‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਲੇਰਕੋਟਲਾ ਵਿੱਚ ਇੱਕ ਨਿੱਜੀ ਸੀਤਾ ਗਲੈਮਰ ਸਕੂਲ ਦੇ ਬਾਹਰ ਵਿਦਿਆਰਥੀਆਂ ਦੇ ਨਾਮ ਕੱਟੇ ਜਾਣ ‘ਤੇ ਮਾਪਿਆਂ ਵੱਲੋਂ ਸਕੂਲ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਕਰਦਿਆਂ ਮਾਪਿਆਂ ਵੱਲੋਂ ਸੜਕ ‘ਤੇ ਜਾਮ ਲਗਾਇਆ ਗਿਆ ਹੈ। ਮਾਪਿਆਂ ਨੇ ਵਿਦਿਆਰਥੀਆਂ ਨੂੰ ਵਟਸਐਪ ਗਰੁੱਪਾਂ ਵਿੱਚੋਂ ਕੱਢਣ ਦੇ ਇਲਜ਼ਾਮ ਲਗਾਏ ਹਨ। ਸਕੂਲ ਨੇ ਵਿਦਿਆਰਥੀਆਂ ਵੱਲੋਂ ਫੀਸ ਜਮ੍ਹਾ ਨਾ ਕਰਵਾਉਣ ‘ਤੇ ਇਹ ਕਦਮ ਚੁੱਕਿਆ ਹੈ।
ਤਕਰੀਬਨ 500 ਤੋਂ ਵੱਧ ਬੱਚਿਆਂ ਨੂੰ ਸਕੂਲ ਦੇ ਵਟਸਐਪ ਗਰੁੱਪ ਵਿੱਚੋਂ ਕੱਢਿਆ ਗਿਆ ਹੈ। ਦੋ ਦਿਨ ਪਹਿਲਾਂ ਇਸੇ ਸਕੂਲ ਦੇ ਇੱਕ ਵਿਦਿਆਰਥੀ ਦਾ ਨਾਂ ਕੱਟੇ ਜਾਣ ਤੋਂ ਬਾਅਦ ਉਸਦੇ ਪਿਤਾ ਸਕੂਲ ਦੇ ਬਾਹਰ ਭੁੱਖ ਹੜਤਾਲ ‘ਤੇ ਬੈਠ ਗਏ ਸਨ। ਇਨ੍ਹਾਂ ਦਾ ਬੱਚਾ ਚੌਥੀ ਕਲਾਸ ਵਿੱਚ ਪੜ੍ਹਦਾ ਸੀ ਤੇ ਉਸਦਾ ਨਾਮ ਇਸ ਕਰਕੇ ਕੱਟ ਦਿੱਤਾ ਗਿਆ ਸੀ ਕਿਉਂਕਿ ਉਸਦੇ ਪਿਤਾ ਨੇ ਫੀਸਾਂ ਨੂੰ ਲੈ ਕੇ ਹੋਏ ਪ੍ਰਦਰਸ਼ਨ ਵਿੱਚ ਭਾਗ ਲਿਆ ਸੀ। ਬੱਚੇ ਦੇ ਪਿਤਾ ਨੇ ਡਿਪਟੀ ਕਮਿਸ਼ਨਰ, ਸਿੱਖਿਆ ਮੰਤਰੀ ਤੋਂ ਲੈ ਕੇ ਮੁੱਖ-ਮੰਤਰੀ ਤੱਕ ਚਿੱਠੀ-ਪੱਤਰ ਲਿਖ ਕੇ ਪਹੁੰਚ ਵੀ ਕੀਤੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।
ਅਜੇ ਇਹ ਮਸਲਾ ਹੱਲ ਨਹੀਂ ਸੀ ਹੋਇਆ ਕਿ ਸਕੂਲ ਨੇ ਆਪਣੇ ਵਟਸਐਪ ਗਰੁੱਪ ‘ਚੋਂ 500 ਬੱਚਿਆਂ ਦਾ ਨਾਮ ਕੱਟ ਦਿੱਤਾ ਹੈ। ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਆਰਥਿਕ ਮੰਦੀ ਦੇ ਚੱਲਦਿਆਂ ਵਿਦਿਆਰਥੀਆਂ ਦੇ ਮਾਪੇ ਫੀਸਾਂ ਨਹੀਂ ਦੇ ਪਾ ਰਹੇ ਹਨ ਪਰ ਸਕੂਲਾਂ ਵੱਲੋਂ ਫੀਸਾਂ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ।