ਚੰਡੀਗੜ੍ਹ- ਦਿੱਲੀ ਦੇ ਜ਼ਾਫਰਾਬਾਦ ਵਿੱਚ ਕੁੱਝ ਲੋਕ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨ ਵਿੱਚ ਸ਼ਾਮਲ ਲੋਕ ਇਸ ਸਮੇਂ ਦੌਰਾਨ ਹਿੰਸਕ ਹੋ ਗਏ ਹਨ। ਉਨ੍ਹਾਂ ਨੇ ਕਈ ਗੱਡੀਆਂ ਨੂੰ ਅੱਗ ਲਾ ਦਿੱਤੀ। ਇਸੇ ਸਮੇਂ ਇਕ ਪੁਲਿਸ ਕਾਂਸਟੇਬਲ ਦੀ ਗੋਲੀ ਲੱਗਣ ਨਾਲ ਮੌਤ ਦੀ ਖ਼ਬਰ ਆ ਰਹੀ ਹੈ। ਗੋਲੀ ਲੱਗਣ ਨਾਲ ਮਰਨ ਵਾਲੇ ਪੁਲਿਸ ਕਾਂਸਟੇਬਲ ਦਾ ਨਾਮ ਰਤਨ ਲਾਲ ਹੈ ਜੋ ਕਿ ਗੋਕੁਲਪੁਰ ਏਸੀਪੀ ਦਫ਼ਤਰ ਵਿੱਚ ਤਾਇਨਾਤ ਸੀ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਕਿਸ ਦੀ ਗੋਲੀ ਨਾਲ ਜਵਾਨ ਦੀ ਮੌਤ ਹੋਈ ਹੈ।
ਹਿੰਸਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਨੂੰ ਅਪੀਲ ਕੀਤੀ ਹੈ। ਕੇਜਰੀਵਾਲ ਨੇ ਟਵੀਟ ਕੀਤਾ ਕਿ ਦਿੱਲੀ ਦੇ ਕੁੱਝ ਹਿੱਸਿਆਂ ਵਿੱਚ ਸ਼ਾਂਤੀ ਅਤੇ ਸਦਭਾਵਨਾ ਵਿੱਚ ਵਿਗਾੜ ਦੀਆਂ ਬਹੁਤ ਸਾਰੀਆਂ ਪ੍ਰੇਸ਼ਾਨ ਕਰਨ ਵਾਲੀਆਂ ਖ਼ਬਰਾਂ ਆ ਰਹੀਆਂ ਹਨ। ਮੈਂ LG ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਅਮਨ-ਕਾਨੂੰਨ ਨੂੰ ਬਹਾਲ ਕਰਨ।
ਜ਼ਾਫਰਾਬਾਦ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੇ ਚੰਦ ਬਾਗ਼ ਵਿੱਚ ਵੀ ਕੁਝ ਵਾਹਨਾਂ ਨੂੰ ਅੱਗ ਲਾ ਦਿੱਤੀ ਹੈ। ਸਵੇਰੇ ਦਿੱਲੀ ਪੁਲਿਸ ਦੇ ਜੁਆਇੰਟ ਕਮਿਸ਼ਨਰ ਨੇ ਖੁਦ ਕਮਾਂਡ ਲੈਂਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਹਿਮਤ ਨਹੀਂ ਹੋਏ। ਇਸ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ।
ਅੱਜ ਸਵੇਰ ਤੋਂ ਹੀ ਜ਼ਾਫਰਾਬਾਦ ’ਚ ਭਾਰੀ ਗਿਣਤੀ ’ਚ ਪੁਲਿਸ ਤਾਇਨਾਤ ਹੈ। ਮੌਜਪੁਰ ’ਚ ਬਾਜ਼ਾਰ ਬੰਦ ਹੈ ਪਰ ਕੁੱਝ ਦੁਕਾਨਾਂ ਖੁੱਲ੍ਹੀਆਂ ਸਨ। ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਯਮੁਨਾ–ਪਾਰ ਦੀਆਂ ਚਾਰ ਸੜਕਾਂ ਬੰਦ ਕਰ ਦਿੱਤੀਆਂ ਸਨ; ਜਿਸ ਤੋਂ ਬਾਅਦ ਈਸਟ ਦਿੱਲੀ ਦੀਆਂ ਸੜਕਾਂ ਪੂਰੀ ਤਰ੍ਹਾਂ ਜਾਮ ਹੋ ਗਈਆਂ ਸਨ।
ਜ਼ਾਫਰਾਬਾਦ ਦੇ ਮੌਜਪੁਰ ਮੈਟਰੋ ਸਟੇਸ਼ਨ ਕੋਲ ਐਤਵਾਰ ਨੂੰ ਰੁਕ–ਰੁਕ ਕੇ ਲਗਭਗ ਦੋ ਘੰਟਿਆਂ ਤੱਕ ਪਥਰਾਅ ਹੋਇਆ। ਇਸ ਦੌਰਾਨ ਪੁਲਿਸ ਨੇ ਲਗਭਗ ਛੇ ਰਾਊਂਡ ਅੱਥਰੂ ਗੈਸ ਦੇ ਗੋਲੇ ਛੱਡੇ ਪਰ ਬੇਅਸਰ ਸਿੱਧ ਹੁੰਦੇ ਰਹੇ। ਬੇਕਾਬੂ ਹਾਲਾਤ ਨੂੰ ਵੇਖਦਿਆਂ ਭਾਰੀ ਗਿਣਤੀ ’ਚ ਨੀਮ ਫ਼ੌਜੀ ਤੇ ਪੁਲਿਸ ਬਲਾਂ ਨੂੰ ਸੱਦਿਆ ਗਿਆ।
ਫਿਰ ਉੱਥੋਂ ਦੋਵੇਂ ਧਿਰਾਂ ਦੇ ਪ੍ਰਦਰਸ਼ਨਕਾਰੀਆਂ ਨੂੰ ਹਟਾ ਕੇ ਹਾਲਾਤ ’ਤੇ ਕਾਬੂ ਪਾਇਆ ਗਿਆ। CAA ਅਤੇ NRC ਦੇ ਵਿਰੋਧ ’ਚ ਐਤਵਾਰ ਨੂੰ ਜਾਫ਼ਰਾਬਾਦ ਮੈਟਰੋ ਰੇਲਵੇ ਸਟੇਸ਼ਨ ਹੇਠਾਂ ਸੜਕ ਜਾਮ ਕਰਨ ਨਾਲ ਸਮਰਥਨ ਕਰਨ ਵਾਲੇ ਲੋਕ ਭੜਕ ਗਏ ਸਨ।
ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਕਿਹਾ ਕਿ ਦਿੱਲੀ ਪੁਲਿਸ ਅਤੇ ਪੁਲਿਸ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਉੱਤਰ ਪੂਰਬੀ ਦਿੱਲੀ ਵਿੱਚ ਅਮਨ-ਕਾਨੂੰਨ ਕਾਇਮ ਰੱਖਣ। ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਸਾਰਿਆਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਸੰਜਮ ਵਰਤਣ ਦੀ ਅਪੀਲ ਕੀਤੀ ਹੈ।