India Punjab

ਰਾਜਸਥਾਨ ‘ਚ ਨਹਿਰਾਂ ਕਿਨਾਰੇ ਦਿਨ ਕੱਟਣ ਨੂੰ ਮਜ਼ਬੂਰ ਹੋਏ ਉੱਥੇ ਫਸੇ ਪੰਜਾਬੀ

‘ਦ ਖ਼ਾਲਸ ਬਿਊਰੋ :- ਰਾਜਸਥਾਨ ’ਚ ਜ਼ੀਰਾ, ਛੋਲੇ ਤੇ ਸਰ੍ਹੋਂ ਵੱਢਣ ਗਏ ਪੰਜਾਬ ਦੇ ਦੋ ਸੌ ਮਜ਼ਦੂਰ ਤਾਲਾਬੰਦੀ ਕਾਰਨ ਜੈਸਲਮੇਰ ਤੋਂ ਕਰੀਬ 80 ਕਿਲੋਮੀਟਰ ਦੇ ਫਾਂਸਲੇ ’ਤੇ ਪੀਟੀਐੱਮ ਚੌਰਾਹਾ ਨੇੜੇ ਸਿਤਾਰ ਮੰਡੀ ਵਿੱਚ ਫਸੇ ਹੋਏ ਹਨ। ਮਜ਼ਦੂਰਾਂ ਵਿੱਚ ਔਰਤਾਂ ਅਤੇ ਛੋਟੇ ਬੱਚੇ ਵੀ ਹਨ। ਉਨ੍ਹਾਂ ਦੁਹਾਈ ਦਿੱਤੀ ਕਿ ਜੇਕਰ ਉਹ ਇੱਕ ਹਫ਼ਤਾ ਹੋਰ ਇੱਥੇ ਫਸੇ ਰਹੇ ਤਾਂ ਉਨ੍ਹਾਂ ਕੋਲ ਖਾਣ-ਪੀਣ ਤੇ ਘਰ ਵਾਪਸੀ ਲਈ ਕੋਈ ਪੈਸਾ ਨਹੀਂ ਰਹਿਣਾ ਤੇ ਉਹ ਇਥੇ ਟਿੱਬਿਆਂ ’ਚ ਭੁੱਖੇ ਮਰ ਜਾਣਗੇ।

ਮੁਕਤਸਰ ਦੇ ਪਿੰਡ ਖੁੰਡੇ ਹਲਾਲ ਅਤੇ ਫਰੀਦਕੋਟ ਦੇ ਢਾਬ, ਸੰਧਵਾਂ, ਦੇਵੀਵਾਲਾ ਆਦਿ ਪਿੰਡਾਂ ਦੇ ਬਲਵਿੰਦਰ ਸਿੰਘ, ਗੁਰਮੀਤ ਕੌਰ, ਸੋਨੂੰ ਕੌਰ, ਰਣਜੀਤ ਕੌਰ, ਪੁੰਨੂ ਸਿੰਘ, ਨਸੀਬ ਕੌਰ, ਮੰਗੋ ਕੌਰ, ਬਲਰਾਜ ਸਿੰਘ, ਜਗਸੀਰ ਸਿੰਘ ਪ੍ਰੇਮ ਸਿੰਘ ਤੇ ਗਗਨਦੀਪ ਸਿੰਘ ਹੋਰਾਂ ਨੇ ਦੱਸਿਆ ਕਿ ਜੈਸਲਮੇਰ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਫਸੇ ਹੋਏ ਮਜ਼ਦੂਰਾਂ ਨੂੰ ਲਿਜਾਣ ਲਈ ਪੀਟੀਐੱਮ ਤੋਂ ਬੱਸਾਂ ਚੱਲਦੀਆਂ ਹਨ। ਇਸ ਲਈ ਉਹ ਤਿੰਨ ਦਿਨ ਪੈਦਲ ਤੁਰ ਕੇ ਪੀਟੀਐੱਮ ਪੁੱਜੇ। ਇੱਥੇ ਰਾਜਸਥਾਨ ਸਰਕਾਰ ਦੀਆਂ ਬੱਸਾਂ ਚੱਲ ਰਹੀਆਂ ਹਨ, ਪਰ ਇਹ ਬੱਸਾਂ ਸਿਰਫ਼ ਰਾਜਸਥਾਨੀ ਮਜ਼ਦੂਰਾਂ ਨੂੰ ਹੀ ਗੰਗਾਨਗਰ ਪਹੁੰਚਾ ਰਹੀਆਂ ਹਨ। ਹਰ ਮਜ਼ਦੂਰ ਦਾ ਆਧਾਰ ਕਾਰਡ ਚੈੱਕ ਕੀਤਾ ਜਾਂਦਾ ਹੈ ਅਤੇ ਪੰਜਾਬ ਦੇ ਕਿਸੇ ਮਜ਼ਦੂਰ ਨੂੰ ਬੱਸ ਵਿੱਚ ਨਹੀਂ ਚੜ੍ਹਨ ਦਿੱਤਾ ਜਾ ਰਿਹਾ। ਇਸ ਤਰ੍ਹਾਂ ਹੁਣ ਉਹ ਪੀਟੀਐੱਮ ਵਿੱਚ ਫਸ ਗਏ ਹਨ।

ਇਥੇ ਉਨ੍ਹਾਂ ਦੇ ਖਾਣ-ਪੀਣ ਦਾ ਕੋਈ ਪ੍ਰਬੰਧ ਨਹੀਂ। ਪਿੰਡ ਦੇ ਇਕ ਗੁਰਦੁਆਰੇ ਨੇ ਪਹਿਲਾਂ ਤਾਂ ਇੱਕ ਡੰਗ ਚੌਲ ਦਿੱਤੇ ਤੇ ਫਿਰ ਇੱਕ-ਇੱਕ ਕੌਲੀ ਆਟਾ ਤੇ ਕੱਚੀ ਦਾਲ ਦੇ ਦਿੱਤੀ। ਹੁਣ ਰਿੰਨਣ-ਪਕਾਉਣ ਲਈ ਉਨ੍ਹਾਂ ਨੂੰ ਬਾਕੀ ਸਾਮਾਨ ਮੁੱਲ ਖਰੀਦਣਾ ਪੈਂਦਾ ਹੈ। ਤਾਲਾਬੰਦੀ ਕਰਕੇ ਸਾਮਾਨ ਦੁੱਗਣੇ-ਤਿੱਗਣੇ ਭਾਅ ’ਤੇ ਮਿਲ ਰਿਹਾ ਹੈ। ਉਹ ਖੁੱਲ੍ਹੇ ਅਸਮਾਨ ਹੇਠ ਹੀ ਸੌਂਦੇ ਹਨ, ਜਿਸ ਕਰਕੇ ਉਨ੍ਹਾਂ ਦੀ ਸਿਹਤ ਤੇ ਸਰੀਰਕ ਸੁਰੱਖਿਆ ਦਾਅ ’ਤੇ ਲੱਗੀ ਹੋਈ ਹੈ। ਰਾਜਸਥਾਨ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਰਾਸ਼ਨ ਤੇ ਰਿਹਾਇਸ਼ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਰਾਜਸਥਾਨ ਦੇ ਡਾਕਟਰਾਂ ਦੀ ਟੀਮ ਉਨ੍ਹਾਂ ਦੇ ਵੇਰਵੇ ਦਰਜ ਕਰਕੇ ਲੈ ਗਈ ਪਰ ਕਿਸੇ ਨੂੰ ਚੈੱਕ ਨਹੀਂ ਕੀਤਾ। ਮਜ਼ਦੂਰਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਮਜ਼ਦੂਰਾਂ ਦੀ ਘਰ ਵਾਪਸੀ ਲਈ ਰਾਜਸਥਾਨ ਸਰਕਾਰ ਨਾਲ ਗੱਲਬਾਤ ਕਰਕੇ ਬੱਸਾਂ ਦਾ ਪ੍ਰਬੰਧ ਕਰੇ।

ਪਾਕਿਸਤਾਨ ਗਏ ਭਾਰਤੀਆਂ ਨੇ ਵਤਨ ਵਾਪਸੀ ਲਈ ਮਦਦ ਮੰਗੀ:
ਮਾਰਚ ਮਹੀਨੇ ਤੋਂ ਬੰਦ ਹੋਏ ਹਿੰਦ-ਪਾਕਿ ਬਾਰਡਰ ਕਾਰਨ ਕਈ ਭਾਰਤੀ ਨਾਗਰਿਕ ਪਾਕਿਸਤਾਨ ਵਿੱਚ ਫਸੇ ਬੈਠੇ ਹਨ। ਵਤਨ ਪਰਤਣ ਲਈ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨਾਕਾਮ ਹੋ ਰਹੀਆਂ ਹਨ। ਸੋਸ਼ਲ ਮੀਡੀਆ ਰਾਹੀਂ ਭੇਜੇ ਲਿਖਤੀ ਪੱਤਰ ਵਿੱਚ ਬਲਾਕ ਸ਼ੇਰਪੁਰ ਦੇ ਪਿੰਡ ਅਲਾਲ ਦੇ ਸੰਤੋਖ ਸਿੰਘ ਨੇ ਦੱਸਿਆ ਕਿ ਉਹ 10 ਮਾਰਚ ਨੂੰ ਪਾਕਿਸਤਾਨ ਦੇ ਜ਼ਿਲ੍ਹਾ ਖੈਰਪੁਰ ਵਿੱਚ ਵਿਆਹ ਸਮਾਗਮ ’ਚ ਸ਼ਾਮਲ ਹੋਣ ਗਿਆ ਸੀ। ਉਸ ਨੇ 30 ਦਿਨਾਂ ਵਿੱਚ ਪਰਤਣਾ ਸੀ ਪਰ ਇਸੇ ਦੌਰਾਨ ਹਿੰਦ-ਪਾਕਿ ਬਾਰਡਰ ਬੰਦ ਹੋ ਗਿਆ। ਉਨ੍ਹਾਂ ਪਾਕਿਸਤਾਨ ਅੰਬੈਸੀ ਨਾਲ ਸੰਪਰਕ ਕੀਤਾ। ਅੰਬੈਸੀ ਨੇ ਲੋੜੀਂਦੇ ਦਸਤਾਵੇਜ਼ ਤਾਂ ਮੰਗਵਾ ਲਏ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਵਤਨ ਵਾਪਸੀ ਲਈ ਮਦਦ ਕੀਤੀ ਜਾਵੇ।