Punjab

ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਨ੍ਹਾਂ ਪਿੰਡਾਂ ਦੀ ਬਦਲੀ ਨੁਹਾਰ

‘ਦ ਖ਼ਾਲਸ ਬਿਊਰੋ:- ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਪਿੰਡਾਂ ਦੇ ਵਿਕਾਸ ‘ਤੇ 1-1 ਕਰੋੜ ਰੁਪਏ ਖਰਚ ਕੀਤੇ ਹਨ। ਫ਼ਾਜ਼ਿਲਕਾ ਜ਼ਿਲ੍ਹੇ ਅਤੇ ਅਬੋਹਰ ਉਪਮੰਡਲ ਦੇ ਪਿੰਡ ਹਰੀਪੁਰਾ ਵਿੱਚ ਸੂਬਾ ਸਰਕਾਰ ਨੇ 1 ਕਰੋੜ ਰੁਪਏ ਤੋਂ ਵੱਧ ਦੇ ਕਰਵਾਏ ਵਿਕਾਸ ਕਾਰਜਾਂ ਨੂੰ ਆਜ਼ਾਦੀ ਦਿਹਾੜੇ ਮੌਕੇ ਸੂਬਾ ਸਰਕਾਰ ਨੇ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ ਹੈ।

ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਹਰੀਪੁਰਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਵੱਢ ਤੀਰਥ ਸਾਹਿਬ ਵੀ ਸੁਸ਼ੋਭਿਤ ਹੈ। ਇਸ ਗੁਰਦੁਆਰੇ ਵਿੱਚ ਪੰਜਾਬ ਦੇ ਨਾਲ-ਨਾਲ ਗੁਆਂਢੀ ਸੂਬਿਆਂ ਤੋਂ ਵੀ ਸੰਗਤਾਂ ਆਉਂਦੀਆਂ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਦੇ ਵਿਕਾਸ ਲਈ ਸਰਕਾਰ ਵੱਲੋਂ ਗ੍ਰਾਂਟ ਦਿੱਤੀ ਗਈ ਜਿਸ ਨਾਲ ਪਿੰਡ ਦੇ ਵੱਖ-ਵੱਖ ਵਿਕਾਸ ਕਾਰਜ ਨੇਪਰੇ ਚੜਾਏ ਗਏ। ਵੱਖ-ਵੱਖ ਹੋਏ ਵਿਕਾਸ ਕਾਰਜਾਂ ਨਾਲ ਪਿੰਡ ਦੀ ਨੁਹਾਰ ਬਦਲ ਗਈ ਹੈ। ਵਿਕਾਸ ਕਾਰਜਾਂ ਵਿੱਚ 25 ਲੱਖ ਦੀ ਲਾਗਤ ਨਾਲ 5 ਹੋਰ ਕਮਰੇ ਬਣਾਉਣ ਨਾਲ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਵਿਸਥਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 20 ਲੱਖ ਰੁਪਏ ਨਾਲ ਹਾਈ ਸਕੂਲ ਦੀ ਚਾਰਦੀਵਾਰੀ ਕਰਨ ਅਤੇ ਸਕੂਲ ਨੂੰ ਜਾਣ ਵਾਲੀ ਰੋਡ ਦੀ ਮੁਰੰਮਤ ਕਰਵਾਈ ਗਈ ਹੈ।

ਪੰਚਾਇਤੀ ਰਾਜ ਦੇ ਕਾਰਜਕਾਰੀ ਇੰਜੀਨੀਅਰ ਰਾਜੇਸ਼ ਗਰੋਵਰ ਨੇ ਦੱਸਿਆ ਕਿ 4 ਲੱਖ ਦੀ ਲਾਗਤ ਨਾਲ ਔਰਤਾਂ ਅਤੇ ਪੁਰਸ਼ਾਂ ਦੇ ਪਖਾਣੇ, 4 ਲੱਖ 80 ਹਜਾਰ ਦੀ ਲਾਗਤ ਨਾਲ ਸਟਰੀਟ ਲਾਈਟਾਂ ਲਗਵਾਉਣ, ਔਰਤਾਂ ਤੇ ਪੁਰਸ਼ਾਂ ਵਾਸਤੇ 11 ਲੱਖ ਦੀ ਲਾਗਤ ਨਾਲ ਜਿੰਮ ਖੋਲਣ, 24 ਲੱਖ ਦੀ ਲਾਗਤ ਨਾਲ ਸਟੇਡੀਅਮ ਅਤੇ ਖੇਡ ਗਰਾਊਂਡ ਬਣਵਾਉਣ, 6.90 ਲੱਖ ਰੁਪਏ ਨਾਲ ਪੰਜਕੋਸੀ ਰੋਡ ਤੋਂ ਐੱਸ.ਈ. ਕਲੋਨੀ ਅਤੇ ਗੁਰਦੁਆਰਾ ਸਾਹਿਬ ਨੇੜੇ ਖਾਲਾ ਬਣਾਉਣ, 1 ਲੱਖ 80 ਹਜ਼ਾਰ ਨਾਲ ਗੰਦੇ ਨਾਲੇ ਦੀ ਨਿਕਾਸੀ ਲਈ ਯੋਗ ਪ੍ਰਬੰਧ ਅਤੇ 3 ਲੱਖ ਦੀ ਲਾਗਤ ਨਾਲ ਆਰ.ਓ ਅਤੇ ਵਾਟਰ ਕੂਲਰ ਦੀ ਵਿਵਸਥਾ ਕੀਤੀ ਗਈ ਹੈ।