ਫਿਰੋਜ਼ਪੁਰ (ਰਾਹੁਲ ਕਾਲਾ) – ਜ਼ੀਰਾ ਦੇ 30 ਤੋਂ 40 ਪਿੰਡਾਂ ‘ਚ ਧਰਤੀ ਹੇਠਲਾ ਪਾਣੀ ਕੈਂਸਰ ਦਾ ਕਾਰਨ ਬਣ ਰਿਹਾ ਹੈ ਤੇ ਇੱਥੋਂ ਦੇ ਲੋਕ ਇਸ ਦਾ ਸੰਤਾਪ ਝੇਲ ਰਹੇ ਹਨ। ਇਸ ਦਾ ਸ਼ਿਕਾਰ ਹੋਇਆ ਰਟੌਲ ਰੋਹੀ ਪਿੰਡ ਦਾ ਇਹ ਪਰਿਵਾਰ। ਧਰਤੀ ਹੇਠਲਾ ਪਾਣੀ ਪੀਣ ਨਾਲ ਇਸ ਪਿੰਡ ‘ਚ ਦੋ ਮਹੀਨਿਆਂ ‘ਚ ਤਿੰਨ ਮੌਤਾਂ ਹੋ ਚੁੱਕੀਆਂ ਹਨ। ਇਹਨਾਂ ਚਾਰ ਧੀਆਂ ਤੇ ਇੱਕ ਪੁੱਤ ਦੀ ਮਾਤਾ ਮਨਜੀਤ ਕੌਰ ਦਾ ਦੇਹਾਂਤ ਕਰੀਬ 2 ਮਹੀਨੇ ਪਹਿਲਾਂ ਹੀ ਹੋਇਆ। ਮਨਜੀਤ ਕੌਰ ਗਲੇ ਦੇ ਕੈਂਸਰ ਤੋਂ ਪੀੜਤ ਸੀ। ਪਰਿਵਾਰ ਇਲਾਜ ਨਹੀਂ ਕਰਵਾ ਸਕਿਆ।
ਡਾਕਟਰਾਂ ਨੇ ਸਾਫ਼ ਕਹਿ ਦਿੱਤਾ ਸੀ ਕਿ ਦਵਾਈਆਂ ਦਾ ਅਸਰ ਤਾਂ ਹੀ ਹੋਣਾ ਪਹਿਲਾਂ ਪੀਣ ਵਾਲਾ ਪਾਣੀ ਬਦਲਿਆ ਜਾਵੇ। ਘਰ ‘ਚ ਗਰੀਬੀ ਕਾਰਨ ਪਾਣੀ ਨਹੀਂ ਬਦਲ ਹੋਇਆ ਜਿਸ ਦੇ ਨਤੀਜੇ ਵੱਜੋਂ ਮਨਜੀਤ ਕੌਰ ਕੈਂਸਰ ਦੀ ਬਿਮਾਰੀ ਤੋਂ ਹਾਰ ਗਈ। ਇਹ ਬਿਮਾਰੀ ਇੱਥੇ ਹੀ ਖ਼ਤਮ ਨਹੀਂ ਹੋਈ। ਮਨਜੀਤ ਕੋਰ ਦੀ ਧੀ ਪ੍ਰਭਜੋਤ ਕੌਰ ਵੀ ਪੀੜਤ ਹੈ। ਪ੍ਰਭਜੋਤ ਕੌਰ ਨੂੰ ਡਾਕਟਰਾਂ ਨੇ ਇਨਫੈਕਸ਼ਨ ਦੱਸੀ, ਲੀਵਰ ‘ਚ ਵੀ ਦਿੱਕਤ ਹੈ।
ਮਨਜੀਤ ਕੌਰ ਤੋਂ ਬਾਅਦ ਉਸ ਦੀ ਧੀ ਪ੍ਰਭਜੋਤ ਕੋਰ ਵੀ ਗੰਧਲਾ ਪਾਣੀ ਪੀਣ ਨਾਲ ਬਿਮਾਰ ਪੈ ਗਈ ਹੈ। ਪ੍ਰਭਜੋਤ ਨੂੰ ਵੀ ਘਰ ਵਾਲਾ ਪਾਣੀ ਪੀਣ ਤੋਂ ਪਰਹੇਜ਼ ਕਰਨ ਲਈ ਕਿਹਾ ਗਿਆ। ਮਨਜੀਤ ਕੌਰ ਦੀ ਮੌਤ ਬਾਅਦ ਹੁਣ ਪਰਿਵਾਰ 7ਵੀਂ ‘ਚ ਪੜ੍ਹਦੀ ਪ੍ਰਭਜੋਤ ਕੋਰ ਦੀ ਬਿਮਾਰੀ ਨੂੰ ਲੈ ਕੇ ਚਿੰਤਾ ਵਿੱਚ ਡੁੱਬਿਆ ਹੈ। ਕਾਰਨ ਵੀ ਪਤਾ ਹੈ ਕਿ ਧਰਤੀ ਹੇਠਲਾ ਪਾਣੀ ਪੀਣ ਨਾਲ ਹੀ ਬਿਮਾਰ ਹੋ ਰਹੇ ਨੇ ਪਰ ਆਰਥਿਕ ਪੱਖੋਂ ਕਮਜ਼ੋਰ ਇਹ ਪਰਿਵਾਰ ਕੁਝ ਨਹੀਂ ਕਰ ਸਕਦਾ। ਇੰਤਜ਼ਾਰ ਹੈ ਤਾਂ ਸਿਰਫ਼ ਪਾਣੀ ਸਾਫ਼ ਹੋਣ ਦਾ।
ਮਨਜੀਤ ਕੌਰ ਦੇ ਪਤੀ ਅਵਤਾਰ ਸਿੰਘ ਪੇਸ਼ੇ ਚੋਂ ਮਜ਼ਦੂਰ ਹਨ। ਇੱਕ ਹਾਦਸੇ ਵਿੱਚ ਅਵਤਾਰ ਸਿੰਘ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸਨ। ਇਸ ਲਈ ਭਾਰੀ ਕੰਮ ਵੀ ਨਹੀਂ ਕਰ ਸਕਦੇ। ਪਤਨੀ ਦੀ ਮੌਤ ਤੋਂ ਬਾਅਦ ਜੋ ਬਿਮਾਰੀ ਹੁਣ ਧੀ ਪ੍ਰਭਜੋਤ ਕੌਰ ਨੂੰ ਲੱਗੀ ਹੈ ਉਸ ਨੂੰ ਲੈ ਕੇ ਅਵਤਾਰ ਕਾਫ਼ੀ ਪਰੇਸ਼ਾਨ ਰਹਿੰਦੇ ਹਨ। ਕਿਉਂਕਿ ਪਤਨੀ ਦਾ ਇਲਜ਼ਾਮ ਜਲੰਧਰ, ਅੰਮ੍ਰਿਤਸਰ, ਫਰੀਦਕੋਟ, ਫਿਰੋਜ਼ਪੁਰ, ਮੋਗਾ ਤੱਕ ਕਰਵਾ ਕੇ ਦੇਖ ਲਿਆ। ਹਰ ਥਾਂ ਡਾਕਟਰਾਂ ਨੇ ਇੱਕ ਹੀ ਸਲਾਹ ਦਿੱਤੀ ਕਿ ਜਾਂ ਤਾਂ ਪਾਣੀ ਬਦਲ ਲਵੋ ਨਹੀਂ ਤਾਂ ਰਹਿਣ ਵਾਲੀ ਥਾਂ, ਪਾਣੀ ਖਰਾਬ ਹੋਣ ਕਾਰਨ ਹੀ ਇਹ ਬਿਮਾਰੀਆਂ ਪੈਦਾ ਹੋ ਰਹੀਆਂ ਹਨ।
ਜ਼ੀਰਾ ਸ਼ਰਾਬ ਫੈਕਟਰੀ ਬਾਰੇ ਜਾਣਕਾਰੀ ਦਿੰਦੇ ਹੋਏ ਅਵਤਾਰ ਸਿੰਘ ਨੇ ਕਿਹਾ ਕਿ 15 ਸਾਲ ਪਹਿਲਾਂ ਜਦੋਂ ਇਹ ਫੈਕਟਰੀ ਬਣਾਈ ਜਾਣੀ ਸੀ ਤਾਂ ਉਹਨਾਂ ਦੇ ਪਿਤਾ ਪਿੰਡ ਦੇ ਸਰਪੰਚ ਸਨ ਤੇ ਅਸੀਂ ਇਸ ਦਾ ਵਿਰੋਧ ਕੀਤਾ ਸੀ ਕਿ ਰਿਹਾਇਸ਼ੀ ਇਲਾਕੇ ਵਿੱਚ ਇਹ ਸ਼ਰਾਬ ਫੈਕਟਰੀ ਨਾ ਬਣਾਈ ਜਾਵੇ। ਜਿਸ ਦੇ ਨਤੀਜੇ ਅੱਜ ਅਸੀਂ ਭੁਗਤ ਰਹੇ ਹਾਂ। ਅਵਤਾਰ ਸਿੰਘ ਨੇ ਦੱਸਿਆ ਕਿ ਦੋ ਮਹੀਨਿਆਂ ‘ਚ ਮੇਰੀ ਪਤਨੀ ਸਮੇਤ ਸਾਡੇ ਮੁਹੱਲੇ ਵਿੱਚ ਹੀ ਤਿੰਨ ਮੌਤਾਂ ਹੋ ਚੁੱਕੀਆਂ ਹਨ।
ਕਈ ਲੋਕ ਬਿਮਾਰ ਪਏ ਹਨ। ਅਜਿਹੇ ਹੀ ਹਾਲਾਤ ਅਸੀਂ ਗ੍ਰਾਉਂਡ ਜ਼ੀਰੋ ਤੋਂ ਦੇਖੇ ਹਨ। ਧਰਤੀ ਹੇਠਲੇ ਪਾਣੀ ‘ਚ ਜਿਵੇਂ ਕੋਈ ਤੇਲ ਵਾਲਾ ਪਦਾਰਥ ਮਿਲਿਆ ਹੋਵੇੇ। ਹੁਣ ਸਵਾਲ ਇਹ ਹੈ ਕਿ ਕੀ ਇਹ ਸਭ ਸ਼ਰਾਬ ਦੀ ਫੈਕਟਰੀ ਕਾਰਨ ਹੋਇਆ ਜੋ ਲੋਕ ਦਾਅਵਾ ਕਰ ਰਹੇ ਹਨ। ਫਿਲਹਾਲ ਇਹ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਅਧਿਨ ਹੈ। ਪਾਣੀ ਦੀ ਜਾਂਚ ਲਈ 4 ਕਮੇਟੀਆਂ ਬਣਾਈਆਂ ਹਨ।