ਚੰਡੀਗੜ੍ਹ- ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਡਰਾ ਕੇ ਰੱਖਿਆ ਹੋਇਆ ਹੈ। ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਖਾਸ ਤੌਰ ‘ਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਇਕਾਂਤਵਾਸ ਰਹਿਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਅਜਿਹੇ ਹਾਲਾਤਾਂ ਵਿੱਚ ਲੋਕਾਂ ਖਾਸ ਕਰਕੇ ਬਿਰਧ-ਆਸ਼ਰਮਾਂ ਵਿੱਚ ਰਹਿਣ ਵਾਲੇ ਬਜ਼ੁਰਗਾਂ ਤੱਕ ਖਾਣਾ ਪਹੁੰਚਾਉਣਾ ਇੱਕ ਵੱਡਾ ਮਸਲਾ ਬਣ ਗਿਆ ਹੈ। ਅਜਿਹੀ ਸਥਿਤੀ ਵਿੱਚ ਨਿਊਯਾਰਕ ਦੀ ਸਰਕਾਰ ਨੇ ਸਿੱਖਾਂ ਨੂੰ ਯਾਦ ਕੀਤਾ ਹੈ। ਅਮਰੀਕਾ ਵਿੱਚ ਸਰਕਾਰ ਨੇ ਸਿੱਖਾਂ ਨੂੰ ਇਸ ਮਹਾਂਮਾਰੀ ਦੇ ਦੌਰਾਨ ਮਦਦ ਲਈ ਕਿਹਾ ਹੈ।
ਨਿਊਯਾਰਕ ਮੇਅਰ ਬਿੱਲ ਡੀ. ਬਲੇਸੀਉ ਨੇ ਸਿੱਖ ਭਾਈਚਾਰੇ ਕੋਲ ਪਹੁੰਚ ਕਰਕੇ ਲੰਗਰ ਮੁਹੱਈਆ ਕਰਵਾਉਣ ਲਈ ਬੇਨਤੀ ਕੀਤੀ ਹੈ। ਇਸ ਬੇਨਤੀ ਤੋਂ ਬਾਅਦ ਕਊਨੀਜ਼ ਵਿੱਲਜ ਸਥਿਤ ਸਿੱਖ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਆਫ਼ ਨਿਊਯਾਰਕ ਵਿਖੇ ਰੋਜਾਨਾ 28 ਹਜ਼ਾਰ ਲੋਕਾਂ ਲਈ ਖਾਣਾ ਤਿਆਰ ਕੀਤਾ ਜਾ ਰਿਹਾ ਹੈ।
ਇਸ ਕਾਰਜ ਲਈ ਲੋੜੀਂਦੇ ਪ੍ਰਬੰਧ ਕਰਕੇ ਗੁਰਦੁਆਰਾ ਸਾਹਿਬ ਦੀ ਰਸੋਈ ਨੂੰ ਦਵਾਈ ਦਾ ਛਿੜਕਾਅ ਕਰਕੇ ਜਿਵਾਣੂ ਮੁਕਤ ਕੀਤਾ ਗਿਆ ਹੈ। ਸਿੱਖ ਸੰਗਤ ਵੱਲੋਂ ਲੰਗਰ ਬਣਾਉਣ ਸਮੇਂ ਖਾਸ ਹਦਾਇਤਾਂ ਦਾ ਖਿਆਲ ਰੱਖਿਆ ਜਾ ਰਿਹਾ ਹੈ। ਇੰਝ ਤਿਆਰ ਕੀਤੇ ਜਾਣ ਵਾਲੇ ਖਾਣੇ ਨੂੰ ਡੱਬਿਆਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਜਿਸਨੂੰ ਸਰਕਾਰੀ ਨੁਮਾਇੰਦੇ ਲੋੜਵੰਦਾਂ ਤੱਕ ਪਹੁੰਚਾਉਣਗੇ। ਸਿੱਖਾਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਕਿਸੇ ਵੀ ਮੁਸ਼ਕਿਲ ਘੜੀ ਦੇ ਵਿੱਚ ਇਹ ਬਿਨਾਂ ਕਿਸੇ ਸੁਆਰਥ ਦੇ ਹਿੱਕ ਡਾਹ ਕੇ ਅੱਗੇ ਹੋ ਕੇ ਲੋਕਾਂ ਦੀ ਮਦਦ ਕਰਦੇ ਹਨ।