‘ਦ ਖ਼ਾਲਸ ਬਿਊਰੋ:- ਭਾਰਤ-ਚੀਨ ਦਾ ਗਲਵਾਨ ਵਾਦੀ ਵਾਲਾ ਸਰਹੱਦੀ ਵਿਵਾਦ ਸੁਲਝਦਾ ਦਿਖਾਈ ਨਹੀਂ ਦੇ ਰਿਹਾ ਹੈ। ਹੁਣੇ ਆਈ ਖ਼ਬਰ ਮੁਤਾਬਿਕ ਚੀਨ ਨੇ LAC ਕੋਲ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਸੰਬੰਧ ਵਿੱਚ ਚੀਨ ਵਿੱਚ ਭਾਰਤ ਦੇ ਸਫ਼ੀਰ ਵਿਕਰਮ ਮਿਸਰੀ ਨੇ ਅੱਜ ਕਿਹਾ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਨਾਲ ਜਾਰੀ ਤਲਖੀ ਨੂੰ ਘਟਾਉਣ ਦਾ ਇਕੋ-ਇਕ ਤਰੀਕਾ ਇਹੀ ਹੈ ਕਿ ਚੀਨ ਉਥੇ ਨਵੇਂ ਢਾਂਚੇ ਦੀ ਉਸਾਰੀ ਨੂੰ ਮੁਕੰਮਲ ਰੂਪ ਵਿੱਚ ਬੰਦ ਕਰੇ। ਉਨ੍ਹਾਂ ਐੱਲਏਸੀ ਵਿੱਚ ਤਬਦੀਲੀ ਵਿਰੁੱਧ ਵੀ ਚੀਨ ਨੂੰ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਚੀਨ ਦਾ ਗਲਵਾਨ ਵਾਦੀ ’ਤੇ ‘ਖੁਦਮੁਖਤਿਆਰੀ’ ਦਾ ਦਾਅਵਾ ਕਿਸੇ ਵੀ ਤਰ੍ਹਾਂ ਤਰਕਸੰਗਤ ਨਹੀਂ ਹੈ। ਉਨ੍ਹਾਂ ਕਿਹਾ ਕਿ ਵਧਾ ਚੜ੍ਹਾ ਕੇ ਕੀਤੇ ਅਜਿਹੇ ਦਾਅਵਿਆਂ ਨਾਲ ਕੋਈ ਫਾਇਦਾ ਨਹੀਂ ਹੋਣਾ। ਸਰਹੱਦ ’ਤੇ ਮੌਜੂਦਾ ਸਥਿਤੀ ’ਚ ਬਦਲਾਅ ਦੀ ਕਿਸੇ ਵੀ ਕੋਸ਼ਿਸ਼ ਦਾ ਦੁਵੱਲੇ ਰਿਸ਼ਤਿਆਂ ’ਤੇ ਅਸਰ ਪਏਗਾ। ਉਨ੍ਹਾਂ ਕਿਹਾ ਕਿ ਸਰਹੱਦ ’ਤੇ ਅਮਨ ਦੀ ਬਹਾਲੀ ਨਾਲ ਹੀ ਦੁਵੱਲੇ ਰਿਸ਼ਤਿਆਂ ਦਾ ਵਿਕਾਸ ਸੰਭਵ ਹੈ।

 

ਵਿਕਰਮ ਮਿਸਰੀ ਨੇ ਕਿਹਾ ਕਿ ਚੀਨੀ ਸੁਰੱਖਿਆ ਬਲਾਂ ਵੱਲੋਂ ਸਰਹੱਦ ’ਤੇ ਕੀਤੀ ਕਾਰਵਾਈ ਨਾਲ ਦੁਵੱਲੇ ਰਿਸ਼ਤਿਆਂ ਵਿਚਲੇ ਭਰੋਸੇ ਨੂੰ ਵੱਡੀ ਢਾਹ ਲੱਗੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਅਸਲ ਕੰਟਰੋਲ ਰੇਖਾ ’ਤੇ ਹਮੇਸ਼ਾ ਤੋਂ ਆਪਣੇ ਵਾਲੇ ਪਾਸੇ ਹੀ ਉਸਾਰੀ ਸਮੇਤ ਹੋਰ ਕਾਰਵਾਈਆਂ ਨੂੰ ਸੀਮਤ ਰੱਖਿਆ ਹੈ। ਉਨ੍ਹਾਂ ਕਿਹਾ ਕਿ ਚੀਨ LAC ’ਤੇ ਦੂਜਿਆਂ ਦੇ ਇਲਾਕੇ ’ਚ ਦਾਖ਼ਲ ਹੋਣ ਤੋਂ ਬਾਜ਼ ਆਏ ਅਤੇ ਭਾਰਤ ਵਾਲੇ ਪਾਸੇ ਬੁਨਿਆਦੀ ਢਾਂਚੇ ਦੀ ਉਸਾਰੀ ਬਾਰੇ ਕੋਸ਼ਿਸ਼ਾਂ ਨਾ ਕਰੇ। ਉਨ੍ਹਾਂ ਕਿਹਾ ਕਿ ਭਾਰਤ ਆਸ ਕਰਦਾ ਹੈ ਕਿ ਚੀਨ ਸਰਹੱਦ ’ਤੇ ਤਲਖੀ ਘਟਾਉਣ ਬਾਰੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਫੌਜਾਂ ਨੂੰ ਪਿੱਛੇ ਸੱਦੇਗਾ। ਉਨ੍ਹਾਂ ਕਿਹਾ ਕਿ ਇਹ ਚੀਨ ਦਾ ਫ਼ਰਜ਼ ਬਣਦਾ ਹੈ ਕਿ ਉਹ ਦੁਵੱਲੇ ਸਬੰਧਾਂ ’ਤੇ ਸੁਚੇਤ ਹੋ ਕੇ ਫੈਸਲਾ ਲਏ ਕਿ ਉਸ ਨੇ ਕਿਸ ਦਿਸ਼ਾ ’ਚ ਅੱਗੇ ਵਧਣਾ ਹੈ।

 

ਫੌਜ ਮੁਖੀ ਵੱਲੋਂ ਰੱਖਿਆ ਮੰਤਰੀ ਨਾਲ ਮੁਲਾਕਾਤ

ਭਾਰਤੀ ਫ਼ੌਜ ਦੇ ਮੁਖੀ ਜਨਰਲ ਐੱਮ.ਐੱਮ. ਨਰਵਾਣੇ ਨੇ ਹਾਲਾਤਾਂ ਦੀ ਪੜਚੋਲ ਕਰਨ ਲਈ ਲੰਘੇ ਦਿਨੀਂ ਲੱਦਾਖ ਦਾ ਦੋ ਦਿਨਾਂ ਦੌਰਾ ਕੀਤਾ ਸੀ। ਉਨ੍ਹਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪੂਰਬੀ ਲੱਦਾਖ ਦੀ ਸਮੁੱਚੀ ਸਥਿਤੀ ਸਮੇਤ ਖਿੱਤੇ ’ਚ ਭਾਰਤ ਵੱਲੋਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ।

Leave a Reply

Your email address will not be published. Required fields are marked *