‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਬੱਦਲ ਫਟਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ।ਇਸ ਹਾਦਸੇ ਤੋਂ ਬਾਅਦ ਲਾਪਤਾ ਹੋਏ ਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਦੀ ਲਾਸ਼ ਵੀ ਹਿਮਾਚਲ ਦੀ ਕਰੇਰੀ ਝੀਲ ਵਿੱਚੋਂ ਬਰਾਮਦ ਹੋਈ ਹੈ।
ਜਾਣਕਾਰੀ ਅਨੁਸਾਰ ਉਨ੍ਹਾਂ ਦੇ ਭਰਾ ਅਤੇ ਦੋਸਤਾਂ ਨੇ ਮਨਮੀਤ ਸਿੰਘ ਦਾ ਮੋਬਾਈਲ ਨੰਬਰ ਨਾ ਲੱਗਣ ‘ਤੇ ਸਥਾਨਕ ਲੋਕਾਂ ਨਾਲ ਮਿਲ ਕੇ ਭਾਲ ਸ਼ੁਰੂ ਕੀਤੀ ਸੀ।ਕਾਂਗੜਾ ਜ਼ਿਲ੍ਹਾ ਪੁਲਿਸ ਅਧਿਕਾਰੀ ਵਿਮੁਕਤ ਰੰਜਨ ਨੇ ਮਨਮੀਤ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ ਹੈ।ਮਨਮੀਤ ਦੀ ਮ੍ਰਿਤਕ ਦੇਹ ਨੂੰ ਧਰਮਸ਼ਾਲਾ ਲਿਜਾਇਆ ਗਿਆ ਹੈ।
ਦੱਸਣਯੋਗ ਹੈ ਕਿ ਸੂਫੀ ਗਾਇਕ ਮਨਮੀਤ ਸਿੰਘ ਆਪਣੇ ਭਰਾ ਅਤੇ ਚਾਰ ਦੋਸਤਾਂ ਨਾਲ ਘੁੰਮਣ ਲਈ ਧਰਮਸ਼ਾਲਾ ਗਏ ਸੀ।ਉਨ੍ਹਾਂ ਦਾ ਸਿੰਗਿੰਗ ਗਰੁੱਪ ਸੇਨ ਬ੍ਰਦਰਜ਼ ਦੇ ਨਾਮ ਨਾਲ ਕਾਫ਼ੀ ਮਸ਼ਹੂਰ ਹੈ।ਮਨਮੀਤ ਸਿੰਘ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਕਾਫ਼ੀ ਮਸ਼ਹੂਰ ਸੀ।ਮਨਮੀਤ ਪੰਜਾਬ ਦੇ ਅੰਮ੍ਰਿਤਸਰ ਦੇ ਛੇਹਰਟਾ ਦੇ ਰਹਿਣ ਵਾਲੇ ਹਨ।ਇਸ ਹਾਦਸੇ ਨਾਲ ਸੇਨ ਬ੍ਰਦਰਜ਼ ਦੀ ਜੋੜੀ ਸਦਾ ਲਈ ਟੁੱਟ ਗਈ ਹੈ।ਜ਼ਿਕਰਯੋਗ ਹੈ ਕਿ ਮਨਮੀਤ ਦੁਨੀਆਦਾਰੀ ਗਾਣਾ ਗਾ ਕੇ ਮਕਬੂਲ ਹੋਏ ਸਨ।
ਤੁਹਾਨੂੰ ਦੱਸ ਦੇਈਏ ਕਿ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਸਥਿਤੀ ਬਹੁਤ ਖਰਾਬ ਹੈ। ਉਤਰਾਖੰਡ, ਹਿਮਾਚਲ ਪ੍ਰਦੇਸ਼ ਵਿਚ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ।ਮੀਂਹ ਕਾਰਨ ਕਾਂਗੜਾ ਨੇੜੇ ਜ਼ਮੀਨ ਖਿਸਕਣ ਨਾਲ ਸੜਕਾਂ ਵੀ ਜਾਮ ਹੋ ਗਈਆਂ ਹਨ, ਜਿੱਥੇ ਕਈ ਲੋਕ ਫਸੇ ਹੋਏ ਹਨ।