋਰਚਿਆਂ ‘ਤੇ ਪਹੁੰਚੇ ਹਨ। ਕਿਸਾਨ-ਮੋਰਚਿਆਂ ‘ਤੇ ਸ਼ਹੀਦ ਕਿਸਾਨਾਂ ਨੂੰ ਸਮਰਪਿਤ ਯਾਦਗਾਰ ਬਣਾਈ ਗਈ ਹੈ ।