Punjab

ਅੱਜ ਚੰਡੀਗੜ੍ਹ ਪੁੱਜਣਗੇ ਗੁਲਾਬਚੰਦ ਕਟਾਰੀਆ

ਚੰਡੀਗੜ੍ਹ : ਪੰਜਾਬ ਦੇ 30ਵੇਂ ਰਾਜਪਾਲ ਅਤੇ ਚੰਡੀਗੜ੍ਹ ਦੇ 17ਵੇਂ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਅੱਜ ਦੁਪਹਿਰ ਚੰਡੀਗੜ੍ਹ ਪੁੱਜਣਗੇ। ਕਟਾਰੀਆ ਬਾਅਦ ਦੁਪਹਿਰ ਕਰੀਬ 3:30 ਵਜੇ ਚੰਡੀਗੜ੍ਹ ਹਵਾਈ ਅੱਡੇ ‘ਤੇ ਪਹੁੰਚਣਗੇ। ਇਸ ਤੋਂ ਬਾਅਦ ਉਹ ਯੂਟੀ ਗੈਸਟ ਹਾਊਸ ਅਤੇ ਫਿਰ ਰਾਜ ਭਵਨ ਜਾਣਗੇ। ਕਟਾਰੀਆ ਦਾ ਸਹੁੰ ਚੁੱਕ ਸਮਾਗਮ ਬੁੱਧਵਾਰ ਸਵੇਰੇ ਕਰੀਬ 10 ਵਜੇ ਹੋਵੇਗਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਗੁਲਾਬਚੰਦ ਕਟਾਰੀਆ ਨੂੰ ਸਹੁੰ ਚੁਕਾਈ ਜਾਵੇਗੀ। ਇਸ ਦੇ ਨਾਲ ਹੀ ਅੱਜ ਸ਼ਾਮ 6 ਵਜੇ ਬਨਵਾਰੀ ਲਾਲ ਪੁਰੋਹਿਤ ਦਾ ਵਿਦਾਇਗੀ ਸਮਾਰੋਹ ਵੀ ਆਯੋਜਿਤ ਕੀਤਾ ਜਾਵੇਗਾ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਬਦਨੌਰ ਵਿਸ਼ੇਸ਼ ਮਹਿਮਾਨ ਹੋਣਗੇ

ਬਦਨੌਰ ਰਾਜ ਭਵਨ ਵਿਖੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਚੰਡੀਗੜ੍ਹ ਦੇ ਸਾਬਕਾ ਪ੍ਰਸ਼ਾਸਕ ਵੀ.ਪੀ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਕਿਉਂਕਿ ਗੁਲਾਬਚੰਦ ਕਟਾਰੀਆ ਅਤੇ ਵੀਪੀ ਸਿੰਘ ਬਦਨੌਰ ਦੋਵੇਂ ਲਗਭਗ 50 ਸਾਲਾਂ ਤੋਂ ਇੱਕ ਦੂਜੇ ਦੇ ਨਾਲ ਵਿਧਾਇਕ, ਮੰਤਰੀ ਅਤੇ ਸੰਸਦ ਮੈਂਬਰ ਰਹੇ ਹਨ। ਉਨ੍ਹਾਂ ਨੇ ਇੱਕ-ਦੂਜੇ ਨਾਲ ਲੰਬਾ ਸਫ਼ਰ ਤੈਅ ਕੀਤਾ ਹੈ। ਦੋਵੇਂ ਰਾਜਸਥਾਨ ਦੀ ਰਾਜਨੀਤੀ ਤੋਂ ਆਉਂਦੇ ਹਨ। ਬੀਪੀ ਸਿੰਘ ਬਦਨੌਰ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਵੀ ਰਹਿ ਚੁੱਕੇ ਹਨ।

ਰਾਜਸਥਾਨ ਤੋਂ ਲਗਭਗ 200 ਮਹਿਮਾਨ ਪਹੁੰਚਣਗੇ

ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ ਗੁਲਾਬਚੰਦ ਕਟਾਰੀਆ ਦੇ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਲਈ ਰਾਜਸਥਾਨ ਤੋਂ ਕਰੀਬ 200 ਮਹਿਮਾਨ ਆ ਰਹੇ ਹਨ। ਯੂਟੀ ਪ੍ਰਸ਼ਾਸਨ ਮਹਿਮਾਨਾਂ ਨੂੰ ਠਹਿਰਾਉਣ ਦੀ ਤਿਆਰੀ ਵਿੱਚ ਜੁਟਿਆ ਹੋਇਆ ਹੈ। ਸਾਰੇ ਮਹਿਮਾਨਾਂ ਦੇ ਸਵਾਗਤ ਲਈ ਯੂਟੀ ਪ੍ਰਸ਼ਾਸਨ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਵੀ ਪ੍ਰਬੰਧ ਕੀਤੇ ਗਏ ਹਨ। ਯੂਟੀ ਪ੍ਰਸ਼ਾਸਨ ਵੱਲੋਂ ਸੀਟੀਯੂ ਦੀਆਂ 6 ਬੱਸਾਂ ਨੂੰ ਮਹਿਮਾਨਾਂ ਲਈ ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਗੁਲਾਬਚੰਦ ਕਟਾਰੀਆ ਤੀਜੇ ਪ੍ਰਸ਼ਾਸਕ ਅਤੇ ਰਾਜਪਾਲ ਹੋਣਗੇ ਜੋ ਰਾਜਸਥਾਨ ਨਾਲ ਸਬੰਧਤ ਹਨ।