‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਆਸਟਰੇਲੀਆ ਦਾ ਵੀਜ਼ਾ ਲੈਣ ਦੇ ਚਾਹਵਾਨਾਂ ਨੂੰ ਹੁਣ ਆਪਣੇ ਚਰਿੱਤਰ ਦੀ ਸਾਫਗੋਈ ਦਾ ਪ੍ਰਮਾਣ ਦੇਣਾ ਪਵੇਗਾ। ਅਪਰਾਧੀ ਐਲਾਨੇ ਗਏ ਲੋਕਾਂ ਲਈ ਆਸਟਰੇਲੀਆ ਦੇ ਦਰਵਾਜ਼ੇ ਬੰਦ ਹੋ ਸਕਦੇ ਹਨ। ਮਾਈਗ੍ਰੇਸ਼ਨ ਨਿਯਮਾਂ ਤਹਿਤ ਇਮੀਗ੍ਰੇਸ਼ਨ ਮੰਤਰੀ ਅਲੈਕਸ ਹੱਕ ਨੇ ਕਿਹਾ ਹੈ ਕਿ ਅਪਰਾਧੀ ਐਲਾਨੇ ਗਏ ਗੈਰ-ਨਾਗਰਿਕਾਂ ਦੇ ਦਾਖ਼ਲੇ ਜਾਂ ਉਨ੍ਹਾਂ ਨੂੰ ਇੱਥੇ ਸਥਾਈ ਤੌਰ ’ਤੇ ਰਹਿਣ ਤੋਂ ਰੋਕਣ ਲਈ ਬਿਨੈ-ਪੱਤਰਾਂ ਵਿੱਚ ‘ਚਰਿੱਤਰ ਟੈਸਟ’ ਦੀ ਸਖਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਕਿਸੇ ਕਿਸਮ ਦੇ ਗੰਭੀਰ ਅਪਰਾਧ ਵਿੱਚ ਦੋਸ਼ੀ ਪਾਏ ਗਏ ਗੈਰ-ਨਾਗਰਿਕਾਂ ਨੂੰ ਆਸਟਰੇਲੀਆ ਵਿੱਚ ਦਾਖ਼ਲਾ ਜਾਂ ਰਹਿਣ ਦੀ ਆਗਿਆ ਨਹੀਂ ਹੋਵੇਗੀ। ਨਿਯਮਾਂ ਤਹਿਤ ਜੇ ਬਿਨੈਕਾਰ ਗੈਰ-ਨਾਗਰਿਕ ‘ਚਰਿੱਤਰ ਟੈਸਟ’ ਪਾਸ ਨਹੀਂ ਕਰਦਾ ਹੈ ਜਾਂ ਵੀਜ਼ਾ ਮਿਲਣ ਤੋਂ ਬਾਅਦ ਉਸਦਾ ਚਰਿੱਤਰ ਦਾਗੀ ਹੁੰਦਾ ਹੈ ਤਾਂ ਭਵਿੱਖ ਵਿੱਚ ਉਸ ਦਾ ਆਸਟਰੇਲੀਆ ਟਿਕੇ ਰਹਿਣਾ ਅਸੰਭਵ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਟੈਸਟ ਵਿੱਚ ਵੀਜ਼ਾ ਲਈ ਅਪਲਾਈ ਕਰਨ ਵਾਲੇ ਦਾ ਪਹਿਲਾਂ ਤੇ ਬਾਅਦ ਚਰਿੱਤਰ ਪਰਖਿਆ ਜਾਵੇਗਾ। ਇਸ ਤੋਂ ਇਲਾਵਾ ਨਵੇਂ ਨਿਯਮਾਂ ਤਹਿਤ ਪਰਿਵਾਰਕ ਹਿੰਸਾ, ਸ਼ੋਸ਼ਣ, ਧੋਖਾਧੜੀ ਅਤੇ ਬਜ਼ੁਰਗਾਂ ਤੇ ਸਮਾਜ ਦੇ ਹੋਰ ਕਮਜ਼ੋਰ ਲੋਕਾਂ ਪ੍ਰਤੀ ਅਣਗਹਿਲੀ ਵਰਗੇ ਗੰਭੀਰ ਅਪਰਾਧਾਂ ਵਿੱਚ ਜਕੜੇ ਹੋਏ ਵਿਅਕਤੀ ਵੀ ਵੀਜ਼ਾ ਦੇ ਹੱਕਦਾਰ ਨਹੀਂ ਹੋਣਗੇ।
