‘ਦ ਖ਼ਾਲਸ ਬਿਊਰੋ:- ਸਰਕਾਰ ਵੱਲੋਂ ਕਈ ਸਿੱਖ ਮੀਡੀਆ ਅਦਾਰਿਆਂ ਉੱਤੇ ਗੈਰਕਾਨੂੰਨੀ ਰੋਕਾਂ ਲਾਈਆਂ ਜਾ ਰਹੀਆਂ ਹਨ। ਹਾਲਾਂਕਿ ਕਹਿਣ ਨੂੰ ਤਾਂ ਭਾਰਤ ਵਿੱਚ ਮੀਡੀਆ ਸੁਤੰਤਰ ਹੈ। ਪਰ ਫਿਰ ਵੀ ਸਰਕਾਰ ਦੀ ਮਰਜੀ ਅਨੁਸਾਰ ਹੀ ਮੀਡੀਆ ਨੂੰ ਆਪਣੀ ਗੱਲ ਕਹਿਣ ਦੀ ਆਗਿਆ ਦਿੱਤੀ ਜਾਂਦੀ ਹੈ।
ਸਰਕਾਰ ਵੱਲੋਂ ਸਿੱਖ ਖ਼ਬਰ ਅਦਾਰੇ ‘ਸਿੱਖ ਸਿਆਸਤ’ ਦੀ ਅੰਗਰੇਜੀ ਖ਼ਬਰਾਂ ਦੀ ਵੈੱਬਸਾਈਟ ਬੰਦ ਕਰਵਾ ਦਿੱਤੀ ਹੈ, ਇਹ ਜਾਣਕਾਰੀ ਸਿੱਖ ਸਿਆਸਤ ਦੇ ਪ੍ਰਬੰਧਕ ਅਤੇ ਮੁੱਖ ਸੰਪਾਦਕ ਪਰਮਜੀਤ ਸਿੰਘ ਗਾਜੀ ਨੇ ਦਿੱਤੀ। ਉਹਨਾਂ ਦੱਸਿਆ ਕਿ ‘ਸਿੱਖ ਸਿਆਸਤ ਡੌਟ ਨੈੱਟ’ ਪੰਜਾਬ ਅਤੇ ਭਾਰਤ ਅੰਦਰ ਰੋਕੀ ਜਾ ਰਹੀ ਹੈ, ਜਦਕਿ ਬਾਕੀ ਸਾਰੇ ਸੰਸਾਰ ਵਿੱਚ ਬਿਨਾ ਕਿਸੇ ਦਿੱਕਤ ਦੇ ਪੜ੍ਹੀ ਜਾ ਸਕਦੀ ਹੈ।
ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ 2015 ਵਿੱਚ ਬਾਦਲ ਸਰਕਾਰ ਨੇ ਕੇਂਦਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤਹਿਤ ਬਣੀ ਇੱਕ ਕਮੇਟੀ ਕੋਲ ਸ਼ਿਕਾਇਤ ਕੀਤੀ ਸੀ ਕਿ ਸਿੱਖ ਸਿਆਸਤ ਡੌਟ ਨੈੱਟ ਬੰਦ ਕਰ ਦਿੱਤੀ ਜਾਵੇ ਕਿਉਂਕਿ ਇਸ ਉੱਤੇ ਕਥਿਤ ਇਤਰਾਜਯੋਗ ਸਮੱਗਰੀ ਹੈ। ਉਹਨਾਂ ਕਿਹਾ ਕਿ ਉਸ ਵੇਲੇ ਕਮੇਟੀ ਨੇ ਸਿੱਖ ਸਿਆਸਤ ਨੂੰ ਆਪਣਾ ਪੱਖ ਰੱਖਣ ਦਾ ਸੱਦਾ ਦਿੱਤਾ ਸੀ। ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਆਪ ਕਮੇਟੀ ਨਾਲ ਮੁਲਾਕਾਤ ਕਰਕੇ ਸਾਰਾ ਪੱਖ ਕਮੇਟੀ ਕੋਲ ਰੱਖਿਆ ਸੀ ਅਤੇ ਕਮੇਟੀ ਨੇ ਪੰਜਾਬ ਸਰਕਾਰ ਦੇ ਦੋਸ਼ ਰੱਦ ਕਰ ਦਿੱਤੇ ਸਨ ਤੇ ਵੈੱਬਸਾਈਟ ਬੇਰੋਕ ਚੱਲਦੀ ਰਹੀ ਸੀ। ਉਹਨਾਂ ਕਿਹਾ ਕਿ ਇਸ ਵਾਰ ਉਨ੍ਹਾਂ ਨੂੰ ਪੱਖ ਰੱਖਣ ਲਈ ਕੋਈ ਕਾਨੂੰਨੀ ਨੋਟਿਸ ਨਹੀਂ ਮਿਲਿਆ। ਇਹ ਪੁੱਛਣ ਉੱਤੇ ਕਿ ਕੀ ਇਸ ਵਾਰ ਤੈਅ ਪ੍ਰਕਿਰਿਆ ਤੋਂ ਬਿਨਾ ਕਾਰਵਾਈ ਕਰਵਾਈ ਗਈ ਹੋ ਸਕਦੀ ਹੈ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਸੰਭਾਵਨਾ ਨੂੰ ਖਾਰਜ਼ ਨਹੀਂ ਕਰ ਸਕਦਾ ਕਿਉਂਕਿ ਸਾਨੂੰ ਇਸ ਵਾਰ ਸਾਨੂੰ ਸਿੱਖ ਸਿਆਸਤ ਵੈੱਬਸਾਈਟ ਉੱਤੇ ਰੋਕ ਲਾਉਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਨੋਟਿਸ ਨਹੀਂ ਮਿਲਿਆ। ਉਹਨਾਂ ਦੱਸਿਆ ਕਿ ਅਦਾਰਾ ਸਿੱਖ ਸਿਆਸਤ ਸਾਲ 2006 ਤੋਂ ਸੇਵਾ ਵਿੱਚ ਹੈ ਅਤੇ ਅੰਗਰੇਜੀ ਵਿੱਚ ਖ਼ਬਰਾਂ ਦਾ ਮੰਚ ਸਿੱਖ ਸਿਆਸਤ ਡੌਟ ਨੈੱਟ ਕਰੀਬ 11 ਸਾਲਾਂ ਤੋਂ ਸੇਵਾ ਵਿੱਚ ਹੈ।
ਜਿਕਰਯੋਗ ਹੈ ਕਿ ਪਿਛਲੇ ਦਿਨੀਂ ਇੱਕ ਹੋਰ ਸਿੱਖ ਮੀਡੀਆ ਚੈਨਲ ਅਕਾਲ ਚੈਨਲ ਅਤੇ ਕੇ. ਟੀਵੀ ਚੈਨਲ ਨੂੰ ਵੀ ਸਰਕਾਰ ਵੱਲੋਂ ਬੈਨ ਕੀਤਾ ਜਾ ਚੁੱਕਾ ਹੈ। ਅਤੇ ਹੁਣ ਸਿੱਖ ਸਿਆਸਤ ਦੀ ਵੈੱਬਸਾਈਟ ਬੈਨ ਕਰ ਦਿੱਤੀ ਗਈ ਹੈ।
ਸਮੂਹ ਮੀਡੀਆ, ਪੰਥਕ ਜਥੇਬੰਦੀਆਂ, ਇਨਸਾਫ ਪਸੰਦ ਲੋਕਾਂ ਨੂੰ ਅਪੀਲ ਹੈ ਕਿ ਨਿਰਪੱਖ ਮੀਡੀਆ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰੋ।