International

ਕੈਨੇਡਾ ਦੀ ਇਸ ਪੰਜਾਬਣ MP ਨੂੰ ਵੀ ਹੋਇਆ ਕੋਰੋਨਾਵਾਇਰਸ

ਚੰਡੀਗੜ੍ਹ- ਕੈਨੇਡਾ ਦੇ ਬਰੈਂਪਟਨ–ਪੱਛਮੀ ਹਲਕੇ ਤੋਂ ਭਾਰਤੀ ਮੂਲ ਦੇ ਸੰਸਦ ਮੈਂਬਰ ਸ੍ਰੀਮਤੀ ਕਮਲ ਖੇੜਾ ਵੀ ਹੁਣ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਈ ਹੈ। ਉਨ੍ਹਾਂ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ਿਟਿਵ ਆਈ ਹੈ। ਇੱਥੇ ਵਰਨਣਯੋਗ ਹੈ ਕਿ ਕਮਲ ਖੇੜਾ ਇੱਕ ਰਜਿਸਟਰਡ ਨਰਸ ਵੀ ਹਨ।Image

ਸਨਿੱਚਰਵਾਰ ਦੀ ਰਾਤ ਨੂੰ ਕਮਲ ਖੇੜਾ ਦੇ ਸਰੀਰ ਵਿੱਚ ਜ਼ੁਕਾਮ ਵਰਗੇ ਲੱਛਣ ਵਿਖਾਈ ਦਿੱਤੇ ਸਨ। ਉਨ੍ਹਾਂ ਤੁਰੰਤ ਖੁਦ ਨੂੰ ਹੋਰ ਸਭਨਾਂ ਨਾਲੋਂ ਵੱਖ (ਆਈਸੋਲੇਟ) ਕਰ ਲਿਆ ਸੀ। ਮੰਗਲਵਾਰ ਨੂੰ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ਿਟਿਵ ਨਿਕਲਿਆ।

ਕਮਲ ਖੇੜਾ ਨੇ ਟਵਿਟਰ ਉੱਤੇ ਖੁਦ ਦੱਸਿਆ ਕਿ ਉਨ੍ਹਾਂ ਵਿੱਚ ਲੱਛਣ ਹਾਲੇ ਵੀ ਹਨ ਪਰ ਇਸ ਵੇਲੇ ਉਹ ਚੜ੍ਹਦੀ ਕਲਾ ’ਚ ਹਨ। ਮੈਨੂੰ ਪਤਾ ਹੈ ਕਿ ਬਹੁਤ ਸਾਰੇ ਕੈਨੇਡੀਅਨਾਂ ਦੀ ਹਾਲਤ ਇਸ ਵੇਲੇ ਠੀਕ ਨਹੀਂ ਹੈ।

ਇਸੇ ਮਹੀਨੇ ਪਹਿਲਾਂ ਸ੍ਰੀਮਤੀ ਕਮਲ ਖੇੜਾ ਨੇ ਲਿਖਿਆ ਸੀ ਕਿ ਕੈਨੇਡਾ ਦੇ ਹਸਪਤਾਲਾਂ ’ਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਫੈਲਣ ਕਾਰਨ ਹੁਣ ਨਰਸਾਂ ਦੀ ਘਾਟ ਪੈਦਾ ਹੋ ਗਈ ਹੈ ਇਸੇ ਲਈ ਮੈਂ ਹੁਣ ਖੁਦ ਨੂੰ ਇੱਕ ਨਰਸ ਵਜੋਂ ਰਜਿਸਟਰਡ ਕਰਵਾ ਰਹੀ ਹਾਂ। ਮੈਨੂੰ ਆਸ ਹੈ ਕਿ ਇਸ ਨਾਲ ਮਰੀਜ਼ਾਂ ਦਾ ਕਤਾਰਾਂ ‘ਚ ਖਲੋਣ ਕੇ ਉਡੀਕਣ ਦਾ ਸਮਾਂ ਕੁਝ ਘਟੇਗਾ।

ਕਮਲ ਖੇੜਾ ਨੇ ਕਿਹਾ ਸੀ ਕਿ ਆਪਣੇ ਸਮਾਜ ਨੂੰ ਕੁਝ ਵਾਪਸ ਦੇਣ ਦਾ ਇਹ ਬਹੁਤ ਅਹਿਮ ਸਮਾਂ ਹੈ। ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਮਲ ਖੇੜਾ ਨੂੰ ਕੋਰੋਨਾ ਦੀ ਲਾਗ ਕਿੱਥੋਂ ਲੱਗੀ ਹੈ। ਉਹ ਸੰਯੁਕਤ ਰਾਸ਼ਟਰ ਦੇ ਵਰਲਡ ਫ਼ੂਡ ਪ੍ਰੋਗਰਾਮ ਦੇ ਮੁਖੀ ਡੇਵਿਡ ਬੀਸਲੀ ਨੂੰ ਬੀਤੀ 12 ਮਾਰਚ ਨੂੰ ਮਿਲੇ ਸਨ ਤੇ ਸ੍ਰੀ ਬੀਸਲੀ ਨੇ ਬੀਤੀ 19 ਮਾਰਚ ਨੂੰ ਦੱਸਿਆ ਸੀ ਕਿ ਉਹ ਕੋਰੋਨਾ–ਪਾਜ਼ਿਟਿਵ ਹਨ।

ਕਮਲ ਖੇੜਾ ਦੇ ਕੋਰੋਨਾ–ਪਾਜ਼ਿਟਿਵ ਹੋਣ ਦੀ ਖ਼ਬਰ ਮਿਲਦਿਆਂ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਤੇ ਹੋਰ ਅਨੇਕ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਸ੍ਰੀਮਤੀ ਕਮਲ ਖੇੜਾ ਕੈਨੇਡਾ ਦੇ ਪਹਿਲੇ ਐੱਮਪੀ ਹਨ, ਜਿਨ੍ਹਾਂ ਦਾ ਕੋਰੋਨਾ ਟੈਸਟ ਪਾਜ਼ਿਟਿਵ ਆਇਆ ਹੈ।