International

ਬੀਜਿੰਗ ਓਲੰਪਿਕ ਦੇ ਸਿਆਸੀ ਬਾਈਕਾਟ ਦੀ ਦੌੜ ਵਿੱਚ ਕੈਨੇਡਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਮਰੀਕਾ, ਆਸਟੇ੍ਰਲੀਆ ਅਤੇ ਬ੍ਰਿਟੇਨ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਬੀਜਿੰਗ ਵਿੰਟਰ ਓਲੰਪਿਕ ਦਾ ਸਿਆਸੀ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁਧਵਾਰ ਨੂੰ ਕਿਹਾ, ਮਨੁੱਖੀ ਅਧਿਕਾਰਾਂ ਦੇ ਮਾਮਲੇ ਨੂੰ ਲੈ ਕੇ ਬੀਜਿੰਗ ਵਿੰਟਰ ਓਲੰਪਿਕਸ ਦੇ ਸਿਆਸੀ ਬਾਈਕਾਟ ਵਿਚ ਅਮਰੀਕਾ, ਬ੍ਰਿਟੇਨ ਅਤੇ ਆਸਟੇ੍ਰਲੀਆ ਦੇ ਨਾਲ ਕੈਨੇਡਾ ਵੀ ਹੈ।

ਇਸ ਤੋਂ ਪਹਿਲਾਂ ਬ੍ਰਿਟੇਨ ਨੇ ਪ੍ਰਧਾਨ ਮੰਤਰੀ ਨੇ ਕਿਹਾ ਸੀ 2022 ਵਿਚ ਚੀਨ ਵਿਚ ਹੋਣ ਵਾਲੇ ਵਿੰਟਰ ਓਲੰਪਿਕ ਦਾ ਸਿਆਸੀ ਬਾਈਕਾਟ ਕੀਤਾ ਜਾਵੇਗਾ ਜਿਸ ਵਿਚ ਉਨ੍ਹਾਂ ਦੇ ਕਿਸੇ ਵੀ ਸਰਕਾਰੀ ਜਾਂ ਅਧਿਕਾਰੀ ਦੇ ਸ਼ਾਮਲ ਹੋਣ ਦੀ ਉਮੀਦ ਨਹੀਂ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਚੀਨ ਵਿਚ ਕਥਿਤ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਮਸਲੇ ’ਤੇ ਸਿਆਸੀ ਬਾਈਕਟ ’ਤੇ ਵਿਚਾਰ ਕਰ ਰਹੇ ਹਨ। ਦੱਸ ਦੇਈਏ ਕਿ ਵਾਸ਼ਿੰਗਟਨ ਨੇ ਸ਼ਿਨਜਿਆਂਗ ਵਿਚ ਘੱਟ ਗਿਣਤੀ ਮੁਸਲਮਾਨਾਂ ਦੇ ਕਤਲੇਆਮ ਦੀ ਗੱਲ ਕਹੀ ਸੀ।

ਅਮਰੀਕਾ ਨੇ ਇਸੇ ਹਫਤੇ ਸੋਮਵਾਰ ਨੂੰ ਦੱਸਿਆ ਕਿ ਉਹ ਬੀਜਿੰਗ ਵਿਚ ਹੋਣ ਵਾਲੇ ਵਿੰਟਰ ਓਲੰਪਿਕਸ 2022 ਵਿਚ ਸਰਕਾਰੀ ਅਧਿਕਾਰੀਆਂ ਨੂੰ ਨਹੀਂ ਭੇਜੇਗਾ। ਦੱਸ ਦੇਈਏ ਕਿ ਸਾਲ 2028 ਵਿਚ ਅਮਰੀਕਾ ਓਲੰਪਿਕਸ ਦੀ ਮੇਜ਼ਬਾਨੀ ਲਾਸ ਏਂਜਲਸ ਵਿਚ ਕਰੇਗਾ। ਵਾਈਟ ਹਾਊਸ ਆਮ ਤੌਰ ’ਤੇ ਓਲੰਪਿਕ ਦੇ ਉਦਘਾਟਨ ਅਤੇ ਸਮਾਪਤੀ ਸਮਾਰੋਹ ਵਿਚ ਇੱਕ ਪ੍ਰਤੀਨਿਧੀ ਮੰਡਲ ਭੇਜਦਾ ਹੈ ਲੇਕਿਨ ਇਸ ਵਾਰ ਸਿਆਸੀ ਬਾਈਕਾਟ ਦੇ ਤਹਿਤ ਉਹ ਪ੍ਰਤੀਨਿਧੀ ਮੰਡਲ ਨਹੀਂ ਭੇਜੇਗਾ। ਅਮਰੀਕਾ ਦੇ ਸੀਨੀਅਰ ਸਾਂਸਦਾਂ ਨੇ ਸਿਆਸੀ ਬਾਈਕਾਟ ਦੀ ਮੰਗ ਦੀ ਵਕਾਲਤ ਕੀਤੀ ਹੈ।

ਚੀਨ ਨੇ ਅਮਰੀਕਾ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਬੀਜਿੰਗ ਓਲੰਪਿਕਸ ਦਾ ਸਿਆਸੀ ਬਾਈਕਾਟ ਕਰਦਾ ਹੈ ਤਾਂ ਉਸ ਨੂੰ ਵੀ ਠੋਸ ਜਵਾਬੀ ਕਾਰਵਾਈ ਦੇ ਲਈ ਤਿਆਰ ਰਹਿਣਾ ਹੋਵੇਗਾ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ ਕਿ ਜੇਕਰ ਅਮਰੀਕਾ ਅਜਿਹਾ ਕਰਦਾ ਹੈ ਤਾਂ ਇਹ ਸਿਆਸੀ ਤੌਰ ’ਤੇ ਭੜਕਾਉਣ ਵਾਲੀ ਕਾਰਵਾਈ ਹੋਵੇਗੀ।