ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੂਨ 1984 ਦੇ ਘੱਲੂਘਾਰੇ ਦੀ 41ਵੀਂ ਬਰਸੀ ਮੌਕੇ ਸਮਾਗਮ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਹੋਏ। ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਪਹੁੰਚੀਆਂ। ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਰਦਾਸ ਕਰਕੇ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ। ਅਰਦਾਸ ਵਿੱਚ ਸੰਦੇਸ਼ ਦਿੰਦਿਆਂ ਉਨ੍ਹਾਂ ਨੇ ਸਿੱਖ ਕੌਮ ਨੂੰ ਦ੍ਰਿੜਤਾ ਅਤੇ ਗੁਰਮਤਿ ਸਿਧਾਂਤਾਂ ’ਤੇ ਚੱਲਣ ਦੀ ਅਪੀਲ ਕੀਤੀ, ਸਿੱਖ ਪਛਾਣ ’ਤੇ ਹਮਲਿਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਂਝੇ ਯਤਨਾਂ ਦਾ ਜ਼ਿਕਰ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਵਿੱਚ ਜਥੇਦਾਰ ਨੇ ਸਮਾਗਮ ਦੀ ਸ਼ਾਂਤੀਪੂਰਵਕ ਸਮਾਪਤੀ ’ਤੇ ਸੰਤੁਸ਼ਟੀ ਜਤਾਈ ਅਤੇ ਸਿੱਖ ਜਥੇਬੰਦੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੀ ਨਿਯੁਕਤੀ ’ਤੇ ਇਤਰਾਜਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸਾਰੀਆਂ ਜਥੇਬੰਦੀਆਂ ਜਲਦ ਸ੍ਰੀ ਅਕਾਲ ਤਖਤ ਦੀ ਛਤਰ-ਛਾਇਆ ਹੇਠ ਇਕਜੁਟ ਹੋ ਕੇ ਪੰਥਕ ਮਸਲਿਆਂ, ਜਿਵੇਂ ਬੰਦੀ ਸਿੰਘਾਂ ਦੀ ਰਿਹਾਈ, ਲਈ ਕੰਮ ਕਰਨਗੀਆਂ। ਉਨ੍ਹਾਂ ਨੇ 1984 ਦੇ ਨਵੰਬਰ ਕਤਲੇਆਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਣਗਿਣਤ ਪਰਿਵਾਰ ਸ਼ਹੀਦ ਹੋਏ, ਪਰ ਇਨਸਾਫ਼ ਹਾਲੇ ਬਾਕੀ ਹੈ।
ਕੁਲਦੀਪ ਸਿੰਘ ਗੜਗੱਜ ਨੇ ਅੱਗੇ ਕਿਹਾ ਹੈ ਕਿ ਅੱਜ ਅਕਾਲ ਤਖ਼ਤ ਸਾਹਿਬ ਤੋਂ ਸੰਦੇਸ਼ ਗਿਆ ਕਿ ਸਿੱਖ ਇਕੱਠੇ ਹਨ ਤੇ ਇਕੱਠੇ ਬਹਿ ਸਕਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਆਪਣੀ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅੱਜ ਕਾਲੀ ਦਸਤਾਰ ਸਜਾਈ ਹੈ। ਜਥੇਦਾਰ ਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇੱਕ ਦਿਨ ਆਵੇਗਾ ਜਦੋਂ ਮੇਰੀਆਂ ਸਾਰੀਆਂ ਪੰਥਕ ਜਥੇਬੰਦੀਆਂ ਮੈਨੂੰ ਸਿਰੋਪਾਓ ਸਾਹਿਬ ਪਾਉਣਗੀਆਂ।