India

‘ਤੇਰੇ ਪਿਉ ਨੇ ਮੈਨੂੰ ਨੌਕਰ ਲਾਇਆ’ ਮੰਤਰੀ ਦੇ ਮੁੰਡੇ ਨੂੰ ਇਹ ਕਹਿਣ ਵਾਲੀ ‘ਲੇਡੀ ਸਿੰਘਮ’ ਇਸ ਵਕਤ ਕਿੱਥੇ ਹੈ

‘ਦ ਖ਼ਾਲਸ ਬਿਊਰੋ:- ਪਿਛਲੇ ਦਿਨੀਂ ਗੁਜਰਾਤ ਦੇ ਸਿਹਤ ਮੰਤਰੀ ਕੁਮਾਰ ਕੰਨਾਣੀ ਦੇ ਪੁੱਤਰ ਨਾਲ ਸੂਰਤ ਪੁਲਿਸ ਦੀ ਸਿਪਾਹੀ ਸੁਨੀਤਾ ਯਾਦਵ ਦੀ ਬਹਿਸ ਹੋਈ, ਜਿਸਦੀ ਵੀਡਿਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਲੋਕ ਸੁਨੀਤਾ ਯਾਦਵ ਨੂੰ ‘ਲੇਡੀ ਸਿੰਘਮ’ ਵੀ ਆਖ਼ ਰਹੇ ਹਨ।

 

ਦਰਅਸਲ ਸਿਪਾਹੀ ਸੁਨੀਤਾ ਯਾਦਵ ਰਾਤ ਸਮੇਂ ਡਿਊਟੀ ‘ਤੇ ਤੈਨਾਤ ਸੀ। ਉਸ ਸਮੇਂ ਸੁਨੀਤਾ ਨੇ ਦੋ ਨੌਜਵਾਨਾਂ ਨੂੰ ਕਰਫਿਊ ਦੀ ਉਲੰਘਣਾ ਕਰਦਿਆਂ ਨੂੰ ਰੋਕਿਆ। ਉਹਨਾਂ ਨੌਜਵਾਨਾਂ ਨੇ ਆਪਣੇ ਦੋਸਤ ਨੂੰ ਫੂਨ ਕਰਕੇ ਉੱਥੇ ਬੁਲਾਇਆ। ਜਿਸ ਨੌਜਵਾਨ ਨੂੰ ਫੂਨ ਕਰਕੇ ਬੁਲਾਇਆ ਗਿਆ, ਉਹ ਗੁਜਰਾਤ ਦੇ ਸਿਹਤ ਮੰਤਰੀ ਕੁਮਾਰ ਕੰਨਾਣੀ ਦਾ ਪੁੱਤਰ ਸੀ। ਸੁਨੀਤਾ ਯਾਦਵ ਨੇ ਉਸਨੂੰ ਪੁੱਛਿਆ ਕਿ ਤੁਹਾਨੂੰ ਰਾਤ ਦੇ ਕਰਫਿਊ ਦੌਰਾਨ 9 ਵਜੇ ਤੋਂ ਬਾਅਦ ਬਾਹਰ ਨਿਕਲਣ ਦੀ ਇਜਾਜ਼ਤ ਕਿਸ ਨੇ ਦਿੱਤੀ ਹੈ? ਉਸ ਦੌਰਾਨ ਉਹਨਾਂ ਨੌਜਵਾਨਾਂ ਤੇ ਸੁਨੀਤਾ ਯਾਦਵ ਵਿਚਕਾਰ ਕਾਫੀ ਬਹਿਸ ਹੋਈ।

 

ਮੰਤਰੀ ਦਾ ਪੁੱਤਰ ਆਪਣੇ ਪਿਤਾ ਦੀ ਗੱਡੀ ਲੈ ਕਿ ਆਇਆ। ਜਿਸ ਉੱਤੇ MLA Gujrat ਦੀ ਪਲੇਟ ਵੀ ਲੱਗੀ। ਸੁਨੀਤਾ ਨੇ ਸੁਆਲ ਕੀਤਾ ਕਿ ਤੁਸੀਂ MLA ਵਾਲੀ ਪਲੇਟ ਲਗਾ ਕੇ ਕਿਵੇਂ ਘੁੰਮ ਸਕਦੇ ਹੋ। ਜਿਸ ਤੋਂ ਬਾਅਦ ਸੁਨੀਤਾ ਨੇ ਇਸ ਪਲੇਟ ਨੂੰ ਉਤਰਵਾ ਦਿੱਤਾ।

 

ਵੀਡੀਓ ਵਿੱਚ ਸੁਣਾਈ ਦਿੰਦਾ ਹੈ ਕਿ ਉਹਨਾਂ ਨੌਜਵਾਨਾਂ ਨੇ ਸੁਨੀਤਾ ਨੂੰ ਧਮਕੀ ਭਰੇ ਲਹਿਜੇ ਵਿੱਚ ਕਿਹਾ ਸੀ ਕਿ ਉਹ ਉਸਨੂੰ 365 ਦਿਨ ਡਿਊਟੀ ‘ਤੇ ਖੜ੍ਹਾ ਰੱਖ ਸਕਦੇ ਹਨ। ਇਹ ਸੁਣਦਿਆਂ ਹੀ ਸੁਨੀਤਾ ਭੜਕ ਉੱਠੀ। ਸੁਨੀਤਾ ਯਾਦਵ ਨੇ ਨੌਜਵਾਨਾਂ ਨੂੰ ਲਲਕਾਰ ਕੇ ਕਿਹਾ ਕਿ ਮੈਂ ਤੁਹਾਡੇ ਬਾਪ ਦੀ ਨੌਕਰ ਨਹੀਂ ਹਾਂ, ਜੋ ਤੁਸੀਂ ਮੈਨੂੰ 365 ਦਿਨ ਖੜ੍ਹੇ ਰੱਖ ਸਕਦੇ ਹੋ। ਸੁਨੀਤਾ ਨੇ ਕਿਹਾ ਕਿ ਜੇਕਰ ਅਸੀਂ ਡਿਊਟੀ ਤੋਂ 10 ਮਿੰਟ ਵੀ ਦੇਰ ਨਾਲ ਪਹੁੰਚੀਏ ਤਾਂ ਸਾਨੂੰ 2500 ਰੁਪਏ ਦਾ ਜੁਰਮਾਨਾ ਦੇਣਾ ਪੈਂਦਾ ਹੈ। ਤੁਹਾਨੂੰ ਕਾਨੂੰਨ ਤੋੜਨ ਦਾ ਅਧਿਕਾਰ ਕਿਸਨੇ ਦਿੱਤਾ ਹੈ।

 

ਸੁਨੀਤਾ ਯਾਦਵ ਨੇ ਪੁਲਿਸ ਵਰਦੀ ਦੀ ਅਹਿਮੀਅਤ ਦੱਸਦਿਆਂ ਕਿਹਾ ਕਿ “ਮੈਂ ਇਸ ਵਰਦੀ ਦੀ ਬਦੌਲਤ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਰੋਕ ਸਕਦੀ ਹਾਂ, ਤੁਸੀਂ ਕੀ ਚੀਜ ਹੋ”।

 

ਦੱਸ ਦੇਈਏ ਕਿ ਮੰਤਰੀ ਕੁਮਾਰ ਕੰਨਾਣੀ ਦੇ ਪੁੱਤਰ ਪ੍ਰਕਾਸ਼ ਕੰਨਾਣੀ ਅਤੇ ਉਸ ਦੇ ਦੋਵਾਂ ਦੋਸਤਾਂ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਬਾਅਦ ਵਿੱਚ ਜ਼ਮਾਨਤ ‘ਤੇ ਛੱਡ ਦਿੱਤਾ ਗਿਆ।

 

ਜਾਣਕਾਰੀ ਮੁਤਾਬਿਕ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੁਨੀਤਾ ਯਾਦਵ ਦਾ ਪੁਲਿਸ ਹੈੱਡਕੁਆਟਰ ਵਿੱਚ ਤਬਾਦਲਾ ਕਰ ਦਿੱਤਾ ਗਿਆ। ਜਦੋਂ ਇਹ ਮਾਮਲਾ ਥਾਣੇ ਤੱਕ ਪਹੁੰਚਿਆ ਤਾਂ ਸੁਨੀਤਾ ਯਾਦਵ ਨੇ ਅਸਤੀਫ਼ਾ ਦੇ ਦਿੱਤਾ। ਜਿਸ ਤੋਂ ਬਾਅਦ ਸੂਰਤ ਪੁਲਿਸ ਨੇ ਇਸ ਮਾਮਲੇ ‘ਚ ਜਾਂਚ ਬਿਠਾ ਦਿੱਤੀ ਹੈ। ਹਾਲਾਂਕਿ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਸੁਨੀਤਾ ਯਾਦਵ ਛੁੱਟੀ ‘ਤੇ ਚਲੀ ਗਈ ਹੈ।

 

ਸੁਨੀਤਾ ਦੇ ਕਾਰਨਾਮੇ ਦੀ ਸੋਸ਼ਲ ਮੀਡੀਆ ‘ਤੇ ਸ਼ਲਾਘਾ

ਇਸ ਸਾਹਸ ਭਰੇ ਕਾਰਜ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਸੁਨੀਤਾ ਯਾਦਵ ਕਾਫ਼ੀ ਟਰੈਂਡ ਕਰ ਰਹੀ ਹੈ। #SunitaYadav #ISupportSunitaYadav ਵਰਗੇ ਕਈ ਹੈਸ਼ਟੈਗ ਸੋਸ਼ਲ ਮੀਡੀਆ ‘ਤੇ ਚਲ ਰਹੇ ਹਨ। ਇਸ ਤੋਂ ਇਲਾਵਾ ਲੋਕ ਸੋਸ਼ਲ ਮੀਡੀਆ ‘ਤੇ ਗੁਜਰਾਤ ਦੇ ਮੰਤਰੀ ਕੁਮਾਰ ਕੰਨਾਣੀ ਦਾ ਅਸਤੀਫ਼ਾ ਮੰਗ ਰਹੇ ਹਨ ਅਤੇ ਸਰਕਾਰ ਨੂੰ ਸਖ਼ਤ ਕਾਰਵਾਈ ਕਰਨ ਲਈ ਕਹਿ ਰਹੇ ਹਨ।