ਕਿਸਾਨ ਮੋਰਚੇ ‘ਚ ਲੜਕੀ ਨਾਲ ਬਲਾਤਕਾਰ ਨੂੰ ਦੱਸਿਆ ਕਿਸਾਨ ਮੋਰਚਾ ਖਰਾਬ ਕਰਨ ਦੀ ਸਾਜਿਸ਼ * ਕਿਹਾ-ਸੰਯੁਕਤ ਕਿਸਾਨ ਮੋਰਚਾ ਨੇ ਜਿਸ ਅਨਿਲ ਮਲਿਕ ਨੂੰ ਸੰਗਠਨ ‘ਚੋਂ ਕੀਤਾ ਸੀ ਬਾਹਰ, ਉਸੇ ਨਾਲ ਦੂਜੇ ਦਿਨ ਪੀ ਰਹੀ ਸੀ ਸਿਗਰਟ * ਕੋਰੋਨਾ ਪਾਜੇਟਿਵ ਹੋਣ ਕਾਰਨ ਹੋ ਗਿਆ ਹਾਂ ਮੋਰਚੇ ਤੋਂ ਥੋੜ੍ਹਾ ਵੱਖ * ਰੇਪ ਵਰਗੀ ਕਿਸੇ ਵੀ ਘਟਨਾ ਨੂੰ ਨਕਾਰਿਆ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਟਿਕਰੀ ਬਾਰਡਰ ‘ਤੇ ਬੰਗਾਲ ਤੋਂ ਆਈ 26 ਸਾਲਾ ਲੜਕੀ ਨਾਲ ਬਲਾਤਕਾਰ ਦੇ ਦੋਸ਼ ਹੇਠ ਐਫ.ਆਈ.ਆਰ ਹੋਣ ਬਾਅਦ ਇੱਕ ਮੁਲਜ਼ਮ ਅਨੂਪ ਸਿੰਘ ਚਾਨੌਟ ਨੇ ਫੇਸਬੁੱਕ ‘ਤੇ ਆ ਕੇ ਆਪਣਾ ਪੱਖ ਰੱਖਿਆ ਹੈ। ਅਨੂਪ ਸਿੰਘ ਨੇ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਦਿਆਂ ਕਿਹਾ ਹੈ ਕਿ ਇਹ ਕਿਸਾਨ ਮੋਰਚਾ ਖਰਾਬ ਕਰਨ ਦੀ ਕੋਝੀ ਸਾਜਿਸ਼ ਹੈ।
ਚਾਨੌਟ ਨੇ ਕਿਹਾ ਕਿ ਇਸ ਮਾਮਲੇ ‘ਚ 6 ਮਈ ਨੂੰ ਮੀਟਿੰਗ ਹੋਈ ਸੀ, ਜਿਸ ‘ਚ ਬੰਗਾਲ ਗਏ ਸਾਰੇ ਕਿਸਾਨ ਲੀਡਰ ਵੀ ਸ਼ਾਮਲ ਹੋਣ ਸਨ। ਇਸ ਮੀਟਿੰਗ ‘ਚ ਇਹ ਗੱਲ ਸਾਹਮਣੇ ਆਈ ਸੀ ਕਿ ਲੜਕੀ ਨਾਲ ਰੇਲਗੱਡੀ ‘ਚ ਛੇੜਖਾਨੀ ਹੋਈ ਸੀ ਪਰ ਰੇਪ ਵਰਗੀ ਕੋਈ ਵੀ ਘਟਨਾ ਨਹੀਂ ਵਾਪਰੀ ਹੈ। ਅਨੂਪ ਸਿੰਘ ਦਾ ਕਹਿਣਾ ਹੈ ਕਿ ਜਿਸ ਲੜਕੇ ਅਨਿਲ ਮਲਿਕ ‘ਤੇ ਛੇੜਖਾਨੀ ਦੇ ਦੋਸ਼ ਸੀ, ਉਸ ਨੂੰ ਕਿਸਾਨਾਂ ਨੇ ਸੰਗਠਨ ‘ਚੋਂ ਬਾਹਰ ਕਰ ਦਿੱਤਾ ਸੀ ਤੇ ਇਹੀ ਲੜਕੀ ਸ਼ਿਕਾਇਤ ਕਰਨ ਤੋਂ ਅਗਲੇ ਦਿਨ ਅਨਿਲ ਮਲਿਕ ਨਾਲ ਹੀ ਘੁੰਮ ਰਹੀ ਸੀ ਤੇ ਸਿਗਰਟ ਪੀ ਰਹੀ ਸੀ।
ਉਸਨੇ ਕਿਸਾਨ ਮੋਰਚੇ ‘ਚੋਂ ਗਾਇਬ ਹੋਣ ਬਾਰੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਸਨੂੰ ਕੁਝ ਲੀਡਰਾਂ ਨੇ ਕਿਹਾ ਸੀ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਇੱਧਰ ਉਧਰ ਹੋ ਜਾਏ ਤੇ ਜਿਸ ਤੋਂ ਬਾਅਦ ਉਸਨੂੰ ਬੁਖਾਰ ਹੋਇਆ ਤੇ ਉਸਨੇ ਟੈਸਟ ਕਰਾਇਆ ਜਿਸ ‘ਚ ਉਹ ਕੋਵਿਡ ਪਾਜ਼ਿਟਿਵ ਪਾਇਆ ਗਿਆ ਸੀ। ਅਨੂਪ ਸਿੰਘ ਨੇ ਕਿਹਾ ਕਿ ਜੇ ਉਸਦੀ ਗਲਤੀ ਹੋਈ ਤਾਂ ਉਸਨੂੰ ਪੰਚਾਇਤ ‘ਚ ਖੜ੍ਹਾ ਕੇ ਜੁੱਤੀਆਂ ਮਾਰੀਆਂ ਜਾਣ। ਉਸਨੇ ਕਿਹਾ ਕਿ ਜਿਸਨੇ ਵੀ ਗਲਤ ਕੀਤਾ ਹੈ, ਉਸਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਅਨੂਪ ਸਿੰਘ ਚਾਨੌਟ ਹਰਿਆਣਾ ਦਾ ਰਹਿਣ ਵਾਲਾ ਹੈ ਤੇ ਆਮ ਆਦਮੀ ਪਾਰਟੀ ‘ਚ ਵੀ ਬਤੌਰ ਵਰਕਰ ਕੰਮ ਕਰ ਚੁੱਕਾ ਹੈ।
ਲੜਕੀ ਦੀ ਕੋਰੋਨਾ ਨਾਲ ਹੋ ਚੁੱਕੀ ਹੈ ਮੌਤ
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ 6 ਵਿਅਕਤੀਆਂ ਉੱਤੇ ਪੁਲਿਸ ਨੇ 25 ਸਾਲਾ ਕੁੜੀ ਨਾਲ ਟਿਕਰੀ ਬਾਰਡਰ ਉੱਤੇ ਸਮੂਹਿਕ ਬਲਾਤਕਾਰ ਅਤੇ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਬਹਾਦਰਗੜ੍ਹ ਪੁਲਿਸ ਥਾਣੇ ਦੇ ਇੰਚਾਰਜ ਵਿਜੇ ਕੁਮਾਰ ਮੁਤਾਬਕ ਪੀੜਤਾ ਦੇ ਪਿਤਾ ਦੀ ਸ਼ਿਕਾਇਤ ਉੱਤੇ ਧਾਰਾ 365, 342, 376-ਡੀ,506 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਫ਼ਆਈਆਰ ਮੁਤਾਬਤ ਮੁਲਜ਼ਮਾਂ ਦੀ ਪਛਾਣ ਅਨਿਲ ਮਲਿਕ, ਅਨੂਪ ਸਿੰਘ, ਅੰਕੁਸ਼ ਸਾਗਵਾਨ, ਜਗਦੀਸ਼ ਬਰਾੜ ਵਜੋਂ ਹੋਈ ਹੈ, ਇਨ੍ਹਾਂ ਤੋਂ ਇਲਾਵਾ ਇਨ੍ਹਾਂ ਦੇ ਟੈਂਟ ਵਿਚ ਨਾਲ ਰਹਿਣ ਵਾਲੀਆਂ ਦੋ ਔਰਤਾਂ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਬੁਖਾਰ ਹੋਣ ਕਾਰਨ ਕੁੜੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਪੀੜਤ ਕੁੜੀ ਕੋਰੋਨਾਵਾਇਰਸ ਪੀੜਤ ਵੀ ਪਾਈ ਗਈ ਸੀ। 30 ਅਪਰੈਲ ਨੂੰ ਕੁੜੀ ਦੀ ਮੌਤ ਹੋ ਗਈ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਵੀ ਰੱਖਿਆ ਆਪਣਾ ਪੱਖ
ਇਸ ਮਾਮਲੇ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਆਪਣਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਆਪਣੀਆਂ ਸ਼ਹੀਦ ਔਰਤ ਸਾਥੀਆਂ ਲਈ ਨਿਆਂ ਦੀ ਲੜਾਈ ਲਈ ਹਮੇਸ਼ਾ ਖੜ੍ਹਾ ਹੈ। ਇਸ ਕੇਸ ਦੇ ਦੋਸ਼ੀਆਂ ਖ਼ਿਲਾਫ਼ ਪਹਿਲਾਂ ਤੋਂ ਹੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਸੀਂ ਇਨਸਾਫ਼ ਦੀ ਇਸ ਲੜਾਈ ਨੂੰ ਅੰਤ ’ਤੇ ਲੈ ਕੇ ਜਾਵਾਂਗੇ। ਮੋਰਚਾ ਨੇ ਕਿਹਾ ਕਿ ਇਹ ਲੜਕੀ 12 ਅਪ੍ਰੈਲ ਨੂੰ ਟਿਕਰੀ ਬਾਰਡਰ ‘ਤੇ “ਕਿਸਾਨ ਸੋਸ਼ਲ ਆਰਮੀ” ਨਾਂ ਦੀ ਜਥੇਬੰਦੀ ਦੇ ਕੁਝ ਕਾਰਕੁਨਾਂ ਦੇ ਨਾਲ ਬੰਗਾਲ ਤੋਂ ਆਈ ਸੀ। ਦਿੱਲੀ ਜਾਂਦੇ ਹੋਏ ਅਤੇ ਦਿੱਲੀ ਪਹੁੰਚਣ ‘ਤੇ ਦੋਸ਼ੀਆਂ ਨੇ ਉਸ ਨਾਲ ਬਦਸਲੂਕੀ ਕੀਤੀ। ਇੱਕ ਹਫ਼ਤੇ ਬਾਅਦ ਔਰਤ ਨੂੰ ਬੁਖਾਰ ਹੋਇਆ, ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ 30 ਅਪ੍ਰੈਲ ਨੂੰ ਕੋਵਿਡ ਕਾਰਨ ਮੌਤ ਹੋ ਗਈ।
ਇਹ ਮਾਮਲੇ ਧਿਆਨ ਵਿੱਚ ਆਉਣ ਬਾਅਦ ਮੋਰਚੇ ਦੀ ਟਿਕਰੀ ਕਮੇਟੀ ਦੇ ਫੈਸਲੇ ਅਨੁਸਾਰ ਚਾਰ ਦਿਨ ਪਹਿਲਾਂ “ਕਿਸਾਨ ਸੋਸ਼ਲ ਆਰਮੀ” ਨਾਮੀ ਸੰਸਥਾ ਦੇ ਤੰਬੂ ਅਤੇ ਬੈਨਰ ਹਟਾ ਦਿੱਤੇ ਗਏ ਸਨ। ਮੋਰਚੇ ਦੀ ਸਟੇਜ ਤੋਂ ਇਸ ਘਟਨਾ ਦੇ ਦੋਸ਼ੀਆਂ ਨੂੰ ਅੰਦੋਲਨ ਤੋਂ ਬਾਹਰ ਕਰਨ ਅਤੇ ਉਨ੍ਹਾਂ ਦੇ ਸਮਾਜਿਕ ਬਾਈਕਾਟ ਦਾ ਵੀ ਐਲਾਨ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਸੰਗਠਨ ਕਦੇ ਵੀ ਸੰਯੁਕਤ ਕਿਸਾਨ ਮੋਰਚੇ ਦੀ ਅਧਿਕਾਰਤ ਪ੍ਰਤੀਨਿਧੀ ਨਹੀਂ ਸੀ ਅਤੇ ਇਸ ਤੋਂ ਬਾਅਦ ਇਸ ਦੇ ਕਿਸੇ ਵੀ ਹੈਂਡਲ ਦਾ ਸਾਡੀ ਲਹਿਰ ਨਾਲ ਕੋਈ ਸਬੰਧ ਨਹੀਂ ਰਹੇਗਾ। ਸੰਯੁਕਤ ਕਿਸਾਨ ਮੋਰਚਾ ਨੇ ਔਰਤ ਦੇ ਪਰਿਵਾਰ ਨੂੰ ਪਹਿਲੇ ਦਿਨ ਤੋਂ ਭਰੋਸਾ ਦਿਵਾਇਆ ਹੈ ਕਿ ਉਹ ਇਨਸਾਫ ਲਈ ਇਸ ਮਾਮਲੇ ਵਿੱਚ ਜੋ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਹੈ, ਉਹ ਕਾਰਵਾਈ ਕਰਨ ਲਈ ਆਜ਼ਾਦ ਹਨ, ਅਤੇ ਇਸ ਵਿੱਚ ਸਯੁੰਕਤ ਮੋਰਚਾ ਪੂਰਾ ਸਹਿਯੋਗ ਕਰੇਗਾ।
24 ਜਥੇਬੰਦੀਆਂ ਨੇ ਸਾਂਝੇ ਬਿਆਨ ਰਾਹੀਂ ਕੀਤੀ ਸਖਤ ਕਾਰਵਾਈ ਦੀ ਵਕਾਲਤ
ਇਸ ਬਾਰੇ ਕਰੀਬ 24 ਵੱਖ-ਵੱਖ ਜਥੇਬੰਦੀਆਂ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸਾਨੂੰ ਬੰਗਾਲ ਦੀ 26 ਸਾਲ ਦੀ ਮਹਿਲਾ ਕਾਰਕੁੰਨ ਦੀ ਮੌਤ ‘ਤੇ ਡੂੰਘਾ ਦੁੱਖ ਹੈ, ਜਿਸਦਾ ਹਾਲ ਹੀ ਵਿਚ 30 ਅਪ੍ਰੈਲ, 2021 ਨੂੰ ਬਹਾਦੁਰਗੜ੍ਹ, ਹਰਿਆਣੇ ਵਿਖੇ ਦਿਹਾਂਤ ਹੋਇਆ ਸੀ । ਇਹ ਮਹਿਲਾ ਕਾਰਕੁੰਨ ਏ.ਪੀ.ਡੀ.ਆਰ, ਸ਼੍ਰੀਰਾਮਪੁਰ ਦੀ ਮੈਂਬਰ ਰਹੀ ਸੀ ਅਤੇ ਲੰਮੇ ਸਮੇਂ ਤੋਂ ਵੱਖ-ਵੱਖ ਵਿਰੋਧ ਪ੍ਰਦਰਸ਼ਨਾਂ ਵਿਚ ਵੀ ਸਰਗਰਮ ਰਹੀ ਸੀ। ਇਹ ਮਹਿਲਾ 2 ਅਪ੍ਰੈਲ ਤੋਂ 11 ਅਪ੍ਰੈਲ, 2021 ਤੱਕ ਬੰਗਾਲ ਵਿਚ ਮੁਹਿੰਮ ਚਲਾ ਰਹੀ ਕਿਸਾਨ ਸੋਸ਼ਲ ਆਰਮੀ ਦੇ ਨਾਲ ਟਿਕਰੀ ਸਰਹੱਦ ‘ਤੇ ਆਪਣੀ ਏਕਤਾ ਦਾ ਪ੍ਰਗਟਾਵਾ ਕਰਨ ਆਈ ਸੀ। ਉਸ ਨਾਲ ਜਿਣਸੀ ਸੋਸ਼ਣ ਦੀ ਖਬਰ ਨਾਲ ਦੁੱਖ ਲੱਗਾ ਹੈ। ਸਾਨੂੰ ਪਤਾ ਲੱਗਿਆ ਹੈ ਕਿ ਉਸ ਦੇ ਨਾਲ ਆਪਣੀ ਦਿੱਲੀ ਦੀ ਯਾਤਰਾ ਦੌਰਾਨ ਰੇਲ ਗੱਡੀ ਵਿੱਚ ਹੀ ਕਿਸਾਨ ਸੋਸ਼ਲ ਆਰਮੀ ਦੇ ਮੈਂਬਰ ਅਨਿਲ ਮਲਿਕ ਨੇ ਜਿਣਸੀ ਸ਼ੋਸ਼ਣ ਕੀਤਾ ਸੀ।
ਟਿਕਰੀ ਹੱਦ ‘ਤੇ ਕੋਈ ਰਹਿਣ ਦਾ ਪ੍ਰਬੰਧ ਨਹੀਂ ਹੋਣ ਕਾਰਨ ਇਹ ਔਰਤ 11 ਤੋਂ 16 ਅਪ੍ਰੈਲ, 2021 ਤਕ ਕਿਸਾਨ ਸੋਸ਼ਲ ਆਰਮੀ ਦੇ ਕੈਂਪ ਵਿਚ ਰਹੀ ਸੀ ਜਿਸ ਵਿਚ ਅਨਿਲ ਮਲਿਕ ਦੁਆਰਾ ਉਸ ਨਾਲ ਜਿਣਸੀ ਸ਼ੋਸ਼ਣ ਕੀਤਾ ਗਿਆ। 16 ਅਪ੍ਰੈਲ, 2021 ਨੂੰ ਉਸਨੇ ਕੁਝ ਲੋਕਾਂ ਨੂੰ ਆਪਣੇ ਨਾਲ ਹੋਏ ਜਿਣਸੀ ਸ਼ੋਸ਼ਣ ਦੀ ਖਬਰ ਦਿੱਤੀ ਸੀ। ਮਹਿਲਾ ਨੂੰ ਫਿਰ ਦੂਸਰੇ ਤੰਬੂ ਵਿਚ ਸ਼ਿਫਟ ਕਰ ਦਿੱਤਾ ਗਿਆ ਸੀ ਜਿੱਥੇ ਹੋਰ ਵੀ ਔਰਤਾਂ ਸਨ। 21 ਅਪ੍ਰੈਲ, 2021 ਨੂੰ ਉਸ ਨੂੰ ਹਲਕਾ ਬੁਖਾਰ ਹੋਣ ‘ਤੇ ਟਿਕਰੀ ਦੇ ਮੈਡੀਕਲ ਕੈਂਪ ਲਿਜਾਇਆ ਗਿਆ। ਉਸਦੇ ਪਿਤਾ ਨੇ ਸੰਯੁਕਤ ਕਿਸਾਨ ਮੋਰਚਾ ਦੀ 9 ਮੈਂਬਰੀ ਕਮੇਟੀ ਦੇ ਸੀਨੀਅਰ ਲੀਡਰ ਨਾਲ ਸੰਪਰਕ ਵੀ ਕੀਤਾ। ਪਰ ਮਹਿਲਾ ਨੂੰ ਬੰਗਾਲ ਵਾਪਿਸ ਛੱਡਣ ਦੇ ਬਹਾਨੇ 25 ਅਪ੍ਰੈਲ ਨੂੰ ਅਨਿਲ ਮਲਿਕ ਅਤੇ ਅਨੂਪ ਸਿੰਘ ਚਿਨੌਤ ਨੇ ਉਸਨੂੰ ਆਪਣੀ ਕਾਰ ਵਿਚ ਬਿਠਾ ਲਿਆ। ਉਸ ਦੀ ਲੋਕੇਸ਼ਨ ਟਰੇਸ ਕਰਨ ‘ਤੇ ਪਤਾ ਲੱਗਿਆ ਕਿ ਮਹਿਲਾ ਨੂੰ ਹਾਂਸੀ (ਹਰਿਆਣਾ) ਲੈ ਕੇ ਜਾਇਆ ਜਾ ਰਿਹਾ ਸੀ। ਜਦ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਲੀਡਰਾਂ ਨੇ ਦਖ਼ਲ ਦਿੱਤਾ ਤਾਂ ਮਹਿਲਾ ਨੂੰ ਭਗਤ ਸਿੰਘ ਲਾਇਬ੍ਰੇਰੀ, ਟਿਕਰੀ ਬਾਰਡਰ ‘ਤੇ ਵਾਪਿਸ ਲਿਆਂਦਾ ਗਿਆ। ਜਦ ਉਸਦੀ ਸਿਹਤ ਹੋਰ ਵਿਗੜ ਗਈ ਤਾਂ ਉਸਨੂੰ ਬਹਾਦੁਰਗੜ੍ਹ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸਦਾ 30 ਅਪ੍ਰੈਲ 2021 ਨੂੰ ਕੋਵਿਡ ਕਾਰਣ ਦਿਹਾਂਤ ਹੋ ਗਿਆ।
ਬਦਕਿਸਮਤੀ ਨਾਲ, ਇਹ ਇਸ ਪ੍ਰਕਾਰ ਦੀ ਪਹਿਲੀ ਘਟਨਾ ਨਹੀਂ ਹੈ। ਮੋਰਚੇ ਵਿੱਚ ਹੋਰ ਵੀ ਪੀੜਤ ਅਤੇ ਸਰਵਾਈਵਰ ਔਰਤਾਂ ਹਨ, ਜਿਨ੍ਹਾਂ ਟਰਾਲੀ ਟਾਈਮਜ਼, SFS ਅਤੇ ਸਵਰਾਜ ਅਭਿਆਨ ਵਿੱਚ ਆਪਣੇ ਨਾਲ ਹੋਏ ਸੋਸ਼ਣ ਤੇ ਦੁਰਵਿਵਹਾਰ ਨੂੰ ਵੀ ਜਨਤਕ ਕੀਤਾ ਹੈ। ਸਾਨੂੰ ਇਹ ਉਮੀਦ ਹੈ ਕਿ ਇਸ ਕੇਸ ਵਿੱਚ FIR ਦਰਜ ਕਰਨ ਨਾਲ ਕੁੱਝ ਨਿਆਂ ਮਿਲੇਗਾ। ਅਸੀਂ ਦ੍ਰਿੜ੍ਹਤਾ ਨਾਲ ਮੰਨਦੇ ਹਾਂ ਕਿ ਅੰਦੋਲਨਾਂ ਵਿੱਚ ਜਿਨ੍ਹੀਆਂ ਵੀ ਜਿਣਸੀ ਸੋਸ਼ਣ ਦੀਆਂ ਸ਼ਿਕਾਇਤਾਂ ਹਨ ਉਨ੍ਹਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਸਖਤ ਕਾਰਵਾਈ ਕੀਤੀ ਜਾਵੇ।
ਮਾਮਲਾ ਦਰਜ ਕਰਵਾਉਣ ਨੂੰ ਲੈ ਕੇ ਬਣੀ ਉਲਝਣ ਵਾਲੀ ਸਥਿਤੀ
ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਇਸ ਮਾਮਲੇ ਵਿੱਚ ਕਿਹਾ ਹੈ ਕਿ ਲੜਕੀ ਦੇ ਪਿਤਾ ਨੂੰ ਬਾਰ ਬਾਰ ਕਹਿਣ ‘ਤੇ ਮਾਮਲਾ ਦਰਜ ਨਹੀਂ ਕਰਵਾਇਆ ਗਿਆ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਹ ਮਾਮਲਾ ਕਿਸਾਨ ਮੋਰਚਾ ਨੇ ਦਰਜ ਕਰਵਾਇਆ ਹੈ। ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਇਸਦਾ ਜਿਕਰ ਨਹੀਂ ਹੈ। ਉੱਧਰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਇਸ ਮਾਮਲੇ ਵਿਚ ਦੋਸ਼ੀ ਬਖਸ਼ੇ ਨਹੀਂ ਜਾਣਗੇ।