India

ਚੰਡੀਗੜ੍ਹ ‘ਚ ਕੀ-ਕੀ ਬੰਦ ਹੈ ? ਪੂਰਾ ਪੜ੍ਹੋ

ਚੰਡੀਗੜ੍ਹ- ਕੋਰੋਨਾਵਾਇਰਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਜਨਤਾ ਦੀ ਭਲਾਈ ਲਈ ਕਈ ਬਚਾਅ ਕੀਤੇ ਜਾ ਰਹੇ ਹਨ। ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵੱਲੋਂ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇਸ ਮਹਾਂਮਾਰੀ ਤੋਂ ਬਚਾਅ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਲਈ ਬੈਠਕ ਕੀਤੀ ਗਈ। ਇਸ ਦੌਰਾਨ ਵੀਡੀਓ ਕਾਨਫ਼ਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਕੋਰੋਨਾਵਾਇਰਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ’ਚ 22 ਮਾਰਚ ਨੂੰ ‘ਜਨਤਾ ਕਰਫਿਊ’ ਦੇ ਦਿੱਤੇ ਗਏ ਸੱਦੇ ਤਹਿਤ ਚੰਡੀਗੜ੍ਹ ਸੀਟੀਯੂ ਨੇ ਆਪਣੀਆਂ ਬੱਸਾਂ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਇਸ ਸਬੰਧੀ ਸੀਟੀਯੂ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਲੋਕਲ ਤੇ ਲੰਬੇ ਰੂਟ ਦੀ ਬੱਸ ਸੇਵਾ ਬੰਦ ਰੱਖੀ ਜਾਵੇਗੀ। ਮਨੋਜ ਪਰੀਦਾ ਨੇ ਕਿਹਾ ਕਿ ਸ਼ਹਿਰ ’ਚ ਕਰਿਆਨੇ ਤੇ ਕੈਮਿਸਟ ਦੀਆਂ ਦੁਕਾਨਾਂ ਅਤੇ ਮੰਡੀਆਂ ਨੂੰ ਬੰਦ ਨਹੀਂ ਕੀਤਾ ਜਾਵੇਗਾ। 2 ਪਲਾਈ ਮਾਸਕ 8 ਰੁਪਏ ਅਤੇ 3 ਪਲਾਈ ਮਾਸਕ 10 ਰੁਪਏ ‘ਤੇ ਵੇਚੇ ਜਾਣਗੇ ਅਤੇ 200 ਮਿਲੀਮੀਟਰ ਦੇ ਸੈਨੇਟਾਈਜ਼ਰ 100 ਰੁਪਏ ਤੋਂ ਵੱਧ ਰੇਟ ‘ਤੇ ਨਹੀਂ ਵੇਚੇ ਜਾਣਗੇ।

ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦੇ ਪੰਜ ਪਾਜ਼ੀਟਿਵ ਕੇਸ ਅਤੇ ਕਈ ਸ਼ੱਕੀ ਮਰੀਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਵਧਾਨੀ ਵਜੋਂ ਸ਼ਹਿਰ ’ਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦੇ ਪੰਜ ਮਰੀਜ਼ਾਂ ਦੇ ਸਾਹਮਣੇ ਆਉਣ ਮਗਰੋਂ ਪ੍ਰਸ਼ਾਸਨ ਨੇ 31 ਮਾਰਚ 2020 ਤੱਕ ਸ਼ਹਿਰ ’ਚ 50 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਬਜ਼ੁਰਗਾਂ ਤੇ ਬੱਚਿਆਂ ਨੂੰ ਘਰਾਂ ’ਚ ਹੀ ਰਹਿਣ ਦੀ ਅਪੀਲੀ ਕੀਤੀ ਜਾ ਰਹੀ ਹੈ।

ਪਰੀਦਾ ਨੇ ਕਿਹਾ ਕਿ ਪਿਛਲੇ 15 ਦਿਨਾਂ ਵਿੱਚ ਵਿਦੇਸ਼ ਯਾਤਰਾ ਤੋਂ ਪਰਤੇ ਵਿਅਕਤੀ ਸਬੰਧੀ ਐਮਰਜੈਂਸੀ ਹੈਲਪਲਾਈਨ ਨੰਬਰ-112 ’ਤੇ ਸੂਚਿਤ ਕਰਨ ਤਾਂ ਜੋ ਉਸ ਦੀ ਜਾਂਚ ਕਰ ਕੇ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰ ਕੇ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਵਿੱਚ ਰਹਿਣ ਦੇ ਆਦੇਸ਼ ਦਿੱਤੇ ਹਨ। ਜੇਕਰ ਕੋਈ ਵਿਅਕਤੀ ਆਦੇਸ਼ਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਰੋਨਾਵਾਇਰਸ ਸਬੰਧੀ ਸ਼ੱਕ ਹੈ ਤਾਂ ਉਹ ਹਸਪਤਾਲ ਆਉਣ ਦੀ ਥਾਂ ਐਮਰਜੈਂਸੀ ਹੈਲਪਲਾਈਨ ਨੰਬਰ-112 ’ਤੇ ਫੋਨ ਕਰ ਦੇਵੇ। ਸਿਹਤ ਵਿਭਾਗ ਦੀ ਟੀਮ ਉਸ ਦੇ ਘਰ ਪਹੁੰਚ ਕੇ ਉਸ ਦੀ ਜਾਂਚ ਕਰੇਗੀ ਤੇ ਲੋੜ ਪੈਣ ’ਤੇ ਵਿਅਕਤੀ ਨੂੰ ਹਸਪਤਾਲ ਵਿੱਚ ਸ਼ਿਫ਼ਟ ਕਰ ਦਿੱਤਾ ਜਾਵੇਗਾ।