ਬਿਉਰੋ ਰਿਪੋਰਟ : ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੇ ਲਈ ਬਣਾਈ ਗਈ 5 ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਣ ਦਾ ਫੈਸਲਾ ਹੋਇਆ ਹੈ । ਕਮੇਟੀ ਨੇ ਤੈਅ ਕੀਤਾ ਹੈ ਕਿ ਉਨ੍ਹਾਂ ਤੋਂ ਮਿਲਣ ਦਾ ਸਮਾਂ ਮੰਗਣ ਦੇ ਲਈ ਇੱਕ ਪੱਤਰ ਲਿਖਿਆ ਜਾਵੇਗਾ । ਕਮੇਟੀ ਦੇ ਮੈਂਬਰ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਇਸ ਕਮੇਟੀ ਦੀ ਮੁੱਢਲੀ ਮੀਟਿੰਗ ਵਿਚ ਭਾਰਤ ਸਰਕਾਰ ਨਾਲ ਬੰਦੀ ਸਿੰਘਾਂ ਦੇ ਮਾਮਲੇ ’ਤੇ ਸਦਭਾਵਨਾ ਵਾਲੇ ਮਾਹੌਲ ਵਿਚ ਗੱਲਬਾਤ ਕਰਨ ਦਾ ਨਿਰਣਾ ਕੀਤਾ ਗਿਆ ਹੈ । ਇਸੇ ਦਿਸ਼ਾ ਵਿਚ ਹੀ ਅਗਲੇ ਕਦਮ ਚੁੱਕੇ ਜਾਣਗੇ। ਐਡਵੋਕੇਟ ਧਾਮੀ ਨੇ ਕਿਹਾ ਕਿ ਕਮੇਟੀ ਮੈਂਬਰਾਂ ਦੇ ਕੀਮਤੀ ਸੁਝਾਵਾਂ ਅਨੁਸਾਰ ਹੀ ਹਰ ਕਦਮ ਉਠਾਇਆ ਜਾਵੇਗਾ ਅਤੇ ਅਸੀਂ ਚਾਹੁੰਦੇ ਹਾਂ ਕਿ ਜਲਦ ਹੀ ਬੰਦੀ ਸਿੰਘਾਂ ਦੇ ਮਾਮਲੇ ’ਚ ਇਕ ਵਧੀਆ ਮਾਹੌਲ ਵਿਚ ਸਰਕਾਰ ਨਾਲ ਗੱਲਬਾਤ ਅੱਗੇ ਤੁਰੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਬੰਦੀ ਸਿੰਘਾਂ ਦੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋਕਤੰਤਰੀ ਤਰੀਕੇ ਨਾਲ ਯਤਨ ਜਾਰੀ ਰੱਖੇ ਜਾਣਗੇ।
ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਰਜ਼ਮਾਨ ਹੈ ਅਤੇ ਇਸ ਦੇ ਹਰ ਮੈਂਬਰ ਨੇ ਆਪਣੇ ਜੁੰਮੇ ਲੱਗੀ ਸੇਵਾ ਸੁਹਿਰਦ ਭਾਵਨਾ ਨਾਲ ਨਿਭਾਉਣ ਦੀ ਵਚਨਬਧਤਾ ਪ੍ਰਗਟਾਈ ਹੈ। ਹਰ ਮੈਂਬਰ ਦੀ ਭਾਵਨਾ ਹੈ ਕਿ ਬੰਦੀ ਸਿੰਘਾਂ ਦਾ ਮਾਮਲਾ ਕਿਸੇ ਸਿੱਟੇ ’ਤੇ ਜ਼ਰੂਰ ਪੁੱਜੇ ਅਤੇ ਆਸ ਹੈ ਕਿ ਇਸ ਵਿਚ ਕਾਮਯਾਬੀ ਮਿਲੇਗੀ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਬੰਦੀ ਸਿੰਘਾਂ ਦੇ ਮਾਮਲਿਆਂ ਨੂੰ ਹੱਲ ਕਰਨ ਦੀ ਪਹਿਲਕਦਮੀ ਕਰਨ।