Punjab

ਕਿਸਾਨ ਆਗੂ ਪ੍ਰਿਤਪਾਲ ਸਿੰਘ ਮਾਮਲੇ ‘ਚ ਹਾਈਕੋਰਟ ਪੰਜਾਬ ਸਰਕਾਰ’ਤੇ ਸਖਤ! ‘ਜ਼ੀਰੋ FIR ਕਿਉਂ ਦਰਜ ਕੀਤੀ’ ?

ਬਿਉੋਰੋ ਰਿਪੋਰਟ : ਕਿਸਾਨੀ ਅੰਦੋਲਨ ਦੌਰਾਨ ਹਰਿਆਣਾ ਪੁਲਿਸ ਦੀ ਤਸ਼ਦੱਦ ਦਾ ਸ਼ਿਕਾਰ ਹੋਏ ਨੌਜਵਾਨ ਪ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਹਾਈਕੋਰਟ ਨੇ ਪੰਜਾਬ ਸਰਕਾਰ ‘ਤੇ ਗੰਭੀਰ ਸਵਾਲ ਖੜੇ ਕੀਤੇ ਹਨ । ਜਸਟਿਸ ਹਰਕੇਸ਼ ਮੰਜੂ ਨੇ ਪੁੱਛਿਆ ਪ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਜ਼ੀਰੋ FIR ਕਿਉਂ ਦਰਜ ਕੀਤੀ ਗਈ ਹੈ ਜਦਕਿ ਉਸ ਨੇ ਆਪਣੇ ਬਿਆਨ ਵਿੱਚ ਸਾਫ ਕਿਹਾ ਹੈ ਕਿ ਮੈਨੂੰ ਪੰਜਾਬ ਤੋਂ ਚੁੱਕ ਕੇ ਲਿਜਾਇਆ ਗਿਆ ਅਤੇ ਹਰਿਆਣਾ ਵਿੱਚ ਕੁੱਟਮਾਰ ਕੀਤੀ ਗਈ । ਸਿਰਫ਼ ਇੰਨਾਂ ਹੀ ਨਹੀਂ ਪ੍ਰਿਤਪਾਲ ਦੇ ਪਿਤਾ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਉਸ ਦੇ ਪੁੱਤਰ ਨੂੰ ਬੋਰੀ ਵਿੱਚ ਲਿਜਾਇਆ ਅਤੇ ਫਿਰ ਕੁੱਟਮਾਰ ਕੀਤੀ ਗਈ ।

ਅਦਾਲਤ ਨੇ ਸਹਾਇਕ ਐਡਵੋਕੇਟ ਜਰਨਲ ਨੂੰ ਨਿਰਦੇਸ਼ ਦਿੱਤੇ ਕਿ ਉਹ ਪ੍ਰਿਤਪਾਲ ਨਾਲ ਜੁੜੇ ਸਾਰੇ ਮੈਡੀਕਲ ਰਿਕਾਰਡ ਜਾਂਚ ਏਜੰਸੀ ਨੂੰ ਸੌਂਪੇ । 14 ਮਾਰਚ ਨੂੰ ਪ੍ਰਿਤਪਾਲ ਨੇ ਅਦਾਲਤ ਵੱਲੋਂ ਨਿਯੁਕਤ ਕੀਤੇ ਗਏ ਅਧਿਕਾਰੀ ਅਤੇ ਪੰਜਾਬ ਅਤੇ ਹਰਿਆਣਾ ਦੇ ਪੁਲਿਸ ਅਫਸਰਾਂ ਸਾਹਮਣੇ ਬਿਆਨ ਦਰਜ ਕਰਵਾਇਆ ਸੀ ਕਿ ਕਿਸ ਤਰ੍ਹਾਂ ਨਾਲ ਉਸ ਨਾਲ ਕੁੱਟਮਾਰ ਕੀਤੀ ਗਈ ਹੈ । ਜਿਸ ਤੋਂ ਬਾਅਦ 2 ਅਪ੍ਰੈਲ ਨੂੰ ਅਦਾਲਤ ਵਿੱਚ ਪੰਜਾਬ ਸਰਕਾਰ ਨੇ ਦੱਸਿਆ ਕਿ ਅਸੀਂ ਜ਼ੀਰੋ FIR ਪਟਿਆਲਾ ਦੇ ਪਾਤਰਾ ਵਿੱਚ ਦਰਜ ਕੀਤੀ ਹੈ । ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਹੈ ਕਿ FIR ਦਰਜ ਕਰਨ ਵੇਲੇ ਸਾਡੇ ਕੋਲ ਮੈਡੀਕਲ ਰਿਪੋਰਟ ਨਹੀਂ ਸੀ

21 ਫਰਵਰੀ ਨੂੰ ਪ੍ਰਿਤਪਾਲ ਸਿੰਘ ਖਨੌਰੀ ਸਰਰੱਦ ‘ਤੇ ਸੇਵਾ ਕਰ ਰਿਹਾ ਸੀ ਇਸੇ ਦੌਰਾਨ ਇਲਜ਼ਾਮ ਹੈ ਕਿ ਉਸ ਨੂੰ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਅਤੇ ਉਸ ਨਾਲ ਕੁੱਟਮਾਰ ਕੀਤੀ । ਪਿਤਾ ਦੀ ਸ਼ਿਕਾਇਤ ‘ਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਪ੍ਰਿਤਪਾਲ ਦਾ ਪਤਾ ਲਗਾਇਆ ਤਾਂ PGI ਰੋਹਤਕ ਵਿੱਚ ਉਸ ਦੀ ਬੁਰੀ ਤਰ੍ਹਾਂ ਜ਼ਖਮੀ ਹਾਲਤ ਦੀ ਤਸਵੀਰ ਸਾਹਮਣੇ ਆਈ । ਪੰਜਾਬ ਦੇ ਮੁੱਖ ਸਕੱਤਰ ਨੇ ਹਰਿਆਣਾ ਨੂੰ ਪੱਤਰ ਲਿਖ ਕੇ ਪ੍ਰਿਤਪਾਲ ਸਮੇਤ ਹੋਰ ਜਖਮੀਆਂ ਨੂੰ ਪੰਜਾਬ ਨੂੰ ਸੌਂਪਣ ਦੀ ਮੰਗ ਕੀਤੀ । ਸ਼ਾਮ ਹੁੰਦੇ-ਹੁੰਦੇ ਪ੍ਰਿਤਪਾਲ ਨੂੰ ਚੰਡੀਗੜ੍ਹ ਪੀਜੀਆਈ ਲਿਆਇਆ ਗਿਆ । ਪਿਤਾ ਦੀ ਸ਼ਿਕਾਇਤ ‘ਤੇ ਹਾਈਕੋਰਟ ਨੇ ਪ੍ਰਿਤਪਾਲ ਦੇ ਬਿਆਨ ਦਰਜ ਕੀਤੇ । ਅਦਾਲਤ ਵਿੱਚ ਹਰਿਆਣਾ ਸਰਕਾਰ ਨੇ ਆਪਣੇ ਬਚਾਅ ਵਿੱਚ ਇਲਜ਼ਾਮ ਲਗਾਇਆ ਕਿ ਪ੍ਰਿਤਪਾਲ ਮੋਰਚੇ ਵਿੱਚ ਸ਼ਾਮਲ ਲੋਕਾਂ ਨੂੰ ਪੁਲਿਸ ਦੇ ਖਿਲਾਫ ਭੜਕਾ ਰਿਹਾ ਸੀ,ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ ।

ਇਸ ਤੋਂ ਪਹਿਲਾਂ ਸ਼ੁਭਕਰਨ ਮਾਮਲੇ ਵਿੱਚ ਹਾਈਕੋਰਟ ਵੱਲੋਂ ਗਠਤ ਕੀਤੀ ਗਈ ਜਾਂਚ ਕਮੇਟੀ ਖਿਲਾਫ ਹਰਿਆਣਾ ਸਰਕਾਰ ਸੁਪਰੀਮ ਕੋਰਟ ਪਹੁੰਚੀ ਸੀ ਪਰ ਸੁਪਰੀਮ ਕੋਰਟ ਨੇ ਇਸ ਤੇ ਰੋਕ ਲਗਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ ।