‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅੱਜ 1 ਜੂਨ 1984 ਦੇ ਤੀਜੇ ਵੱਡੇ ਘੱਲੂਘਾਰੇ ਦੀ ਸ਼ੁਰੂਆਤ ਦਾ ਦਿਨ ਹੈ, ਪਰ ਅੱਜ ਦੇ ਹੀ ਦਿਨ 1 ਜੂਨ 2015 ਨੂੰ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ‘ਚੋਂ ਚੋਰੀ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਪਾਵਨ ਸਰੂਪ 1984 ਦੇ ਜਖਮਾਂ ਨੂੰ ਫਿਰ ਤੋਂ ਹਰਾ ਕਰਦੇ ਹਨ।
1 ਜੂਨ ਨੂੰ ਵਾਪਰੀਆਂ ਇਹ ਦੋਵੇਂ ਘਟਨਾਵਾਂ ਸਿੱਖ ਕੌਮ ਦੇ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖੀਆਂ ਗਈਆਂ ਹਨ।ਪਹਿਲੀ ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਏ ਸਨ।ਜ਼ਿਕਰਯੋਗ ਹੈ ਕਿ 12 ਅਕਤੂਬਰ ਨੂੰ ਬਰਗਾੜੀ ਵਿਖੇ ਬੇਅਦਬੀ ਦੀ ਘਟਨਾ ਵਾਪਰੀ ਸੀ ਅਤੇ ਮਾੜੀ ਸ਼ਬਦਾਵਲੀ ਵਾਲੇ ਧਮਕੀ ਭਰੇ ਹੱਥ ਲਿਖਤ ਪੋਸਟਰ ਵੀ ਲੱਗੇ ਮਿਲੇ ਸਨ।
ਇਸ ਮਾਮਲੇ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਜੋ ਸਾਰੀ ਜਾਂਚ ਪ੍ਰਕਿਰਿਆ ਦੀ ਰਿਪੋਰਟ ਪੇਸ਼ ਕੀਤੀ ਹੈ ਉਸ ਅਨੁਸਾਰ ਮਾਰਚ 2017 ਤੱਕ ਬੇਅਦਬੀਆਂ ਦੀਆਂ 122 ਘਟਨਾਵਾਂ ਵਾਪਰੀਆਂ ਹਨ।ਇਸ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 30 ਸਰੂਪ, ਗੁਰੂਦਵਾਰਾ ਸਾਹਿਬ 8, ਗੁਟਕਾ ਸਾਹਿਬ 56, ਹਿੰਦੂ 22, ਮੁਸਲਿਮ 05 ਅਤੇ ਕ੍ਰਿਸ਼ਚਨ ਦੇ 01 ਧਾਰਮਿਕ ਗ੍ਰੰਥ ਦੀਆਂ ਬੇਅਦਬੀਆਂ ਹੋਈਆਂ ਹਨ। ਇਸਦੀ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਸੂਬੇ ਵਿੱਚ ਬੇਅਦਬੀ ਦੀਆਂ 157 ਘਟਨਾਵਾਂ ਵਾਪਰੀਆਂ ਹਨ।
ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਪਾਵਨ ਸਰੂਪ ਚੋਰੀ ਹੋਣ ਦੀ ਘਟਨਾ ਦੁਪਹਿਰੇ ਕਰੀਬ 1 ਵਜੇ ਵਾਪਰੀ ਸੀ।ਇਹ ਘਟਨਾ ਸੋਚਣ ਤੇ ਉਮੀਦ ਤੋਂ ਵੀ ਪਰ੍ਹੇ ਸੀ।ਕਮਿਸ਼ਨ ਦੀ ਰਿਪੋਰਟ ਵਿੱਚ ਇਹ ਕਿਹਾ ਗਿਆ ਸੀ ਕਿ ਇਹੋ ਜਿਹਾ ਕਾਰਾ ਤਾਂ ਮੁਗਲ ਕਾਲ ਵਿੱਚ ਵੀ ਨਹੀਂ ਵਾਪਰਿਆ ਸੀ, ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ। ਇਸ ਘਟਨਾ ਦੇ ਪਿੱਛੇ ਸਿਰਫ ਸਿਰਫ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨੀ ਸੀ। ਇਹ ਕੋਈ ਹਰ ਰੋਜ ਹੋਣ ਵਾਲਾ ਆਮ ਅਪਰਾਧ ਨਹੀਂ ਸੀ।
ਬੁਰਜ ਜਵਾਹਰ ਸਿੰਘ ਵਾਲਾ ਦੀ ਘਟਨਾ ਦਾ ਕਿਵੇਂ ਪਤਾ ਚੱਲਿਆ…
ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਕੁੱਝ ਬੱਚੇ ਗੁਰੂਦੁਆਰਾ ਸਾਹਿਬ ਵਿੱਚ ਗੁਰਬਾਣੀ ਪੜ੍ਹਨੀ ਸਿਖਣ ਲਈ ਆਉਂਦੇ ਸਨ।ਸਭ ਤੋਂ ਪਹਿਲਾਂ ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨੇ ਗਾਇਬ ਦੇਖੇ ਸਨ। ਗੁਰੂਦੁਆਰੇ ਦਾ ਗ੍ਰੰਥੀ ਗੋਰਾ ਸਿੰਘ ਗੁਰੂਦੁਆਰੇ ਅੰਦਰ ਹੀ ਰਹਿੰਦਾ ਸੀ।ਗ੍ਰੰਥੀ ਦੀ ਪਤਨੀ ਸਵਰਨਜੀਤ ਕੌਰ ਗੁਰੂਦੁਆਰੇ ਵਿਚ ਬਣੇ ਕਮਰੇ ਵਿਚ ਮੌਜੂਦ ਸੀ।ਘਟਨਾ ਦਾ ਪਤਾ ਲੱਗਣ ‘ਤੇ ਗ੍ਰੰਥੀ ਦੀ ਪਤਨੀ ਉਸਨੂੰ ਲੈਣ ਚਲੀ ਗਈ, ਜੋ ਪਿੰਡ ਵਿਚ ਕਿਸੇ ਦੇ ਘਰ ਪਾਠ ਕਰ ਰਿਹਾ ਸੀ।
ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਨੇ ਬਾਜਾਖਾਨਾ ਦੀ ਪੁਲਿਸ ਨੂੰ ਸੂਚਿਤ ਕੀਤਾ। ਐੱਸਐੱਚਓ ਜਸਬੀਰ ਸਿੰਘ ਤੇ ਸੁਖਦੇਵ ਸਿੰਘ ਡੀਐਸਪੀ ਮੌਕੇ ਤੇ ਆ ਗਏ। ਪੁਲਿਸ ਨੇ ਉਸ ਦਿਨ ਕੋਈ ਵੀ ਸ਼ਿਕਾਇਤ ਦਰਜ ਨਹੀਂ ਕੀਤੀ ਤੇ 2 ਜੂਨ 2015 ਨੂੰ ਜਦੋਂ ਬਾਜਾਖਾਨਾ ਪੁਲਿਸ ਸਟੇਸ਼ਨ ਤੇ ਐਫਆਈਆਰ ਨੰਬਰ 63 ਦਰਜ ਹੋਈ, ਉਸ ਦਿਨ ਐਫਆਈਆਰ ਦਰਜ ਕੀਤੀ ਗਈ। ਐਫਆਈਆਰ ਦਰਜ ਕਰਨ ਕਰਕੇ ਬਾਜਾਖਾਨਾ ਦੇ ਐਸਐਸਪੀ ਚਰਨਜੀਤ ਸ਼ਰਮਾ ਦਾ ਇਸ ਸਾਰੀ ਰਿਪੋਰਟ ਦੌਰਾਨ ਖਾਸਤੌਰ ‘ਤੇ ਨਾਮ ਲਿਆ ਜਾਂਦਾ ਹੈ। ਉਸ ਵੇਲੇ ਉਹ ਫਰੀਦਕੋਟ ਦੇ ਐਸਐਸਪੀ ਸਨ। ਉਸ ਵੇਲੇ ਫਿਰੋਜਪੁਰ ਰੇਂਜ ਦੇ ਡੀਆਈਜੀ ਅਮਰ ਸਿੰਘ ਚਾਹਲ ਵੀ 2 ਜੂਨ ਨੂੰ ਪਹੁੰਚੇ ਸਨ। ਹਰੇਕ ਪੁਲਿਸ ਅਧਿਕਾਰੀ ਨੇ ਆਪਣੇ ਵੱਲੋਂ ਇਸ ਮਾਮਲੇ ਵਿੱਚ ਚੰਗਾ ਕਰਨ ਦੇ ਦਾਅਵੇ ਕੀਤੇ ਗਏ ਹਨ। ਪਰ ਸਫਲਤਾ ਕਿਸੇ ਨੂੰ ਨਹੀਂ ਮਿਲੀ। ਕਮਿਸ਼ਨ ਨੇ ਕਿਹਾ ਸੀ ਕਿ ਉਹ ਵਧੀਆ ਜਾਂਚ ਦੇ ਸਹੀ ਗਲਤ ਨੂੰ ਵੀ ਦੇਖੇਗੀ।
ਕੋਈ ਵੀ ਸੁਰਾਗ ਨਾ ਲੱਗਣ ਕਾਰਨ, ਐਸਐਸਪੀ ਫਰੀਦਕੋਟ ਨੇ 4 ਜੂਨ 2015 ਨੂੰ ਇਕ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ। ਇਸ ਦੀ ਕਮਾਨ ਐਸਪੀਡੀ ਫਰੀਦਕੋਟ ਤੇ ਜੈਤੋਂ ਦੇ ਡੀਐੱਸਪੀ ਨੂੰ ਮੈਂਬਰਾਂ ਵਜੋਂ ਦਿਤੀ ਗਈ।
ਇਸ ਟੀਮ ਨੇ ਵੀ ਕੋਈ ਵੱਖਰਾ ਟਾਸਕ ਪੂਰਾ ਨਹੀਂ ਕੀਤਾ। ਇਹ ਆਮ ਵਾਂਗ ਹੀ ਸੀ। ਇਸ ਸਮੇਂ ਤੱਕ ਬਠਿੰਡਾ ਰੇਂਜ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਕਿਤੇ ਵੀ ਨਜਰ ਨਹੀਂ ਆ ਰਹੇ ਸਨ। 10 ਜੂਨ ਨੂੰ ਬਣੀ ਨਵੀਂ ਐਸਆਈਟੀ ਬਣਨ ਤੇ ਉਹ ਅਚਾਨਕ ਹਰਕਤ ਵਿਚ ਆ ਗਏ। ਇਸ ਐਸਆਈਟੀ ਦੀ ਅਗੁਵਾਈ ਚਰਨਜੀਤ ਸ਼ਰਮਾ ਤੇ ਅਮਰਜੀਤ ਸਿੰਘ ਫਿਰਜੋਪੁਰ ਦੇ ਹੱਥ ਸੀ।ਇਸ ਐਸਆਈਟੀ ਨੇ ਪਹਿਲੀ ਐਸਐਸਆਈ ਨੂੰ ਬਿਨਾਂ ਮਿਲੇ ਹੀ ਖਰਾਬ ਤੇ ਬੇਕਾਰ ਦੱਸਿਆ।
ਇਸ ਤੋਂ ਬਾਅਦ ਕਈ ਸਿੱਖ ਜਥੇਬੰਦੀਆਂ ਨੇ ਵੀ ਇਸ ਦੇ ਖਿਲਾਫ ਆਵਾਜ ਚੁਕੀ। ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਤੈਨਾਤ ਕੀਤਾ ਗਿਆ ਪੁਲਿਸ ਮੁਲਾਜਮ ਵੀ ਉਥੋਂ ਹਟਾ ਲਿਆ ਗਿਆ।ਇਸ ਤਰ੍ਗਾਂ ਲੱਗ ਰਿਹਾ ਸੀ ਕਿ ਪੁਲਿਸ ਇਸ ਮਾਮਲੇ ਨੂੰ ਠੰਡੇ ਬਸਤੇ ਵਿਚ ਰੱਖਣਾ ਚਾਹੁੰਦੀ ਸੀ, ਤੇ ਇਹ ਇਸੇ ਤਰ੍ਹਾਂ ਹੀ ਹੋਇਆ।
ਮਾੜੀ ਭਾਸ਼ਾ ਵਰਤਦੇ ਪੋਸਟਰ ਚਿਪਕਾਏ ਗਏ
ਇਸ ਤੋਂ ਬਾਅਦ 25 ਸਤੰਬਰ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚ ਪੀਰ ਡੋਢਾ ਦੀ ਸਮਾਧ ਨੇੜੇ ਗੁਰੂਦੁਆਰਾ ਸਾਹਿਬ ਦੇ ਸਿੱਖਾਂ ਲ਼ਈ ਲਿਖੀ ਮਾੜੀ ਭਾਸ਼ਾ ਦੇ ਪੋਸਟਰ ਲਗਾਉਣ ਦੀ ਘਟਨਾ ਵਾਪਰੀ। ਇਸੇ ਤਰ੍ਹਾਂ ਥੋੜ੍ਹਾ ਵੱਖਰਾ ਪੋਸਟਰ ਪਿੰਡ ਬਰਗਾੜੀ ਵੀ ਲਗਾਇਆ ਦੇਖਿਆ ਗਿਆ। ਇਹ ਪੋਸਟਰ 24 ਮਈ 2015 ਨੂੰ ਧਿਆਨ ਵਿਚ ਆਇਆ ਸੀ। ਇਸਨੂੰ ਗਰੂਦਵਾਰਾ ਦੇ ਮੈਨੇਜਰ ਕੁਲਵਿੰਦਰ ਸਿੰਘ ਨੇ ਹਟਾ ਦਿਤਾ ਤੇ ਅਕਾਲੀ ਲੀਡਰ ਗੁਰਚੇਤ ਸਿੰਘ ਢਿੱਲੋਂ ਤੇ ਹੋਰ ਗੁਰੂਦੁਆਰੇ ਦੇ ਸਟਾਫ ਨੂੰ ਇਸ ਬਾਰੇ ਸੂਚਿਤ ਕੀਤਾ।
ਇਹ ਕਿਉਂ ਕੀਤਾ ਗਿਆ ਤੇ ਪੁਲਿਸ ਨੂੰ ਕਿਉਂ ਨਹੀਂ ਸੂਚਿਤ ਕੀਤਾ ਗਿਆ। ਹੋ ਸਕਦਾ ਹੈ ਕਿ ਪੁਲਿਸ ਨੂੰ ਦੱਸਿਆ ਗਿਆ ਹੋਵੇ ਪਰ ਕੁਝ ਕਾਰਣਾ ਕਰਕੇ ਇਹ ਸੂਚਨਾ ਲਕੋਈ ਗਈ ਹੋਵੇ। 25 ਸਤੰਬਰ ਨੂੰ ਬੁਰਜ ਸਿੰਘ ਵਾਲਾ ਦੋ ਪੋਸਟਰ ਲੱਗੇ ਮਿਲੇ ਜਿਨ੍ਹਾਂ ਵਿਚ ਗਲਤ ਭਾਸ਼ਾ ਦੀ ਵਰਤੋਂ ਤੇ ਸਿਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਢਰੀਆਂਵਾਲਾ ਤੇ ਸੰਤ ਬਲਜੀਤ ਸਿੰਘ ਦਾਦੂਵਾਲ ਦਾ ਜਿਕਰ ਸੀ।
ਇਸ ਵਿਚ ਪੁਲਿਸ ਨੂੰ ਚੈਲੇਂਜ ਕੀਤਾ ਗਿਆ ਕਿ ਸਰੂਪ ਲੱਭ ਕੇ ਦਿਖਾਓ, ਜਿਹੜੇ ਪਿੰਡ ਵਿਚ ਹੀ ਮੌਜੂਦ ਹਨ।ਇਸ ਪੋਸਟਰ ਵਿਚ ਡੇਰਾ ਸਿਰਸਾ ਮੁਖੀ ਦੀ ਫਿਲਮ ਮੈਸੇਂਜਰ ਆਫ ਗਾਡ ਦੇ ਰਿਲੀਜ ਨਾ ਕਰਨ ਦੇਣ ਦਾ ਵੀ ਰੋਸ ਸੀ।ਇਸ ਪੋਸਟਰ ਵਿਚ ਧਮਕੀ ਦਿਤੀ ਗਈ ਕਿ ਗੁਰਬਾਣੀ ਦੇ ਪਾਵਨ ਪੰਨੇ ਗਲੀਆਂ ਵਿਚ ਸੁੱਟ ਦਿੱਤੇ ਜਾਣਗੇ। ਪੋਸਟਰਾਂ ਦੀ ਸੂਚਨਾ ਪਾ ਕੇ ਮੌਕੇ ਤੇ ਆਏ ਐਸਐਚਓ ਬਾਜਾ ਖਾਨਾ ਸਬਇੰਸਪੈਕਟਰ ਅਮਰਜੀਤ ਸਿੰਗ ਨੇ ਇਹ ਦੋਵੇਂ ਪੋਸਟਰ ਹਟਾ ਦਿੱਤੇ। ਇਸ ਮਾਮਲੇ ਵਿਚ ਬਾਜਾ ਖਾਨਾ ਪੁਲਿਸ ਨੇ ਐਫਆਈਆਰ ਨੰਬਰ 117 ਦਰਜ ਕੀਤੀ।
ਇਨ੍ਹਾਂ ਘਟਨਾਵਾਂ ਵਿਚ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਲੋਂ ਰੋਜਾਨਾ ਕਾਰਵਾਈ ਕੀਤੀ ਗਈ ਨਜਰ ਆਉਂਦੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਇਹੀ ਕੰਮ ਕੀਾ ਕਿ ਪਿੰਡ ਦੇ ਕਈ ਲੋਕਾਂ ਦੀ ਲਿਖਾਈ ਨੂੰ ਦਰਜ ਕਰ ਲਿਆ। ਪਰ ਇਸਨੇ ਵੀ ਪੁਲਿਸ ਦਾ ਕੋਈ ਫਾਇਦਾ ਨਹੀਂ ਕੀਤਾ।