India

ਕੋਰੋਨਾ ਕਰਕੇ ਫਿੱਕੇ ਪੈ ਸਕਦੇ ਨੇ ਆਜ਼ਾਦੀ ਦਿਵਸ ਦੇ ਰੰਗ, ਸਕੂਲੀ ਬੱਚੇ ਨਹੀਂ ਲੈ ਸਕਦੇ ਲਾਲ ਕਿਲ੍ਹੇ ਸਮਾਗਮ ‘ਚ ਹਿੱਸਾ

‘ਦ ਖ਼ਾਲਸ ਬਿਊਰੋ- ਆਜ਼ਾਦੀ ਦਿਵਸ ‘ਤੇ ਇਸ ਸਾਲ ਦਿੱਲੀ ਦੇ ਮਸ਼ਹੂਰ ਲਾਲ ਕਿਲ੍ਹੇ ‘ਤੇ ਸਕੂਲੀ ਬੱਚੇ ਸਾਲਾਨਾ ਸਮਾਗਮ ਦਾ ਹਿੱਸਾ ਨਹੀਂ ਬਣ ਸਕਣਗੇ ਅਤੇ ਲੋਕਾਂ ਦੀ ਗਿਣਤੀ ਵੀ ਆਮ ਨਾਲੋਂ ਘੱਟ ਹੋਣ ਦੀ ਸੰਭਾਵਨਾ ਹੈ। ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਮੱਦੇਨਜ਼ਰ ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਸੈਨੀਟੇਸ਼ਨ ਵਰਕਰਾਂ ਨੂੰ ਬੁਲਾਉਣਾ ਉੱਚਿਤ ਹੋਵੇਗਾ।

ਇਸ ਸਾਲ ਆਜ਼ਾਦੀ ਦਿਵਸ ‘ਤੇ ਸਕੂਲੀ ਬੱਚਿਆਂ ਵੱਲੋਂ ਕੋਈ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਪਰ ਕੁੱਝ ਐੱਨਸੀਸੀ ਕੈਡਟਾਂ ਨੂੰ ਪਰੇਡ ਕਰਨ ਲਈ ਬੁਲਾਇਆ ਜਾਵੇਗਾ। ਇਸ ਪ੍ਰੋਗਰਾਮ ਵਿੱਚ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਜਾਵੇਗਾ।

ਕੋਰੋਨਾਵਾਇਰਸ ਦੇ ਕਾਰਨ ਲਾਲ ਕਿਲ੍ਹੇ ਵਿੱਚ ਜਸ਼ਨਾਂ ਲਈ ਬੁਲਾਉਣ ਵਾਲੇ ਮਹਿਮਾਨਾਂ ਦੀ ਗਿਣਤੀ ਵਿੱਚ ਵੀ ਕਾਫ਼ੀ ਕਮੀ ਆ ਸਕਦੀ ਹੈ ਅਤੇ ਉਨ੍ਹਾਂ ਲਈ ਕੁਰਸੀਆਂ ਨੂੰ ਛੇ ਫੁੱਟ ਦੀ ਦੂਰੀ ‘ਤੇ ਰੱਖਿਆ ਜਾਵੇਗਾ। 74 ਵੇਂ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਦਿੱਲੀ ਦੇ ਲਾਲ ਕਿਲ੍ਹੇ ਵਿਖੇ ਦੇਸ਼ਵਾਸੀਆਂ ਨੂੰ ਸੰਬੋਧਨ ਕਰਨਗੇ।