‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 2016 ਵਿੱਚ ਗੁਰਦੁਆਰਾ ਰਾਮਸਰ ਸਾਹਿਬ ਵਿਖੇ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਕੀਤੀ ਜਾਂਦੀ ਹੈ, ਸ਼ਾਟ ਸਰਕਟ ਹੋਣ ਕਰਕੇ ਪਾਵਨ ਸਰੂਪਾਂ ਦੀ ਬੇਅਦਬੀ ਹੋਣ ਦੇ ਮਾਮਲੇ ਵਿੱਚ ਅੱਜ ਦੇ ਦਿਨ 2016 ਦੀ ਸਾਬਕਾ ਅੰਤ੍ਰਿਗ ਕਮੇਟੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦੇ ਹੁਕਮ ਦਿੱਤੇ ਸੀ।

ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੇ ਨਾਲ ਹੋਰ ਵੀ ਬਹੁਤ ਸਾਰੇ ਘਪਲਿਆਂ ਦੇ ਮਾਮਲੇ ਉਜਾਗਰ ਹੋਏ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਦੀ ਅਪੀਲ ਦੇ ਉੱਤੇ ਪੜਤਾਲੀਆਂ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਹੈ ਕਿ ਇਸ ਘਟਨਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਸ਼ਚਾਤਾਪ ਲਈ ਭੋਰਾ ਵੀ ਯਤਨ ਨਹੀਂ ਕੀਤਾ ਜੋ ਕਿ ਬਹੁਤ ਜ਼ਰੂਰੀ ਸੀ।  ਉਸ ਵੇਲੇ SGPC ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਆਪਣੇ ਲਿਖਤੀ ਸਪੱਸ਼ਟੀਕਰਨ ਵਿੱਚ ਕਿਹਾ ਸੀ ਕਿ ਉਸ ਵੇਲੇ SGPC ਦੇ ਪ੍ਰਧਾਨ ਅਵਤਾਰ ਸਿੰਘ ਨੂੰ ਇਸ ਮਾਮਲੇ ‘ਤੇ ਪਸ਼ਚਾਤਾਪ ਕਰਨ ਲਈ ਕਿਹਾ ਗਿਆ ਸੀ, ਪਰ ਉਨ੍ਹਾਂ ਦੀ ਗੱਲ ਨਹੀਂ ਮੰਨੀ ਗਈ।

ਸਾਬਕਾ ਅੰਤ੍ਰਿਗ ਕਮੇਟੀ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹੋਈ ਪੇਸ਼

ਜਥੇਦਾਰ ਹਰਪ੍ਰੀਤ ਸਿੰਘ ਨੇ 2016 ਦੇ ਵਿੱਚ ਅੰਤ੍ਰਿਗ ਕਮੇਟੀ ਦੇ ਮੈਂਬਰਾਂ ਵਿੱਚੋਂ ਅੰਤ੍ਰਿਗ ਕਮੇਟੀ ਦੇ ਦੂਜੇ ਮੁੱਖ ਅਹੁਦੇਦਾਰ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਤੋਂ ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿੱਚ ਇਸ ਮਾਮਲੇ ਸਬੰਧੀ ਕੋਈ ਮਤਾ ਪਾਉਣ ਦੀ ਕੋਸ਼ਿਸ਼ ਕਰਨ ਬਾਰੇ ਸਪੱਸ਼ਟੀਕਰਨ ਮੰਗਿਆ।

2016 ਦੀ ਸਾਬਕਾ SGPC ਅੰਤ੍ਰਿਗ ਕਮੇਟੀ

ਰਘੁਜੀਤ ਸਿੰਘ ਵਿਰਕ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਉਸ ਸਮੇਂ ਮੀਟਿੰਗ ਦੌਰਾਨ ਸਾਰੇ ਮੈਂਬਰਾਂ ਵੱਲੋਂ ਪ੍ਰਧਾਨ ਅੱਗੇ ਪਸ਼ਚਾਤਾਪ ਕਰਨ ਦੀ ਬੇਨਤੀ ਕੀਤੀ ਗਈ ਸੀ।  ਪਰ ਅਜੇ ਤੱਕ ਇਸ ਮਾਮਲੇ ਦਾ ਪਸ਼ਚਾਤਾਪ ਨਹੀਂ ਹੋਇਆ। ਜਥੇਦਾਰ ਹਰਪ੍ਰੀਤ ਸਿੰਘ ਨੇ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਸੰਗਤ ਦੇ ਸਾਹਮਣੇ ਇਸ ਨੂੰ ਆਪਣੀ ਬੱਜਰ ਗਲਤੀ ਮੰਨਣ ਲਈ ਕਿਹਾ।

2016 ਦੀ ਸਾਬਕਾ ਅੰਤ੍ਰਿਗ ਕਮੇਟੀ ਮੈਂਬਰਾਂ ਨੂੰ ਲਾਈ ਤਨਖਾਹ

ਜਥੇਦਾਰ ਹਰਪ੍ਰੀਤ ਸਿੰਘ ਸਮੇਤ ਪੰਜ ਸਿੰਘ ਸਾਹਿਬਾਨਾਂ ਨਾਲ ਹੋਈ ਵਿਚਾਰ ਤੋਂ ਬਾਅਦ ਅੰਤ੍ਰਿਗ ਕਮੇਟੀ ਦੇ ਮੈਂਬਰਾਂ ਨੂੰ ਤਨਖਾਹ ਲਾਈ ਗਈ।  ਕਮੇਟੀ ਦੇ ਮੈਂਬਰਾਂ ਨੂੰ ਤਨਖਾਹ ਲਾਉਂਦਿਆ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ  “ਉਨ੍ਹਾਂ ਨੇ ਇੱਕ ਮਹੀਨੇ ਦੇ ਅੰਦਰ ਇੱਕ ਸਹਿਜ ਪਾਠ ਆਪ ਕਰਨਾ ਹੈ, ਜਿਹੜੇ ਆਪ ਪਾਠ ਕਰਨ ਦੀ ਸਮਰੱਥਾ ਨਹੀਂ ਰੱਖਦੇ, ਉਨ੍ਹਾਂ ਨੇ ਪਾਠ ਆਪਣੇ ਘਰ ਦੇ ਵਿੱਚ ਗ੍ਰੰਥੀ ਸਿੰਘ ਪਾਸੋਂ ਆਰੰਭ ਕਰਵਾ ਕੇ ਵੱਧ ਤੋਂ ਵੱਧ ਸੁਣਨਾ ਹੈ।  ਜੇ ਸਹਿਜ ਪਾਠ ਆਪ ਕਰਨਾ ਹੈ ਤਾਂ ਦੋ ਮਹੀਨੇ ਵੀ ਲਗਾ ਸਕਦੇ ਹੋ।  ਆਪਣੇ ਘਰ ਦੇ ਨੇੜੇ ਕਿਸੇ ਵੀ ਗੁਰਦੁਆਰਾ ਸਾਹਿਬ ਜਾ ਕੇ ਆਪਣੀ ਸਰੀਰਕ ਸਮਰੱਥਾ ਮੁਤਾਬਕ ਸੇਵਾ ਕਰਨੀ ਹੈ”। ਜਥੇਦਾਰ ਹਰਪ੍ਰੀਤ ਸਿੰਘ ਨੇ ਕਮੇਟੀ ਦੇ ਮੈਂਬਰਾਂ ਨੂੰ ਇੱਕ ਸਾਲ SGPC ਦੇ ਅੰਦਰ ਕੋਈ ਵੀ ਅਹੁਦਾ ਪ੍ਰਾਪਤ ਕਰਨ ਤੋਂ ਰੋਕ ਲਗਾ ਦਿੱਤੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਹੁਕਮ ਦੀ ਪਾਲਣਾ ਕਰਨ ਦਾ ਆਦੇਸ਼ ਦਿੱਤਾ।

ਮੌਜੂਦਾ ਅੰਤ੍ਰਿਗ ਕਮੇਟੀ ਵੀ ਹੋਈ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼

SGPC ਦੀ ਮੌਜੂਦਾ ਅੰਤ੍ਰਿਗ ਕਮੇਟੀ ਨੇ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ 2016 ‘ਚ ਵਾਪਰੀ ਘਟਨਾ ਲਈ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗੀ।  ਕਮੇਟੀ ਦੇ ਸਾਰੇ ਅਹੁਦੇਦਾਰਾਂ ਨੂੰ ਤਨਖਾਹ ਲਾਉਣ ਤੋਂ ਪਹਿਲਾਂ ਤਾਂ ਜਥੇਦਾਰ ਹਰਪ੍ਰੀਤ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਕਰਕੇ ਆਉਣ ਨੂੰ ਕਿਹਾ।

ਮੌਜੂਦਾ ਅੰਤ੍ਰਿਗ ਕਮੇਟੀ ਮੈਂਬਰਾਂ ਨੂੰ ਵੀ ਲਾਈ ਤਨਖਾਹ

ਪੰਜ ਸਿੰਘ ਸਾਹਿਬਾਨਾਂ ਨੇ ਮੌਜੂਦਾ ਅੰਤ੍ਰਿਗ ਕਮੇਟੀ ਨੂੰ ਇੱਕ ਸ਼੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਅਤੇ ਇੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਉਣ ਦੀ ਤਨਖਾਹ ਲਗਾਈ।  ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ “ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਵੇਗਾ, ਉਸ ਸਮੇਂ ਦੌਰਾਨ ਤਿੰਨ ਦਿਨ ਜ਼ਿੰਮੇਵਾਰ ਸਮੁੱਚੇ ਮੈਂਬਰ ਅਹੁਦੇਦਾਰਾਂ ਨੇ ਸਾਰਾਗੜ੍ਹੀ ਨਿਵਾਸ ਤੋਂ ਲੈ ਕੇ ਡਿਉੜੀ ਤੱਕ ਇੱਕ ਘੰਟਾ ਰੋਜ਼ ਝਾੜੂ ਮਾਰਨ ਦੀ ਸੇਵਾ ਕਰਨੀ ਹੈ”।

ਮੌਜੂਦਾ SGPC ਅੰਤ੍ਰਿਗ ਕਮੇਟੀ

SGPC ਦੇ ਅਹੁਦੇਦਾਰਾਂ ਨੂੰ ਸਿਰਫ 28 ਤਰੀਕ ਦੇ ਇਜਲਾਸ ਵਾਲੇ ਦਿਨ ਨੂੰ ਛੱਡ ਕੇ ਅੱਜ ਤੋਂ ਇੱਕ ਮਹੀਨੇ ਤੱਕ ਕਿਸੇ ਵੀ ਜਨਤਕ ਸਮਾਗਮ ਵਿੱਚ ਨਾ ਬੋਲਣ ਦਾ ਆਦੇਸ਼ ਵੀ ਦਿੱਤਾ।  SGPC ਨੂੰ ਇੱਕ ਹੋਰ ਸਖ਼ਤ ਆਦੇਸ਼ ਦਿੰਦਿਆਂ ਕਿਹਾ ਕਿ SGPC ਨੇ ਜੋ ਵੀ ਫੈਸਲਾ ਲੈਣਾ ਹੈ, ਉਸਨੂੰ ਪਹਿਲਾਂ ਵਿਦਵਾਨਾਂ, ਚਿੰਤਕਾਂ ਨਾਲ ਸਲਾਹ-ਮਸ਼ਵਰਾ ਕਰਨਾ ਹੈ।  ਉਨ੍ਹਾਂ ਕਿਹਾ ਕਿ ਵਾਰ-ਵਾਰ ਫੈਸਲਾ ਬਦਲਣ ਨਾਲ ਸ਼੍ਰੋਮਣੀ ਕਮੇਟੀ ਦੀ ਮਰਿਯਾਦਾ ਨੂੰ ਢਾਹ ਲੱਗਦੀ ਹੈ।

ਸਤਿਕਾਰ ਕਮੇਟੀਆਂ ਦੇ ਧਰਨੇ ਦੌਰਾਨ ਨਿਹੰਗ ਸਿੰਘ ਦੀ ਦਸਤਾਰ ਲਾਉਣ ਦਾ ਮਾਮਲਾ ਵੀ ਵਿਚਾਰਿਆ

ਜਥੇਦਾਰ ਹਰਪ੍ਰੀਤ ਸਿੰਘ ਨੇ ਸਤਿਕਾਰ ਕਮੇਟੀਆਂ ‘ਤੇ ਧਰਨੇ ਦੌਰਾਨ SGPC ਟਾਸਕ ਫੋਰਸ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਹੋਈ ਝੜਪ ਵਿੱਚ ਇੱਕ ਨਿਹੰਗ ਸਿੰਘ ਦੀ ਦਸਤਾਰ ਉਤਰਨ ਦੇ ਮਾਮਲੇ ਵਿੱਚ SGPC ਨੂੰ ਆਦੇਸ਼ ਦਿੱਤਾ ਕਿ ਨਿਹੰਗ ਸਿੰਘ ਦੀ ਦਸਤਾਰ ਉਤਾਰਨ ਵਾਲੇ ਜ਼ਿੰਮੇਵਾਰ ਮੁਲਾਜ਼ਮਾਂ ਨੂੰ ਪੰਜ ਪਿਆਰਿਆਂ ਦੇ ਸਨਮੁੱਖ ਖਿਮਾ ਯਾਚਨਾ ਲਈ ਅੰਮ੍ਰਿਤ ਸੰਚਾਰ ਵਾਲੇ ਦਿਨ ਭੇਜਿਆ ਜਾਵੇ।  ਉਨ੍ਹਾਂ ਕਿਹਾ ਕਿ ਦਸਤਾਰ ਦਾ ਉਤਰਨਾ ਮੰਦਭਾਗਾ ਹੈ।

ਸੁੱਚਾ ਸਿੰਘ ਲੰਗਾਹ ਨਾਲ ਮਿਲਵਰਤਣ ਰੱਖਣ ਵਾਲਿਆਂ ਨੂੰ ਵੀ ਕੀਤਾ ਤਲਬ

ਗੁਰਿੰਦਰਪਾਲ ਸਿੰਘ ਗੋਰਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਰਤਨ ਸਿੰਘ ਜ਼ਫਰਵਾਲ, ਸਾਬਕਾ ਧਰਮ ਪ੍ਰਚਾਰ ਕਮੇਟੀ ਮੈਂਬਰ ਅਤੇ ਸਰਚੰਦ ਸਿੰਘ ਨੂੰ ਸੁੱਚਾ ਸਿੰਘ ਲੰਗਾਹ ਨਾਲ ਮਿਲਵਰਤਣ ਰੱਖਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਕੀਤਾ ਗਿਆ।

ਇਨ੍ਹਾਂ ਨੇ ਤਨਖਾਹ ਪੂਰੀ ਕਰਨ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨਾਲ ਮਿਲਵਰਤਣ ਨਾ ਰੱਖਣ ਦਾ ਪ੍ਰਣ ਕੀਤਾ।

ਇਨ੍ਹਾਂ ਨੂੰ ਵੀ ਲਗਾਈ ਗਈ ਤਨਖਾਹ

ਜਥੇਦਾਰ ਹਰਪ੍ਰੀਤ ਸਿੰਘ ਨੇ ਇਨ੍ਹਾਂ ਨੂੰ ਇੱਕ ਸਹਿਜ ਪਾਠ ਕਰਨ, ਪੰਜ ਦਿਨ ਆਪਣੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਅਤੇ ਦੋ ਦਿਨ ਸ਼੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਅਤੇ ਕੀਰਤਨ ਸੁਣਨ, ਲੰਗਰ ਵਿੱਚ ਬਰਤਨ ਮਾਂਜਣ ਦੀ ਤਨਖਾਹ ਲਾਈ। ਇਹ ਤਨਖਾਹ ਪੂਰੀ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ 1100 ਰੁਪਏ ਦੀ ਕੜਾਹ ਪ੍ਰਸਾਦਿ ਦੀ ਦੇਗ ਕਰਵਾਉਣ ਅਤੇ 1100 ਰੁਪਏ ਹੀ ਗੋਲਕ ਵਿੱਚ ਪਾਉਣ ਦਾ ਹੁਕਮ ਦਿੱਤਾ।  ਸੰਗਤ ਨੂੰ ਵੀ ਇਨ੍ਹਾਂ ਦੀ ਤਨਖਾਹ ਪੂਰੀ ਹੋਣ ਤੱਕ ਕਿਸੇ ਵੀ ਪ੍ਰਕਾਰ ਦਾ ਸਹਿਯੋਗ ਨਾ ਕਰਨ ਦਾ ਹੁਕਮ ਦਿੱਤਾ।  ਇਨ੍ਹਾਂ ਨੂੰ ਸਹਿਯੋਗ ਕਰਨ ਵਾਲੇ ਖਿਲਾਫ ਵੀ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।

Leave a Reply

Your email address will not be published. Required fields are marked *