ਬਿਉਰੋ ਰਿਪੋਰਟ : ਰੂਸ ਦੀ ਰਾਜਧਾਨੀ ਮਾਸਕੋ ਦੇ ਕ੍ਰੋਕਸ ਸਿੱਟੀ ਹਾਲ ਵਿੱਚ ਵੱਡਾ ਦਹਿਸ਼ਤਗਰਦੀ ਹਮਲਾ ਹੋਇਆ ਹੈ ਜਿਸ ਵਿੱਚ 60 ਤੋਂ ਵੱਧ ਲੋਕਾਂ ਦੀ ਹੁਣ ਤੱਕ ਮੌਤ ਹੋ ਗਈ ਹੈ । ਅੰਕੜਾ ਹੋਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਹਮਲੇ ਵਿੱਚ ਹੁਣ ਤੱਕ 140 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ । ਸ਼ੁੱਕਰਵਾਰ (22 ਮਾਰਚ) ਦੇਰ ਰਾਤ ਹੋਏ ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ । ਫੌਜ ਦੀ ਵਰਦੀ ਵਿੱਚ 5 ਦਹਿਸ਼ਗਰਦਾਂ ਨੇ ਅੰਨੇਵਾਹ ਗੋਲੀਆਂ ਚਲਾਇਆ ਅਤੇ ਬੰਬ ਸੁੱਟੇ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਦੁੱਖ ਜ਼ਾਹਿਰ ਕੀਤਾ ਹੈ । ਉਨ੍ਹਾਂ ਨੇ ਕਿਹਾ ਹੈ ਅਸੀਂ ਮਾਸਕੋ ਵਿੱਚ ਦਹਿਸ਼ਤਗਰਦੀ ਹਮਲੇ ਦੀ ਨਿੰਦਾ ਕਰਦੇ ਹਾਂ। ਸਾਡੀ ਹਮਦਰਦੀ ਪੀੜਤ ਪਰਿਵਾਰਾਂ ਦੇ ਨਾਲ ਹੈ । ਦੁੱਖ ਦੀ ਘੜੀ ਵਿੱਚ ਭਾਰਤ,ਰੂਸ ਦੀ ਸਰਕਾਰ ਦੇ ਨਾਲ ਖੜੀ ਹੈ।
ਦਹਿਸ਼ਤਗਰਦੀ ਜਥੇਬੰਦੀ ਇਸਲਾਮਿਕ ਸਟੇਟ ਨੇ ਆਮਾਕ ਨਿਊਜ਼ ਏਜੰਸੀ ਦੇ ਜ਼ਰੀਏ ਬਿਆਨ ਜਾਰੀ ਕੀਤਾ ਹੈ । ‘ਇਸਲਾਮਿਕ ਸਟੇਟ ਦੇ ਲੜਾਕਿਆਂ ਨੇ ਰੂਸ ਦੀ ਰਾਜਧਾਨੀ ਮਾਸਕੋ ਦੇ ਬਾਹਰੀ ਇਲਾਕੇ ਕ੍ਰਾਸਗੋਸਕਰ ਸ਼ਹਿਰ ਵਿੱਚ ਈਸਾਈਆਂ ਦੀ ਵੱਡੀ ਸਭਾ ‘ਤੇ ਹਮਲਾ ਕੀਤਾ ਹੈ । ਜਿਸ ਵਿੱਚ ਸੈਂਕੜੇ ਲੋਕ ਮਾਰੇ ਗਏ ਅਤੇ ਜਖਮੀ ਹੋ ਗਏ ਹਨ। ਉਨ੍ਹਾਂ ਦੇ ਸੁਰੱਖਿਅਤ ਥਾਵਾਂ ‘ਤੇ ਪਹੁੰਚਣ ਤੋਂ ਪਹਿਲਾਂ ਵੱਡੀ ਤਬਾਹੀ ਹੋਈ ਹੈ । ਹਮਲਾ ਕਰਨ ਦੇ ਬਾਅਦ ਸਾਡੇ ਲੜਾਕੇ ਮੌਕੇ ਤੋਂ ਭੱਜ ਕੇ ਨਿਕਲ ਗਏ ਹਨ’
BBC ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਹਮਲਾ ISIS ਦੀ ਖੁਰਾਸਾਨ ਵਿੰਗ ਯਾਨੀ ISIS-K ਨੇ ਕੀਤਾ ਹੈ । ISIS-K ਦਾ ਨਾਂ ਉੱਤਰੀ ਪੂਰਵੀ ਇਰਾਨ,ਦੱਖਣੀ ਤੁਰਕਮੇਨਿਸਤਾਨ ਅਤੇ ਉੱਤਰੀ ਅਫਗਾਨੀਸਤਾਨ ਵਿੱਚ ਆਉਣ ਵਾਲੇ ਖੇਤਰ ਦੇ ਨਾਂ ‘ਤੇ ਰੱਖਿਆ ਗਿਆ ਹੈ । ਇਹ ਹੀ ਜਥੇਬੰਦੀ 2014 ਵਿੱਚ ਪੂਰੀ ਅਫਗਾਨਿਸਤਾਨ ਵਿੱਚ ਐਕਟਿਵ ਹੋਈ । ਇਹ ਪੁਤੀਨ ਦੀ ਵਿਰੋਧੀ ਹੈ, ਇੰਨਾਂ ਦਾ ਕਹਿਣਾ ਹੈ ਕਿ ਪੁਤੀਨ ਦੀ ਸਰਕਾਰ ਸੀਰੀਆ ‘ਤੇ ਹਮਲਾ ਕਰਕੇ ਮੁਸਲਮਾਨਾਂ ‘ਤੇ ਜ਼ੁਲਮ ਕਰਦੀ ਹੈ । ਅਫਗਾਨਿਸਤਾਨ ਦੇ ਮੁਸਲਮਾਨਾਂ
‘ਤੇ ਇਸੇ ਤਰ੍ਹਾਂ ਜ਼ੁਲਮ ਸੋਵੀਅਤ ਸੰਘ ਦੇ ਦੌਰਾਨ ਵੀ ਹੋਏ ਸਨ । ਪੁਤੀਨ 18 ਮਾਰਚ ਨੂੰ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ । 5 ਦਿਨਾਂ ਬਾਅਦ ਹੀ ਦਹਿਸ਼ਤਗਰਦੀ ਹਮਲਾ ਹੋਇਆ ।
ਰੂਸ ਨੂੰ ਯੂਕਰੇਨ ‘ਤੇ ਸ਼ੱਕ
ਰੂਸ ਨੇ ਇਸ ਹਮਲੇ ਵਿੱਚ ਯੂਕਰੇਨ ਦਾ ਹੱਥ ਹੋਣ ਦਾ ਦਾਅਵਾ ਕੀਤਾ ਹੈ । ਇਸ ‘ਤੇ ਯੂਕਰੇਨ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ‘ਅਸੀਂ ਇਸ ਤਰ੍ਹਾਂ ਦੇ ਇਲਜ਼ਾਮਾਂ ਨੂੰ ਯੂਕਰੇਨ ਵਿਰੋਧੀ ਮੰਨਦੇ ਹਾਂ । ਕੌਮਾਂਤਰੀ ਭਾਈਚਾਰੇ ਵਿੱਚ ਯੂਕਰੇਨ ਨੂੰ ਬਦਨਾਮ ਕਰਨ ਦਾ ਤਰੀਕਾ ਹੈ । ਸਾਡੇ ਦੇਸ਼ ਦੇ ਖਿਲਾਫ ਰੂਸ ਦੇ ਨਾਗਰਿਕਾਂ ਨੂੰ ਇਕੱਠੇ ਕੀਤਾ ਜਾ ਰਿਹਾ ਹੈ ।