International

ਜ਼ੇਲੈਂਸਕੀ ਨੇ ਬੇਲਾਰੂਸ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਨੇ ਬੇਲਾਰੂਸ ਦੇ ਰਾਸ਼ਟਰਪਤੀ ਲੁਕਾਸ਼ੇਂਕੋ ਦੇ ਨਾਲ ਗੱਲ ਕੀਤੀ ਹੈ। ਹਾਲਾਂਕਿ, ਕੀ ਗੱਲ ਕੀਤੀ ਹੈ, ਉਸ ਬਾਰੇ ਜ਼ੇਲੈਂਸਕੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ, ਜ਼ੇਲੈਂਸਕੀ ਨੇ ਰੂਸ ਦੇ ਨਾਲ ਬੇਲਾਰੂਸ ਵਿੱਚ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਜੇਕਰ ਬੇਲਾਰੂਸ ਦੀ ਧਰਤੀ ਨੂੰ ਯੂਕਰੇਨ ਉੱਪਰ ਹਮਲੇ ਲਈ ਨਾ ਵਰਤਿਆ ਗਿਆ ਹੁੰਦਾ ਤਾਂ ਸ਼ਾਇਦ ਉੱਥੇ ਗੱਲ ਹੋ ਸਕਦੀ ਸੀ।

ਉਨ੍ਹਾਂ ਨੇ ਕਿਹਾ,”ਬੇਸ਼ੱਕ ਅਸੀਂ ਗੱਲ ਕਰਨਾ ਚਾਹੁੰਦੇ ਹਾਂ, ਮਿਲਣਾ ਚਾਹੁੰਦੇ ਹਾਂ, ਸ਼ਾਂਤੀ ਚਾਹੁੰਦੇ ਹਾਂ, ਰੂਸ ਨਾਲ ਗੱਲ ਕਰਨਾ ਚਾਹੁੰਦੇ ਹਾਂ। ਇਸ ਲਈ ਬੁਡਾਪੈਸਟ, ਇਸਤਾਨਬੁਲ, ਬਾਕੂ, ਵਾਰਸਾ ਵਿੱਚ ਵੀ ਗੱਲਬਾਤ ਹੋ ਸਕਦੀ ਹੈ। ਜ਼ੇਲੈਂਸਕੀ ਨੇ ਸ਼ਰਤ ਰੱਖਦਿਆਂ ਕਿਹਾ ਕਿ ਜਿਸ ਦੇਸ਼ ਦੀ ਧਰਤੀ ਸਾਡੇ ਉੱਪਰ ਮਿਜ਼ਾਈਲਾਂ ਛੱਡਣ ਲਈ ਨਾ ਵਰਤੀ ਗਈ ਹੋਵੇ, ਉੱਥੇ ਗੱਲ ਹੋ ਸਕਦੀ ਹੈ।

ਉੱਤਰ-ਪੂਰਬੀ ਯੂਕਰੇਨ ਦੇ ਖਾਰਕੀਵ ਸ਼ਹਿਰ ਦੇ ਖੇਤਰੀ ਪ੍ਰਸ਼ਾਸਨਿਕ ਮੁਖੀ ਨੇ ਕਿਹਾ ਕਿ ਸਥਾਨਕ ਬਲਾਂ ਨੇ ਰੂਸੀ ਫ਼ੌਜੀਆਂ ਦੇ ਖਿਲਾਫ ਸੜਕਾਂ ‘ਤੇ ਲੜ ਨ ਤੋਂ ਬਾਅਦ ਸ਼ਹਿਰ ਦਾ ਪੂਰਾ ਕੰਟਰੋਲ ਹਾਸਲ ਕਰ ਲਿਆ ਹੈ। ਸੋਸ਼ਲ ਮੀਡੀਆ ‘ਤੇ ਇੱਕ ਸੰਦੇਸ਼ ਵਿਚ ਖਾਰਕੀਵ ਦੇ ਗਵਰਨਰ ਓਲੇਗ ਸਿਨੇਗੂਬੋਵ ਨੇ ਕਿਹਾ ਕਿ ਯੂਕਰੇਨੀ ਬਲਾਂ ਨੇ ਰੂਸੀ ਫੌਜਾਂ ਨੂੰ ਸ਼ਹਿਰ ਤੋਂ ਬਾਹਰ ਕੱਢ ਦਿੱਤਾ ਹੈ।

ਜ਼ੇਲੈਂਸਕੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਰੂਸ ਦੇ ਵੋਟਿੰਗ ਅਧਿਕਾਰ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਵਿੱਚ ਰੂਸ ਦੀਆਂ ਅਪਰਾਧਿਕ ਗਤੀਵਿਧੀਆਂ ‘ਨਸਲਕੁਸ਼ੀ’ ਦੀ ਕਗਾਰ ‘ਤੇ ਹਨ।