‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਤਾਮਿਲਨਾਡੂ ਦੇ ਕੰਨੂਰ ’ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਏ ਫ਼ੌਜ ਦੇ ਪੰਜ ਹੋਰ ਮੁਲਾਜ਼ਮਾਂ ਦੀਆਂ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਪਛਾਣ ਤੋਂ ਬਾਅਦ ਲਾਸ਼ਾਂ ਨੂੰ ਫ਼ੌਜੀ ਸਨਮਾਨ ਨਾਲ ਉਨ੍ਹਾਂ ਦੇ ਜੱਦੀ ਪਿੰਡਾਂ ’ਚ ਭੇਜ ਦਿੱਤਾ ਗਿਆ। ਫ਼ੌਜੀ ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਇਸ ਹਾਦਸੇ ’ਚ ਇਕਲੌਤੇ ਜ਼ਿੰਦਾ ਬਚੇ ਕੈਪਟਨ ਵਰੁਣ ਸਿੰਘ ਦੀ ਹਾਲਤ ਗੰਭੀਰ ਪਰ ਸਥਿਰ ਦੱਸੀ ਗਈ ਹੈ। ਉਨ੍ਹਾਂ ਦਾ ਬੈਂਗਲੁਰੂ ਦੇ ਏਅਰਫੋਰਸ ਕਮਾਂਡ ਹਸਪਤਾਲ ’ਚ ਇਲਾਜ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਮੁਲਾਜ਼ਮਾਂ ਦੀਆਂ ਲਾਸ਼ਾਂ ਦੀ ਪਛਾਣ ਹੋਈ ਹੈ ਉਹ ਹਨ, ਜੂਨੀਅਰ ਵਾਰੰਟ ਅਫ਼ਸਰ (ਜੇਬਡਲਯੂਓ) ਪ੍ਰਦੀਪ ਅਰਕੱਲ, ਵਿੰਗ ਕਮਾਂਡਰ ਪੀਐੱਸ ਚੌਹਾਨ, ਜੇਡਬਲਯੂਓ ਰਾਣਾ ਪ੍ਰਤਾਪ ਦਾਸ, ਲਾਂਸ ਨਾਇਕ ਬੀ. ਸਾਈਂ ਤੇਜਾ ਤੇ ਲਾਂਸ ਨਾਇਕ ਵਿਵੇਕ ਕੁਮਾਰ।
ਤਾਮਿਲਨਾਡੂ ’ਚ ਬੁੱਧਵਾਰ ਨੂੰ ਫ਼ੌਜ ਦੇ ਐੱਮਆਈ-17ਵੀ5 ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋਣ ਨਾਲ ਭਾਰਤ ਦੇ ਪਹਿਲੇ ਚੀਫ ਡਿਫੈਂਸ ਆਫ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ, ਬਿ੍ਰਗੇਡੀਅਰ ਐੱਲਐੱਸ ਲਿੱਧਰ ਤੇ 10 ਹੋਰ ਫ਼ੌਜੀਆਂ ਦਾ ਮੌਤ ਹੋ ਗਈ ਸੀ।