ਚੰਡੀਗੜ੍ਹ- ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਤੇ ਮੈਥ (STEM) ’ਚ ਔਰਤਾਂ ਵਿਗਿਆਨੀਆਂ ਦੀ ਸੁਪਰ ਟੀਮ ਤਿਆਰ ਕੀਤੀ ਜਾ ਰਹੀ ਹੈ। ਇਸ ਸਮੇਂ ਇਸ ਸੁਪਰ ਟੀਮ ਵਿੱਚ ਨੌਵੀਂ ਤੋਂ 11 ਵੀਂ ਜਮਾਤ ਵਿੱਚ ਪੜ੍ਹ ਰਹੇ 2500 ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੀ ਸਿਖਲਾਈ ਆਈਆਈਟੀ ਅਤੇ ਦੇਸ਼ ਦੇ ਚੋਣਵੇਂ ਅਦਾਰਿਆਂ ਵਿੱਚ ਸ਼ੁਰੂ ਹੋ ਗਈ ਹੈ। ਕੇਂਦਰ ਦਾ ਕਹਿਣਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਪੀ.ਐਚ.ਡੀ. ਤੱਕ ਲਿਜਾਇਆ ਜਾਵੇਗਾ।

ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਨੇ ਹਾਲ ਹੀ ਵਿੱਚ ਲਾਂਚ ਕੀਤੀ ਗਈ ਵਿਗਿਆਨ ਜੋਤੀ ਯੋਜਨਾ ਦੇ ਤਹਿਤ ਦੇਸ਼ ਦੇ 50 ਜ਼ਿਲ੍ਹਿਆਂ ਵਿੱਚ 2500 ਪ੍ਰਤਿਭਾਸ਼ਾਲੀ ਲੜਕੀਆਂ ਦੀ ਚੋਣ ਕੀਤੀ ਹੈ। ਹਰ ਜ਼ਿਲ੍ਹੇ ਵਿੱਚੋਂ 50 ਲੜਕੀਆਂ ਦੀ ਚੋਣ ਕੀਤੀ ਗਈ ਹੈ। ਇਹ ਵਿਦਿਆਰਥਣਾਂ ਨਵੋਦਿਆ ਵਿਦਿਆਲਾ, ਕੇਂਦਰੀ ਵਿਦਿਆਲਾ, ਆਰਮੀ ਪਬਲਿਕ ਸਕੂਲ ਤੇ ਹੋਰ ਸਰਕਾਰੀ ਸਕੂਲਾਂ ਦੀਆਂ ਹਨ। ਯੋਜਨਾ ਲਈ ਉਸ ਜ਼ਿਲ੍ਹੇ ਦੇ ਨਵੋਦਿਆ ਵਿਦਿਆਲੇ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ ਤੇ ਉਸ ਖੇਤਰ ’ਚ ਸਥਿਤ ਪ੍ਰਸਿੱਧ ਵਿਗਿਆਨਕ ਸੰਸਥਾਨਾਂ ਨੂੰ ਨਾੱਲੇਜ–ਪਾਰਟਨਰ ਵਜੋਂ ਨਿਯੁਕਤ ਕੀਤਾ ਗਿਆ ਹੈ।

ਇਨ੍ਹਾਂ ਵਿਦਿਆਰਥਣਾਂ ਦੀ ਮੈਂਟਰਿੰਗ ਇਨ੍ਹਾਂ ਚੋਣਵੇਂ ਸੰਸਥਾਨਾਂ ਦੀਆਂ ਮਹਿਲਾ ਵਿਗਿਆਨੀਆਂ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਪ੍ਰੋਜੈਕਟ ਆਧਾਰਿਤ ਸਿਖਲਾਈ ਦਿੱਤੀ ਜਾਵੇਗੀ। ਕਰੀਅਰ ਕਾਊਂਸਲਿੰਗ ਵੀ ਹੋਵੇਗੀ। 12ਵੀਂ ਜਮਾਤ ਤੋਂ ਹੀ ਉਨ੍ਹਾਂ ਨੂੰ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਵੇਗੀ। ਨਾੱਲੇਜ ਪਾਰਟਨਰ ਸੰਸਥਾਵਾਂ ਦੀਆਂ ਪ੍ਰਯੋਗਸ਼ਾਲਾਵਾਂ ਦਾ ਦੌਰਾ ਵੀ ਕਰਵਾਇਆ ਜਾਵੇਗਾ। ਪ੍ਰਯੋਗਸ਼ਾਲਾਵਾਂ ’ਚ ਲੈਕਚਰ ਤੇ ਸਿਖਲਾਈ ਦਿੱਤੀ ਜਾਵੇਗੀ।

ਇਨ੍ਹਾਂ ਸਾਰੇ 2500 ਵਿਦਿਆਰਥਣਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾ ਰਿਹਾ ਹੈ। ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਹੁਣੇ ਅਜੇ ਹਰੇਕ ਜ਼ਿਲ੍ਹੇ ਲਈ 20 ਲੱਖ ਰੁਪਏ ਦੀ ਵਿਵਸਥਾ ਕੀਤੀ ਹੈ। ਡੀਐੱਸਟੀ (ਵਿਗਿਆਨ ਅਤੇ ਤਕਨਾਲੋਜੀ ਵਿਭਾਗ) ਦਾ ਕਹਿਣਾ ਹੈ ਕਿ ਇਹ ਵਰਤਮਾਨ ਵਿੱਚ ਇੱਕ ਪਾਇਲਟ ਪ੍ਰਾਜੈਕਟ ਦੇ ਰੂਪ ਵਿੱਚ ਹੈ। ਇਸ ਸਾਲ ਦੇ ਅੰਤ ਤੱਕ ਇਸ ਸਕੀਮ ਨੂੰ ਘੱਟੋ ਘੱਟ 200 ਜ਼ਿਲ੍ਹਿਆਂ ਵਿੱਚ ਸ਼ੁਰੂ ਕਰਨ ਦਾ ਟੀਚਾ ਹੈ।

Leave a Reply

Your email address will not be published. Required fields are marked *