Punjab

ਮੁਸਲਮਾਨਾਂ ਖ਼ਿਲਾਫ਼ ਯੂਪੀ ਦੇ ਮੁੱਖ ਮੰਤਰੀ ਯੋਗੀ ਨੇ ਫਿਰ ਉਗਲਿਆ ਜ਼ਹਿਰ

‘ਦ ਖ਼ਾਲਸ ਬਿਊਰੋ :- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕੋਵਿਡ-19 ਦੇ ਫੈਲਾਅ ਲਈ ਤਬਲੀਗੀ ਜਮਾਤ ਦੇ ਮੈਂਬਰਾਂ ਸਿਰ ਭਾਂਡਾ ਭੰਨਦਿਆਂ ਕਿਹਾ ਕਿ ਵਾਇਰਸ ਦੇ ਚੱਲਦਿਆਂ ਆਉਣਾ ਅਪਰਾਧ ਨਹੀਂ, ਬਲਕਿ ਇਸ ਨੂੰ ਲੁਕਾਉਣਾ ਯਕੀਨਨ ‘ਅਪਰਾਧ’ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ‘ਅਪਰਾਧ’ ਲਈ ਸਬੰਧਤਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਤੇ ਮਾਰਚ ਦੇ ਵਿਚਕਾਰ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਵਿੱਚ ਧਾਰਮਿਕ ਇਕੱਤਰਤਾ ਲਈ ਇਕੱਠੇ ਹੋਏ ਤਬਲੀਗੀ ਜਮਾਤ ਦੇ ਮੈਂਬਰਾਂ ਨੂੰ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ।

ਦੇਸ਼ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਦੁੱਗਣੀ ਕਰਨ ਲਈ ਤਬਲੀਗੀ ਜਮਾਤ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹੈ। ਮੁੱਖ ਮੰਤਰੀ ਨੇ ਕਿਹਾ ਕਿ ‘ਤਬਲੀਗੀ ਜਮਾਤ ਨੂੰ ਇਸ ਪੂਰੇ ਘਟਨਾਕ੍ਰਮ ’ਚ ਭੂਮਿਕਾ ਲਈ ਨਿੰਦਣਾ ਬਣਦਾ ਹੈ। ਰੋਗ ਦੀ ਚਪੇਟ ’ਚ ਆਉਣਾ ਕੋਈ ਅਪਰਾਧ ਨਹੀਂ ਹੈ, ਪਰ ਫੈਲਣ ਵਾਲੇ ਰੋਗ ਨੂੰ ਲੁਕਾਉਣਾ ਯਕੀਨੀ ਤੌਰ ’ਤੇ ਅਪਰਾਧ ਹੈ ਤੇ ਤਬਲੀਗੀ ਜਮਾਤ ਨਾਲ ਜੁੜੇ ਲੋਕਾਂ ਨੇ ਇਹ ਅਪਰਾਧ ਕੀਤਾ ਹੈ।’ ਯੋਗੀ ਨੇ ਕਿਹਾ, ‘ਉੱਤਰ ਪ੍ਰਦੇਸ਼ ਜਾਂ ਹੋਰਨਾਂ ਥਾਵਾਂ ’ਤੇ ਜਿੱਥੇ ਕਿਤੇ ਵੀ ਕੋਰੋਨਵਾਇਰਸ ਦਾ ਫੈਲਾਅ ਨਜ਼ਰੀ ਪੈਂਦਾ ਹੈ, ਇਸ ਪਿੱਛੇ ਤਬਲੀਗੀ ਜਮਾਤ ਦਾ ਹੱਥ ਹੈ। ਜੇਕਰ ਉਨ੍ਹਾਂ ਰੋਗ ਬਾਰੇ ਨਾ ਲੁਕਾਇਆ ਹੁੰਦਾ ਤੇ ਖੁੱਲ੍ਹੇਆਮ ਇਧਰ ਓਧਰ ਨਾ ਤੁਰੇ ਫਿਰਦੇ, ਤਾਂ ਸ਼ਾਇਦ ਅਸੀਂ ਵੱਡੇ ਪੱਧਰ ’ਤੇ ਕੋਰੋਨਾਵਾਇਰਸ ਮਹਾਂਮਾਰੀ ’ਤੇ ਕੰਟਰੋਲ ਪਾ ਲੈਂਦੇ।