Punjab

ਪੰਜਾਬ ‘ਚ ਕੋਰੋਨਾ ਨਾਲ 7 ਦਿਨਾਂ ‘ਚ 9 ਮੌਤਾਂ

‘ਦ ਖ਼ਾਲਸ ਬਿਊਰੋ :- ਹਰ ਇੱਕ ਦੇਸ਼ ‘ਚ ਕੋੋਰੋਨਾ ਮਹਾਂਮਾਰੀ ਨੇ ਲੱਖਾ ਲੋਕਾਂ ਨੂੰ ਆਪਣੀ ਚਪੇਟ ‘ਚ ਲੈ ਲਿਆ, ਠੀਕ ਉਸੇ ਤਰ੍ਹਾਂ ਹੀ ਪੰਜਾਬ ਵਿੱਚ ਵੀ ਕੋਰੋਨਾਵਾਇਰਸ ਦਾ ਕਹਿਰ ਬੇਰੋਕ ਜਾਰੀ ਹੈ। ਪਿਛਲੇ ਇੱਕ ਹਫ਼ਤੇ ਵਿੱਚ ਅੱਜ 9ਵੀਂ ਮੌਤ ਹੋਣ ਨਾਲ ਕੁੱਲ ਮ੍ਰਿਤਕਾਂ ਦੀ ਗਿਣਤੀ 29 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਮੁਤਾਬਕ ਮੁਹਾਲੀ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਅੱਜ ਦਮ ਤੋੜ ਗਿਆ। ਜ਼ੀਰਕਪੁਰ ਦਾ ਇਹ ਵਿਅਕਤੀ ਪੰਚਕੂਲਾ ਵਿੱਚ ਜ਼ੇਰੇ ਇਲਾਜ ਸੀ। ਕੋਰੋਨਾ ਪਾਜਿਟਿਵ ਕੇਸਾਂ ਦੇ ਅੰਕੜੇ ’ਤੇ ਝਾਤ ਮਾਰਿਆਂ ਪਤਾ ਲਗਦਾ ਹੈ ਕਿ ਮਾਰਚ ਮਹੀਨੇ ਤੋਂ ਸ਼ੁਰੂ ਹੋਈ ਕੋਰੋਨਾਵਾਇਰਸ ਮਹਾਂਮਾਰੀ ਨੇ ਸਮੁੱਚੇ ਸੂਬੇ ਨੂੰ ਆਪਣੀ ਲਪੇਟ ਵਿੱਚ ਲੈਂਦਿਆਂ ਦਸਾਂ ਦਿਨਾਂ ਦੇ ਵਕਫੇ ਅੰਦਰ ਹੀ ਲੋਕਾਂ ਨੂੰ ਆਪਣੇ ਵਿਕਰਾਲ ਰੂਪ ਦਾ ਅਹਿਸਾਸ ਕਰਵਾ ਦਿੱਤਾ ਹੈ। ਲਾਕਡਾਊਨ ਨੂੰ 17 ਮਈ ਤੱਕ ਵਧਾਉਣ ਦੇ ਫੈਸਲੇ ਦੇ ਨਾਲ ਹੀ ਜਦੋਂ ਕੇਂਦਰ ਅਤੇ ਰਾਜ ਸਰਕਾਰਾਂ ਨੇ ਆਪੋ-ਆਪਣੇ ਸੂਬਿਆਂ ਵਿੱਚ ਫਸੇ ਪਰਵਾਸੀ ਕਾਮਿਆਂ ਤੇ ਹੋਰਨਾਂ ਨੂੰ ਆਪਣੇ ਪਿੱਤਰੀ ਰਾਜਾਂ ਵਿੱਚ ਜਾਣ ਦੀ ਖੁੱਲ੍ਹ ਦੇ ਦਿੱਤੀ ਤਾਂ ਇਸ ਬਿਮਾਰੀ ਦੇ ਫੈਲਾਅ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਹੈ। ਪੰਜਾਬ ਵਿੱਚ ਪਿਛਲੇ ਦਸ ਦਿਨਾਂ ਦੌਰਾਨ ਇੱਕ ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆ ਚੁੱਕੇ ਹਨ।

ਸਿਹਤ ਵਿਭਾਗ ਮੁਤਾਬਕ 86 ਸੱਜਰੇ ਕੇਸਾਂ ਨਾਲ ਪੰਜਾਬ ਵਿੱਚ ਕੋਰੋਨਾਵਾਇਰਸ ਦੀ ਮਾਰ ਹੇਠ ਆਉਣ ਵਾਲੇ ਵਿਅਕਤੀਆਂ ਦੀ ਗਿਣਤੀ 1731 ਹੋ ਗਈ ਹੈ। ਮਹਾਰਾਸ਼ਟਰ ਤੋਂ ਪੰਜਾਬ ਆਏ ਸ਼ਰਧਾਲੂਆਂ ਦੇ ਨਮੂਨਿਆਂ ਦੇ ਨਤੀਜੇ ਪਹਿਲੀ ਵਾਰੀ 29 ਅਪ੍ਰੈਲ ਨੂੰ ਜਨਤਕ ਕੀਤੇ ਗਏ ਤਾਂ ਉਸ ਸਮੇਂ ਪੰਜਾਬ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 350 ਤੋਂ ਵੀ ਘੱਟ ਸੀ ਤੇ 29 ਅਪ੍ਰੈਲ ਨੂੰ 35 ਕੇਸ ਸਾਹਮਣੇ ਆਏ ਸਨ। ਇਸ ਸਮੇਂ ਸਥਿਤੀ ਇਹ ਬਣ ਗਈ ਹੈ ਕਿ ਔਸਤਨ 100 ਤੋਂ ਵੱਧ ਮਰੀਜ਼ ਵੀ ਇੱਕੋ ਦਿਨ ਸਾਹਮਣੇ ਆਏ ਹਨ। ਸਿਹਤ ਵਿਭਾਗ ਮੁਤਾਬਕ ਅੰਮ੍ਰਿਤਸਰ ਵਿੱਚ ਤਾਂ ਕੁੱਲ ਅੰਕੜਾ 300 ਦੇ ਕਰੀਬ ਪਹੁੰਚ ਗਿਆ ਹੈ ਜਦੋਂ ਕਿ ਬਾਕੀ ਥਾਈਂ ਵੀ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਸਿਹਤ ਵਿਭਾਗ ਦਾ ਦੱਸਣਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਗੁਰਦਾਸਪੁਰ ਵਿੱਚ 24, ਨਵਾਂਸ਼ਹਿਰ ਵਿੱਚ 18, ਤਰਨਤਾਰਨ, ਜਲੰਧਰ ਤੇ ਅੰਮ੍ਰਿਤਸਰ ਵਿੱਚ 11-11, ਕਪੂਰਥਲਾ ਵਿੱਚ 5, ਫਤਿਹਗੜ੍ਹ ਸਾਹਿਬ ਵਿੱਚ 4, ਮਾਨਸਾ, ਬਠਿੰਡਾ ਤੇ ਬਰਨਾਲਾ ਵਿੱਚ 1-1 ਮਰੀਜ਼ ਸਾਹਮਣੇ ਆਇਆ ਹੈ।

ਸਿਹਤ ਵਿਭਾਗ ਦਾ ਮੰਨਣਾ ਹੈ ਕਿ ਵਿਦੇਸ਼ਾਂ ਤੋਂ ਪਰਤੇ ਭਾਰਤੀਆਂ ਕਰਕੇ ਆਉਣ ਵਾਲੇ ਦਿਨਾਂ ਦੌਰਾਨ ਕਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋ ਸਕਦਾ ਹੈ। ਪੰਜਾਬ ਵਿੱਚ ਹੁਣ ਤੱਕ 37,950 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 31,219 ਨੈਗੇਟਿਵ ਆ ਚੁੱਕੇ ਹਨ। ਸਿਹਤ ਵਿਭਾਗ ਨੂੰ 5000 ਨਤੀਜਿਆਂ ਦੀ ਉਡੀਕ ਹੈ। ਉਂਜ ਰਾਹਤ ਭਰੀ ਖ਼ਬਰ ਇਹ ਵੀ ਹੈ ਕਿ ਹੁਣ ਤੱਕ 152 ਵਿਅਕਤੀ ਠੀਕ ਹੋ ਚੁੱਕੇ ਹਨ।