ਚੰਡੀਗੜ੍ਹ ( ਹਿਨਾ ) ਭਾਰਤ ਵਿੱਚ ਕੋਰੋਨਾਵਾਇਰਸ ਦੇ ਵਧਦੇ ਹੋਏ ਪ੍ਰਭਾਵ ਨੂੰ ਵੇਖਦੇ ਹੋਏ ਹਰ ਇੱਕ ਮਹਿਕਮਾ ਇਸ ਵਾਇਰਸ ਨਾਲ ਨਜਿੱਠਣ ਵਾਸਤੇ ਕਮਰ ਕੱਸ ਕੇ ਖੜਾ ਹੋਇਆ ਹੈ ਤੇ ਉਸੇ ਹੀ ਤਰ੍ਹਾਂ ਪੰਜਾਬ ‘ਚ ਵੀ ਹੁਣ ਕੋਰੋਨਾਵਾਇਰਸ ਦੇ ਹੌਲੀ-ਹੌਲੀ ਪੈਰ ਪਸਾਰਨ ਦੀ ਸਥਿਤੀ ਨੂੰ ਵੇਖਦੇ ਹੋਏ ਫਿਰੋਜ਼ਪੁਰ ਰੇਲਵੇ ਵਿਭਾਗ ਮੰਡਲ ਹੇਠ ਆਉਂਦੇ ਰੇਲਵੇ ਸਟੇਸ਼ਨਾਂ, ਕਲੋਨੀਆਂ ਅਤੇ ਹਸਪਤਾਲਾਂ ਵਿੱਚ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।
ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਹੋਏ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ 7 ਹੋ ਗਈ ਹੈ। ਇਨ੍ਹਾਂ ਮਰੀਜ਼ਾਂ ਦੇ ਜਾਂਚ ਲਈ ਭੇਜੇ ਨਮੂਨਿਆਂ ਦੀਆਂ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਸਥਿਤੀ ਨੂੰ ਵੇਖਦੇ ਹੋਏ ਅੰਮ੍ਰਿਤਸਰ ਰੇਲ ਵਿਭਾਗ ਵੱਲੋਂ ਰੇਲਵੇ ਹਸਪਤਾਲਾਂ ‘ਚ 5 ਬੈੱਡਾਂ ਦੇ ਵਿਸ਼ੇਸ਼ ਵਾਰਡ ਸਥਾਪਤ ਕੀਤੇ ਗਏ ਹਨ।
ਇਸ ਦੌਰਾਨ ਫਿਰੋਜ਼ਪੁਰ ਰੇਲ ਵਿਭਾਗ ਮੰਡਲ ਵੱਲੋਂ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਜਾਗਰੂਕ ਕਰਨ ਲਈ ਕਈ ਰੇਲਵੇ ਸਟੇਸ਼ਨਾਂ, ਦਫ਼ਤਰਾਂ, ਰੇਲਵੇ ਕਲੋਨਿਆਂ, ਹਸਪਤਾਲਾਂ ਤੇ ਸਕੂਲਾਂ ਆਦਿ ਵਿੱਚ ਪੋਸਟਰ ਲਗਾਏ ਹਨ।
ਪ੍ਰਮੁੱਖ ਰੇਲਵੇ ਸਟੇਸ਼ਨਾਂ ‘ਤੇ ਨਿਯੁਕਤ ਕੀਤੇ ਮੈਡੀਕਲ ਇੰਚਾਰਜਾਂ ਵੱਲੋਂ ਦਫ਼ਤਰਾਂ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਨਾਲ ਹੀ ਰੇਲਵੇ ਐਮਰਜੰਸੀ ਹਸਪਤਾਲਾਂ ‘ਚ 10 ਮੰਜਿਆਂ ਦੇ ਵਾਰਡ ਬਣਾਏ ਗਏ ਹਨ, ਅਤੇ ਅਮਲੇ ਦੇ ਬਚਾਅ ਵਾਸਤੇ ਲੋੜੀਂਦੇ ਮਾਸਕ, ਦਸਤਾਨੇ ਤੇ ਹੋਰ ਸਾਮਾਨ ਮੁਹੱਈਆ ਕਰਵਾਏ ਗਏ ਹਨ। ਸਿਹਤ ਵਿਭਾਗ ਅਨੁਸਾਰ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਕਲਿੱਕ ਕਰੋ:- khalastv.com