India Punjab

‘ਕਿਸਾਨਾਂ ਨੂੰ ਹੁਣ ਟ੍ਰੇਨ ਤੇ ਬੱਸਾਂ ਰਾਹੀ ਦਿੱਲੀ ਨਹੀਂ ਪਹੁੰਚਣ ਦਿੱਤਾ ਜਾ ਰਿਹਾ’! ਹਾਈਵੇ ਦੇ 2 ਹੋਰ ਰਸਤੇ ਖੁੱਲੇ !

ਬਿਉਰੋ ਰਿਪੋਰਟ : ਕਿਸਾਨ ਅੰਦੋਲਨ ਦੇ 23 ਵੇਂ ਦਿਨ ਪੰਜਾਬ ਸਮੇਤ ਪੂਰੇ ਦੇਸ਼ ਤੋਂ ਕਿਸਾਨ ਟ੍ਰੇਨਾਂ ਅਤੇ ਬੱਸਾਂ ਦੇ ਰਾਹੀ ਦਿੱਲੀ ਰਵਾਨਾ ਹੋਏ ਪਰ ਅੰਦੋਲਨ ਦੀ ਅਗਵਾਈ ਕਰ ਰਹੇ ਸਰਵਣ ਸਿੰਘ ਪੰਧੇਰ ਨੇ ਇਲਜ਼ਾਮ ਲਗਾਇਆ ਹੈ ਕਿ ਕਿਸਾਨਾਂ ਨੂੰ ਜੰਤਰ ਮੰਤਰ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਹੈ । ਧਰਨੇ ਵਾਲੀ ਥਾਂ ਜੰਤਰ-ਮੰਤਰ ਵਿੱਚ ਧਾਰਾ 144 ਲੱਗਾ ਦਿੱਤੀ ਗਈ ਹੈ । ਹਾਲਾਂਕਿ ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਤੋਂ ਟ੍ਰੇਨ ਤੋਂ ਦੁਪਹਿਰ 3 ਵਜੇ ਇੱਕ ਜਥਾ ਜੰਤਰ ਮੰਤਰ ਪਹੁੰਚਿਆ ਹੈ ।

ਪੰਧੇਰ ਨੇ ਇਲਜ਼ਾਮ ਲਗਾਇਆ ਕਿ ਰਾਜਸਥਾਨ ਦੇ ਬਾਰਾਂ ਜਿਲ੍ਹੇ ਦੇ ਧਰਮਾ ਧਾਕੜ ਤੋਂ ਆ ਰਹੇ 50 ਲੋਕਾਂ ਨੂੰ ਰਾਤ ਰਾਜਸਥਾਨ ਦੀ ਬੀਜੇਪੀ ਸਰਕਾਰ ਦੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਉਹ ਹੁਣ ਵੀ ਪੁਲਿਸ ਦੀ ਹਿਰਾਸਤ ਵਿੱਚ ਹਨ । ਮੱਧ ਪ੍ਰਦੇਸ਼ ਦੇ ਰਤਲਾਮ ਅਤੇ ਦੱਖਣੀ ਭਾਰਤ ਤੋਂ ਆ ਰਹੇ ਕਿਸਾਨਾਂ ਨਾਲ ਵੀ ਕੋਈ ਸੰਪਰਕ ਨਹੀਂ ਹੋ ਰਿਹਾ ਹੈ । ਰਾਜਥਾਨ ਦੇ ਦੌਸਾ,ਡੂੰਗਰਪੁਰ,ਜੈਪੁਰ,ਕੋਟਾ ਬੂੰਦੀ ਤੋਂ ਕਿਸਾਨ ਜਥੇ ਦੇ ਰੂਪ ਵਿੱਚ ਦਿੱਲੀ ਪਹੁੰਚ ਰਹੇ ਹਨ। ਇੱਕ ਜਥੇ ਨੂੰ ਸਵਾਈ ਮਾਧੋਪੁਰ ਵਿੱਚ ਟ੍ਰੇਨ ਤੋਂ ਉਤਾਰ ਲਿਆ ਗਿਆ ਹੈ ।

ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਪੁੱਛਿਆ ਬੀਜੇਪੀ ਸਰਕਾਰ ਉਨ੍ਹਾਂ ਨੂੰ ਟ੍ਰੇਨ ਤੋਂ ਦਿੱਲੀ ਕਿਉਂ ਨਹੀਂ ਆਉਣ ਦੇਣਾ ਚਾਹੁੰਦੀ ਹੈ । ਇਸ ਤੋਂ ਸਾਫ ਹੈ ਇੱਕ ਪਾਸੇ ਸਰਕਾਰ ਕਿਸਾਨਾਂ ਨੂੰ ਦਿੱਲੀ ਨਹੀਂ ਆਉਣ ਦੇਣਾ ਚਾਹੁੰਦੀ ਹੈ ਤਾਂ ਦੂਜੇ ਪਾਸੇ ਇਹ ਸਾਬਿਤ ਕਰਨਾ ਚਾਹੁੰਦੀ ਹੈ ਕਿ ਕਿਸਾਨ ਅੰਦੋਲਨ -2 ਸਿਰਫ ਪੰਜਾਬ ਵਿੱਚ ਹੀ ਨਹੀਂ ਪੂਰੇ ਦੇਸ਼ ਵਿੱਚ ਹੈ । ਹਰਿਆਣਾ ਸਰਕਾਰ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕਿਸਾਨਾਂ ਦੇ ਟਰੈਕਟ ਤੋਂ ਜਾਣ ਦੇ ਇਤਰਾਜ਼ ਜਤਾਇਆ ਸੀ ਤਾਂ ਅਦਾਲਤ ਨੇ ਪੁੱਛਿਆ ਸੀ ਕਿ ਕਿਸਾਨ ਟ੍ਰੇਨਾਂ ਅਤੇ ਬੱਸਾਂ ਰਾਹੀ ਕਿਉਂ ਨਹੀਂ ਜਾਂਦੇ,ਜਿਸ ਤੋਂ ਬਾਅਦ ਮੋਰਚੇ ਦੇ ਆਗੂਆਂ ਨੇ ਇਹ ਫੈਸਲਾ ਲਿਆ ਸੀ ।

ਕਿਸਾਨਾਂ ਦੇ ਹੱਕ ਵਿੱਚ ਉਤਰੀ ਖਾਪ

ਰਾਸ਼ਟਰੀ ਕੁੰਡੂ ਖਾਪ ਦੇ ਪ੍ਰਧਾਨ ਜੈਬੀਰ ਕੁੰਡੂ ਨੇ ਸਰਕਾਰ ਨੂੰ 16 ਮਾਰਚ ਤੱਕ ਦਾ ਅਲਟੀਮੇਟਮ ਦਿੰਦੇ ਹੋਏ ਸਾਰੇ ਜ਼ਿਲ੍ਹਿਆਂ ਵਿੱਚ ਮੋਰਚੇ ਲਗਾਉਣ ਦਾ ਐਲਾਨ ਕਰ ਦਿੱਤਾ । ਖਾਪ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਕਿਸਾਨਾਂ ਦੀ ਹਮਾਇਤ ਨਾ ਕਰਨ ਵਾਲਿਆਂ ਨੂੰ ਵੋਟ ਨਹੀਂ ਦਿੱਤਾ ਜਾਵੇਗਾ ।

2 ਹੋਰ ਰਸਤੇ ਖੁੱਲੇ

ਫਤਿਹਾਬਦ ਵਿੱਚ ਕਿਸਾਨਾਂ ਦੇ ਦਿੱਲੀ ਕੂਚ ਤੋਂ ਬਾਅਦ ਪਿੰਡ ਅਯਾਲਕੀ ਦੀ ਨਜ਼ਦੀਕ ਬੈਰੀਕੇਡ ਲਗਾਏ ਗਏ ਸਨ ਜਿੰਨਾਂ ਨੂੰ ਹੁਣ ਖੋਲ ਦਿੱਤਾ ਗਿਆ ਹੈ । ਟੋਹਾਨਾ ਵਿੱਚ ਪੰਜਾਬ ਨੂੰ ਜੋੜਨ ਵਾਲੇ ਰਸਤੇ ਤੋਂ ਵੀ ਬੈਰੀਕੇਡਿੰਗ ਹਟਾ ਦਿੱਤੀ ਗਈ ਹੈ । ਇਸ ਤੋਂ ਪਹਿਲਾਂ ਹਿਸਾਰ-ਅੰਬਾਲਾ-ਚੰਡੀਗੜ੍ਹ ਹਾਈਵੇ 152 ਨੂੰ ਵੀ ਖੋਲਣਾ ਸ਼ੁਰੂ ਕਰ ਦਿੱਤਾ ਗਿਆ ਹੈ ।