ਚੰਡੀਗੜ੍ਹ ਬਿਊਰੋ:- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰੋਨਾ ਮਹਾਂਮਾਰੀ ਕਾਰਣ ਵਿਦੇਸ਼ਾਂ ਵਿਚ ਫਸੇ ਪਰਵਾਸੀਆਂ ਅਤੇ ਬਾਕੀ ਪੰਜਾਬੀਆਂ ਦੀ ਮਦਦ ਦਾ ਐਲਾਨ  ਕੀਤਾ ਹੈ। ਸੁਖਬੀਰ ਬਾਦਲ ਨੇ ਭਾਰਤ ਸਰਕਾਰ ਨੂੰ ਵਿਦੇਸ਼ਾਂ ਵਿੱਚ ਸਥਿਤ ਸਾਰੇ ਭਾਰਤੀ ਮਿਸ਼ਨਾਂ ਖਾਸ ਕਰਕੇ ਕੈਨੇਡਾ, ਅਮਰੀਕਾ, ਇੰਗਲੈਂਡ, ਇਟਲੀਮ ਸਪੇਨ, ਫਰਾਂਸ, ਜਰਮਨੀ ਵਿੱਚ ਵਸਦੇ ਜਾਂ ਫਸੇ ਹੋਏ ਪੰਜਾਬੀਆਂ ਲਈ ਹੈਲਪਲਾਇਨ ਨੰਬਰਾਂ ਵਾਲੇ ਸਪੈਸ਼ਲ ਸੈਲ ਸਥਾਪਤ ਕਰਨ ਲਈ ਕਿਹਾ ਹੈ। ਸੁਖਬੀਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਵਿਦੇਸ਼ ਮੰਤਰੀ ਨੂੰ ਬੇਨਤੀ ਕੀਤੀ ਹੈ ਤੁਹਾਨੂੰ ਅਜਿਹੇ ਕਦਮ ਜ਼ਰੂਰ ਚੁੱਕਣੇ ਚਾਹੀਦੇ ਹਨ ਤਾਂਜੋ ਕਿ ਪਰਵਾਸੀ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਇਹ ਮਹਿਸੂਸ ਕਰ ਸਕਣ ਕਿ ਇਸ ਘੜੀ ਵਿੱਚ ਉਹਨਾਂ ਦੇ ਆਪਣੇ ਦੇਸ਼ ਦੀ ਸਰਕਾਰ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਖੜ੍ਹੀ ਹੈ।

ਉਨਾਂ ਭਾਰਤ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਵਿਦੇਸ਼ਾਂ ਵਿੱਚ ਸਥਿਤ ਸਾਰੇ ਭਾਰਤੀ ਮਿਸ਼ਨਾਂ ਨੂੰ ਭਾਰਤੀ ਮੂਲ ਦੇ ਲੋਕਾਂ ਨੂੰ ਸਮੇਂ ਸਿਰ ਮਦਦ ਪਹੁੰਚਾਉਣ ਲਈ ਨਿਰਦੇਸ਼ ਦੇਣ ਅਤੇ ਮਦਦ ਲਈ ਉੱਥੋਂ ਦੇ ਸਿਆਸੀ ਆਗੂਆਂ ਅਤੇ ਭਾਈਚਾਰੇ ਦੇ ਆਗੂਆਂ ਤੋਂ ਇਲਾਵਾ ਐਨਜੀਓਜ਼ ਅਤੇ ਸਮਾਜ ਸੇਵੀ ਜਥੇਬੰਦੀਆਂ ਨਾਲ ਵੀ ਸੰਪਰਕ ਕਰਨ।

ਸੁਖਬੀਰ ਬਾਦਲ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਪੰਜਾਬੀ ਮੌਜੂਦਾ ਸਮੇਂ ਪੰਜਾਬ ਵਿਚ ਆਏ ਹੋਏ ਹਨ ਅਤੇ ਅਸੀਂ ਅਤੇ ਸਾਡੀ ਪਾਰਟੀ ਦਾ ਹਰ ਲੀਡਰ ਉਨਾਂ ਸਮੇਤ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਸਹਾਇਤਾ ਲਈ 24 ਘੰਟੇ ਹਾਜ਼ਿਰ ਰਹਿਣਗੇ। ਉਹਨਾਂ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਆਏ ਹੋਏ ਪਰਵਾਸੀਆਂ ਨੂੰ ਜੋ ਵੀ ਮੱਦਦ ਦੀ ਲੋੜ ਹੈ, ਉਹ ਤੁਰੰਤ ਜਾ ਕੇ ਉਹਨਾਂ ਦੀ ਸਹਾਇਤਾ ਕਰਨ।

ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਇਸ ਬੀਮਾਰੀ ਸਦਕਾ ਪੈਦਾ ਹੋਈ ਦਹਿਸ਼ਤ ਮਗਰੋਂ ਸਮਾਜ ਵਿਚ ਆ ਰਹੀਆਂ ਮੁਸ਼ਕਿਲਾਂ ਦਾ ਟਾਕਰਾ ਕਰਨ ਲਈ ਵੀ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ।

Leave a Reply

Your email address will not be published. Required fields are marked *