Punjab

ਜ਼ੀਰਾ ਸ਼ਰਾਬ ਫੈਕਟਰੀ ਨੂੰ ਮਿਲੀ ਹਾਈ ਕੋਰਟ ਤੋਂ ਰਾਹਤ,ਇਹ ਸੀ ਮਾਮਲਾ

ਫਿਰੋਜ਼ਪੁਰ :  ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ । ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਕਟਰੀ ਨੂੰ ਵੱਡੀ ਰਾਹਤ ਦਿੱਤੀ ਹੈ। ਪਰ ਇਹ ਮਾਮਲਾ ਦਰਅਸਲ ਸ਼ਰਾਬ ਫ਼ੈਕਟਰੀ ਮਾਲਕਾਂ ਵੱਲੋਂ ਹਾਈਕੋਰਟ ਵਿਚ ਪਾਈ ਪਟੀਸ਼ਨ ਨਾਲ ਜੁੜਿਆ ਹੋਇਆ ਹੈ ,ਜਿਸ ਰਾਹੀਂ ਇਹ ਮੰਗ ਕੀਤੀ ਗਈ ਸੀ ਕਿ ਬੰਦ ਪਈ ਸ਼ਰਾਬ ਫ਼ੈਕਟਰੀ ‘ਚੋਂ ਇਥਨੋਲ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਣ ਦੀ ਇਜਾਜ਼ਤ ਦਿੱਤੀ ਜਾਵੇ।

ਇਸ ਪਟੀਸ਼ਨ ‘ਤੇ ਅੱਜ ਹਾਈਕੋਰਟ ਵਿੱਚ ਸੁਣਵਾਈ ਹੋਈ ਹੈ ਤੇ ਅਦਾਲਤ ਨੇ ਫ਼ੈਸਲਾ ਸੁਣਾਉਂਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ ਫ਼ੈਕਟਰੀ ਮਾਲਕਾਂ ਨੂੰ ਫ਼ੈਕਟਰੀ ਵਿਚੋਂ ਇਥਨੋਲ ਬਾਹਰ ਕੱਢਣ ਦੀ ਆਗਿਆ ਦਿੱਤੀ ਜਾਂਦੀ ਹੈ ਤੇ ਇਸ ਲਈ ਰਾਜ ਸਰਕਾਰ ਸੁਰੱਖਿਆ ਵੀ ਮੁਹੱਇਆ ਕਰਾਵੇ।

ਪੰਜਾਬ ਹਰਿਆਣਾ ਹਾਈਕੋਰਟ ਨੇ ਜ਼ੀਰਾ ਸ਼ਰਾਬ ਫ਼ੈਕਟਰੀ ਦੇ ਮਾਲਕਾਂ ਨੂੰ ਸ਼ਰਾਬ ਫ਼ੈਕਟਰੀ ਵਿਚੋਂ ਇਥਨੋਲ ਕੱਢਣ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ। ਹਾਈਕੋਰਟ ਨੇ ਸਰਕਾਰ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਵੀ ਹੁਕਮ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਫੈਕਟਰੀ ਵੱਲੋਂ ਗੰਦਾ ਤੇ ਜ਼ਹਿਰੀਲਾ ਪਾਣੀ ਧਰਤੀ ਹੇਠਲੇ ਪਾਣੀ ਵਿੱਚ ਮਿਲਾਏ ਜਾਣ ਕਾਰਨ ਕਈ ਜਾਨਲੇਵਾ ਬੀਮਾਰੀਆਂ ਫੈਲ ਰਹੀਆਂ ਸਨ। ਜਿਹਨਾਂ ਨੂੰ ਦੇਖਦੇ ਹੋਏ ਆਮ  ਲੋਕਾਂ ਵੱਲੋਂ ਲਗਾਏ ਗਏ ਮੋਰਚੇ ਕਾਰਨ ਇਹ ਫੈਕਟਰੀ ਬੰਦ ਪਈ ਹੈ।ਭਾਵੇਂ ਮੁੱਖ ਮੰਤਰੀ ਪੰਜਾਬ ਵੱਲੋਂ ਇਸ ਸੰਬੰਧ  ਵਿੱਚ ਐਲਾਨ ਕਰ ਦਿੱਤਾ ਗਿਆ ਸੀ ਪਰ ਇਸ ਸੰਬੰਧੀ ਲਿਖਤੀ ਨੋਟੀਫਿਕੇਸ਼ਨ ਨਾ ਆਉਣ ਕਾਰਨ ਹਾਲੇ ਵੀ ਫੈਕਟਰੀ ਦੇ ਬਾਹਰ ਧਰਨਾ ਲਾ ਕੇ ਬੈਠੇ ਹਨ।