Punjab

ਸਰੇਆਮ ਨਿਸ਼ਾਨ ਸਾਹਿਬ ਦੀ ਬੇਅਦਬੀ ! ਟਰੈਕਟਰ ਨਾਲ ਤੋੜਿਆ ! 4 ਮੁਲਜ਼ਮਾਂ ਖਿਲਾਫ ਛਾਪੇਮਾਰੀ !

ਬਿਉਰੋ ਰਿਪੋਰਟ – ਅੰਮ੍ਰਿਤਸਰ ਦੇ ਗੁਰੂ ਦੀ ਵਡਾਲੀ ਵਿੱਚ ਸਰੇਆਮ ਨਿਸ਼ਾਨ ਸਾਹਿਬ ਦੀ ਬੇਅਦਬੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ । ਦਰਅਸਲ ਇਕ ਧਿਰ ਨੂੰ ਸ਼ਾਮਲਾਟ ਦੀ ਜ਼ਮੀਨ ਦਿੱਤੀ ਗਈ ਸੀ ਉਨ੍ਹਾਂ ਨੇ ਉੱਥੇ ਗੁਰੂ ਘਰ ਬਣਾਉਣਾ ਸੀ ਜਿਸ ਦੇ ਲਈ ਨਿਸ਼ਾਨ ਸਾਹਿਬ ਲਗਾਇਆ ਗਿਆ ਸੀ । ਪਰ ਦੂਜੀ ਧਿਰ ਟਰੈਕਟਰ ਲੈਕੇ ਆਈ ਅਤੇ ਨਿਸ਼ਾਨ ਸਾਹਿਬ ਨੂੰ ਬੁਰੀ ਤਰ੍ਹਾਂ ਟਰੈਕਟਰ ਮਾਰ ‘ਤੇ ਪੁੱਟ ਦਿੱਤਾ ਗਿਆ । ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਛੇਹਰਟਾ ਦੇ SHO ਨੇ ਦੱਸਿਆ ਹੈ ਕਿ ਸਾਨੂੰ ਇਸ ਦੀ ਸ਼ਿਕਾਇਤ ਮਿਲੀ ਹੈ ਅਸੀਂ 4 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ । ਪੁਲਿਸ ਨੇ ਬੇਅਦਬੀ ਦਾ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ।

ਨਿਸ਼ਾਨ ਸਾਹਿਬ ਪੱਟਣ ਵਾਲੀ ਧਿਰ ਦਾ ਬਿਆਨ

ਉਧਰ ਨਿਸ਼ਾਨ ਸਾਹਿਬ ਪੱਟਣ ਵਾਲੀ ਧਿਰ ਦਾ ਕਹਿਣਾ ਹੈ ਕਿ 1975 ਤੋਂ ਲਗਾਤਾਰ ਉਹ ਇਸ ਜ਼ਮੀਨ ਨੂੰ ਵਰਤ ਰਹੇ ਹਨ। ਸ਼ੁਰੂ ਵਿੱਚ ਇਹ ਪੰਚਾਇਤੀ ਜ਼ਮੀਨ ਸੀ, ਜਿਸ ਨੂੰ ਕਿ ਮੌਜੂਦਾ ਸਰਪੰਚ ਵੱਲੋਂ ਉਨ੍ਹਾਂ ਨੂੰ ਵਰਤਨ ਲਈ ਦਿੱਤੀ ਗਈ ਸੀ ਤੇ ਇਸ ਜ਼ਮੀਨ ਦੇ ਕਾਗਜ਼ਾਤ ਵੀ ਉਨ੍ਹਾਂ ਦੇ ਕੋਲ ਮੌਜੂਦ ਹਨ। ਪੰਚਾਇਤੀ ਜ਼ਮੀਨ ਕੁਝ ਸਮੇਂ ਬਾਅਦ ਕਾਰਪਰੇਸ਼ਨ ਅਧੀਨ ਆ ਗਈ ਤੇ ਹੁਣ ਤੱਕ ਉਹ ਲਗਾਤਾਰ ਇਸ ਜ਼ਮੀਨ ਦੀ ਵਰਤੋਂ ਕਰਦੇ ਆ ਰਹੇ ਹਨ।

ਅਸੀਂ SGPC ਅਤੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ

ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਵਾਲੀ ਧਿਰ ਦਾ ਕਹਿਣਾ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਰਲ ਕੇ ਇਸ ਜ਼ਮੀਨ ਉੱਤੇ ਕਬਜ਼ਾ ਕਰਨ ਦੇ ਲਈ ਨਿਸ਼ਾਨ ਸਾਹਿਬ ਲਗਾ ਦਿੱਤਾ। ਜਿਸ ਤੋਂ ਬਾਅਦ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਬੇਨਤੀ ਕੀਤੀ ਅਤੇ ਉਨ੍ਹਾਂ ਕਿਹਾ ਕਿ ਮਰਿਆਦਾ ਅਨੁਸਾਰ ਨਿਸ਼ਾਨ ਸਾਹਿਬ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਾਫ ਸੁਥਰੀ ਜਗ੍ਹਾ ’ਤੇ ਹੋਣਾ ਚਾਹੀਦਾ ਹੈ,ਪਰ ਜੋ ਜ਼ਮੀਨ ਦੱਬਣ ਲਈ ਨਿਸ਼ਾਨ ਸਾਹਿਬ ਲਗਾਇਆ ਗਿਆ ਸੀ, ਉਹ ਥਾਂ ਸਾਫ ਨਹੀਂ ਹੈ ਤੇ ਨਾ ਹੀ ਇਥੇ ਕੋਈ ਸੇਵਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਆਲੇ-ਦੁਆਲੇ ਦੇ ਲੋਕਾਂ ਨੇ ਵੀ ਇੱਥੇ ਨਿਸ਼ਾਨ ਸਾਹਿਬ ਲੱਗਣ ਉੱਤੇ ਇਤਰਾਜ਼ ਕੀਤਾ ਹੈ। ਨਿਸ਼ਾਨ ਸਾਹਿਬ ਪੁੱਟਣ ਵਾਲੀ ਧਿਰ ਨੇ ਸਫਾਈ ਦਿੰਦੇ ਹੋਏ ਕਿਹਾ ਅਸੀਂ ਪੂਰੀ ਗੁਰ ਮਰਿਆਦਾ ਅਨੁਸਾਰ ਅਰਦਾਸ ਕਰਕੇ ਇਸ ਨਿਸ਼ਾਨ ਸਾਹਿਬ ਜੀ ਨੂੰ ਉਤਾਰਿਆ ਹੈ ਤੇ ਵੀਡੀਓ ਵਿੱਚ ਇੱਕ ਪਾਸਾ ਹੀ ਦਿਖਾਈ ਦੇ ਰਿਹਾ ਹੈ, ਜਦਕਿ ਉਸਦਾ ਅਸਲੀ ਪਾਸਾ ਨਹੀਂ ਦਿਖਾਇਆ ਗਿਆ। ਅਸੀਂ ਸਭ ਤੋਂ ਪਹਿਲਾਂ ਅਰਦਾਸ ਕੀਤੀ ਅਤੇ ਮਰਿਆਦਾ ਅਨੁਸਾਰ ਹੀ ਨਿਸ਼ਾਨ ਸਾਹਿਬ ਨੂੰ ਉਤਾਰਿਆ ਹੈ। ਕਿਸੇ ਤਰ੍ਹਾਂ ਦੀ ਵੀ ਕੋਈ ਵੀ ਬੇਅਦਬੀ ਨਹੀਂ ਕੀਤੀ ਗਈ।

ਇਲਜ਼ਾਮ ਲਗਾਉਣ ਵਾਲੀ ਧਿਰ ਦਾ ਸ਼ਿਕਾਇਤ

ਦੂਜੀ ਧਿਰ ਦਾ ਕਹਿਣਾ ਹੈ ਕਿ ਪੰਚਾਇਤੀ ਜ਼ਮੀਨ ਸਭ ਨੂੰ ਵਰਤਣ ਦਾ ਹੱਕ ਹੈ। ਬੜੇ ਲੰਬੇ ਸਮੇਂ ਤੋਂ ਇਹ ਲੋਕ ਇਸ ਨੂੰ ਵਰਤਦੇ ਆ ਰਹੇ ਸਨ । ਸਰਪੰਚ ਵੱਲੋਂ ਉਨ੍ਹਾਂ ਨੂੰ ਜ਼ਮੀਨ ਦਿੱਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਇੱਥੇ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਹੈ, ਪਰ ਇਹਨਾਂ ਨੇ ਜ਼ਮੀਨ ਨੂੰ ਖੁਦ ਵਰਤਿਆ ਤੇ ਇੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਧਾਰਮਿਕ ਅਸਥਾਨ ਨਹੀਂ ਬਣਾਇਆ । ਅਸੀਂ ਸੰਗਤ ਮਦਦ ਨਾਲ ਇਥੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ। ਜਿਸ ਦੇ ਵਿੱਚ ਧਾਰਮਿਕ ਜਥੇਬੰਦੀਆਂ ਵੀ ਪਹੁੰਚੀਆਂ ਸਨ। ਪਰ ਇਹਨਾਂ ਲੋਕਾਂ ਵੱਲੋਂ ਉਸ ਨੂੰ ਮਰਿਆਦਾ ਦੇ ਉਲਟ ਉਤਾਰ ਦਿੱਤਾ ਗਿਆ। ਅਸੀਂ ਇੰਨਾਂ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਹੋਵੇ ਤਾਂ ਅਸੀਂ ਉਸ ਨੂੰ ਸਿਰ ਮੱਥੇ ਮੰਨਾਂਗੇ।