India

ਕੋਰੋਨਾ ਦੇ ਹਾਲਾਤ ਚਿੰਤਾਜਨਕ, ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਦਿੱਤੀ ਸਖਤ ਚੇਤਾਵਨੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 24 ਘੰਟਿਆਂ ਦੌਰਾਨ ਕਰੋਨਾ ਦੇ 10,732 ਨਵੇਂ ਮਾਮਲਿਆਂ ਨਾਲ ਦਿੱਲੀ ਵਿੱਚ ਸਥਿਤੀ ਬਹੁਤ ਗੰਭੀਰ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਰੂਰਤ ਪੈਣ ’ਤੇ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਣ, ਮਾਸਕ ਲਗਾਉਣ, ਸੈਨੀਟਾਈਜ਼ਰ ਦੀ ਵਰਤੋਂ ਕਰਨ ਅਤੇ ਸਮਾਜਿਕ ਦੂਰੀ ਰੱਖਣ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤਾਲਾਬੰਦੀ ਨਹੀਂ ਲਗਾਉਣਾ ਚਾਹੁੰਦੀ।

ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟੀਕਾਕਰਣ ‘ਤੇ ਲੱਗੀ ਉਮਰ ਪਾਬੰਦੀ ਹਟਾਉਣ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਐਤਵਾਰ ਸਵੇਰੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਹ ਦਿੱਲੀ ਵਿੱਚ ਕੋਰੋਨਾ ਦੀ ਚੌਥੀ ਲਹਿਰ ਹੈ ਜੋ ਕਿ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ।

ਦਿੱਲੀ ’ਚ ਮੈਟਰੋ, ਡੀਟੀਸੀ ਤੇ ਕਲੱਸਟਰ ਬੱਸਾਂ 50 ਫ਼ੀ ਸਦੀ ਸਮਰੱਥਾ ਨਾਲ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਿਆਹਾਂ ਚ ਸਿਰਫ਼ 50 ਮਹਿਮਾਨ ਹੀ ਸ਼ਾਮਲ ਹੋ ਸਕਣਗੇ। ਦਿੱਲੀ ਸਰਕਾਰ ਨੇ ਕੋਵਿਡ-19 ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਸਭ ਤਰ੍ਹਾਂ ਦੀਆਂ ਸਮਾਜਕ, ਖੇਡ, ਮਨੋਰੰਜਨ, ਸਭਿਆਚਾਰਕ ਤੇ ਧਾਰਮਿਕ ਸਭਾਵਾਂ ਉੱਤੇ ਰੋਕ ਲਾ ਦਿੱਤੀ ਹੈ। ਦਿੱਲੀ ਦੇ ਸਾਰੇ ਕਾਲਜ ਤੇ ਕੋਚਿੰਗ ਸੰਸਥਾਨ ਬੰਦ ਰਹਿਣਗੇ। ਦਿੱਲੀ ਦੇ ਬਾਕੀ ਸਾਰੇ ਸਰਕਾਰੀ ਤੇ ਨਿਜੀ ਸਕੂਲ ਵੀ 30 ਅਪ੍ਰੈਲ ਤੱਕ ਬੰਦ ਰਹਿਣਗੇ। ਮਹਾਰਾਸ਼ਟਰ ਤੋਂ ਹਵਾਈ ਜਹਾਜ਼ ਰਾਹੀਂ ਦਿੱਲੀ ਆਉਣ ਵਾਲੇ ਯਾਤਰੀਆਂ ਲਈ 72 ਘੰਟਿਆਂ ਦੇ ਅੰਦਰ ਆਰਟੀ-ਪੀਸੀਆਰ (RT-PCR) ਨੈਗੇਟਿਵ ਰਿਪੋਰਟ ਪੇਸ਼ ਕਰਨੀ ਜ਼ਰੂਰੀ ਹੋਵੇਗੀ। ਨੈਗੇਟਿਵ ਰਿਪੋਰਟ ਨਾ ਹੋਣ ਉੱਤੇ 14 ਦਿਨਾਂ ਲਈ ਏਕਾਂਤਵਾਸ ਵਿੱਚ ਰਹਿਣਾ ਹੋਵੇਗਾ। ਦਿੱਲੀ ਵਿੱਚ ਰੈਸਟੋਰੈਂਟਸ, ਬਾਰ ਨੂੰ 50 ਫ਼ੀਸਦੀ ਸਮਰੱਥਾ ਨਾਲ ਕੰਮ ਕਰਨ ਦੀ ਇਜਾਜ਼ਤ ਰਹੇਗੀ। ਅੰਤਿਮ ਸਸਕਾਰ ਵਿੱਚ ਸਿਰਫ਼ 20 ਵਿਅਕਤੀ ਤੇ ਵਿਆਹ ਸਮਾਰੋਹ ਵਿੱਚ 50 ਵਿਅਕਤੀ ਹੀ ਭਾਗ ਲੈ ਸਕਣਗੇ।