‘ਦ ਖ਼ਾਲਸ ਟੀਵੀ ਬਿਊਰੋ:-ਪੰਜਾਬ ਪੁਲਿਸ ਨੇ ਦੀਵਾਲੀ ਮੌਕੇ ਜਿਲ੍ਹਾ ਫਿਰੋਜ਼ਪੁਰ ‘ਚ ਭਾਰਤ-ਪਾਕਿ ਸਰਹੱਦ ਨੇੜੇ ਸਥਿਤ ਪਿੰਡ ਅਲੀ ਕੇ ਵਿਖੇ ਖੇਤਾਂ ਵਿੱਚ ਛੁਪਾ ਕੇ ਰੱਖਿਆ ਟਿਫ਼ਨ ਬੰਬ ਬਰਾਮਦ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਹੈ ਕਿ ਲੁਧਿਆਣਾ ਦਿਹਾਤੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਜਲਾਲਾਬਾਦ ਬੰਬ ਧਮਾਕੇ ਮਾਮਲੇ ਵਿੱਚ ਦੋਸ਼ੀ ਰਣਜੀਤ ਸਿੰਘ ਉਰਫ਼ ਗੋਰਾ ਨੂੰ ਪਨਾਹ ਦੇਣ ਅਤੇ ਸਹਾਇਤਾ ਕਰਨ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਸੀ। ਜਲਾਲਾਬਾਦ ਬੰਬ ਧਮਾਕਾ ਕੇਸ ਦੀ ਜਾਂਚ ਐਨਆਈਏ ਵਲੋਂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਜਸਵੰਤ ਸਿੰਘ ਉਰਫ਼ ਛਿੰਦਾ ਬਾਬਾ ਵਾਸੀ ਪਿੰਡ ਝੁੱਗੇ ਨਿਹੰਗਾ ਵਾਲਾ, ਫਿਰੋਜ਼ਪੁਰ ਅਤੇ ਬਲਵੰਤ ਸਿੰਘ ਵਾਸੀ ਪਿੰਡ ਵਲੀਪੁਰ ਖੁਰਦ, ਲੁਧਿਆਣਾ ਵਜੋਂ ਹੋਈ ਹੈ। ਇਸ ਤੋਂ ਇਲਾਵਾ ਰਣਜੀਤ ਸਿੰਘ ਉਰਫ ਗੋਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪਿੰਡ ਝੁੱਗੇ ਨਿਹੰਗਾ ਵਾਲੇ ਦੇ ਬਲਵਿੰਦਰ ਸਿੰਘ ਉਰਫ ਬਿੰਦੂ ਦੀ 15 ਸਤੰਬਰ 2021 ਨੂੰ ਰਾਤ 8 ਵਜੇ ਦੇ ਕਰੀਬ ਜਲਾਲਾਬਾਦ ਸ਼ਹਿਰ ਵਿੱਚ ਇੱਕ ਮੋਟਰਸਾਈਕਲ ਧਮਾਕੇ ਵਿੱਚ ਮੌਤ ਹੋ ਗਈ ਸੀ। ਉਹ ਅਪਰਾਧਿਕ ਪਿਛੋਕੜ ਨਾਲ ਸਬੰਧਤ ਸੀ।
ਜਲਾਲਾਬਾਦ ਬੰਬ ਧਮਾਕੇ ਮਾਮਲੇ ਵਿੱਚ ਪਹਿਲਾਂ ਹੀ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਕੋਲੋਂ 1 ਟਿਫ਼ਨ ਬੰਬ, 2 ਪੈੱਨ ਡਰਾਈਵਜ਼ ਅਤੇ 1 ਲੱਖ 15 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋ ਦੋਸ਼ੀਆਂ ਨੇ ਇੱਕ ਹੋਰ ਟਿਫ਼ਨ ਬੰਬ ਖੇਤਾਂ ਵਿੱਚ ਛੁਪਾ ਕੇ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੇ ਖੁਲਾਸੇ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਅਤੇ ਲੁਧਿਆਣਾ ਅਤੇ ਸੀ.ਆਈ.ਏ. ਜਗਰਾਉਂ ਦੀਆਂ ਟੀਮਾਂ ਵੱਲੋਂ ਬੁੱਧਵਾਰ ਨੂੰ ਫਿਰੋਜ਼ਪੁਰ ਦੇ ਪਿੰਡ ਅਲੀ ਕੇ ਵਿਖੇ ਇੱਕ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ ਗਿਆ ਅਤੇ ਟਿਫਿਨ ਬੰਬ ਬਰਾਮਦ ਕੀਤਾ ਗਿਆ।