Punjab

ਕਮੇਟੀ ਦੇ ਫਾਰਮੂਲੇ ‘ਤੇ ਜ਼ੀਰਾ ਧਰਨਾ ਨਹੀਂ ਹੋਵੇਗਾ ਖਤਮ! ‘ਬੇਅਦਬੀ ਇਨਸਾਫ ਦੀ ਝੂਠੀ ਸਹੁੰ ਖਾਣ ਵਾਲਿਆਂ ‘ਤੇ ਨਹੀਂ ਵਿਸ਼ਵਾਸ਼,ਮਾਨ ਹੁਣ ਆਮ ਨਹੀਂ ਖਾਸ

Zeera morcha will not stop continue

ਬਿਊਰੋ ਰਿਪੋਰਟ  : ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸ਼ੁੱਕਰਵਾਰ ਰਾਤ ਨੂੰ ਜ਼ੀਰਾ ਦੀ ਢਾਈ ਘੰਟੇ ਮੀਟਿੰਗ ਤੋਂ ਬਾਅਦ ਜਦੋਂ ਖੇਤੀ ਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੋਰਚੇ ਵਿੱਚ ਪਹੁੰਚੇ ਤਾਂ ਆਗੂਆਂ ਨੇ ਉਨ੍ਹਾਂ ਨੂੰ ਖਰੀਆਂ ਖਰੀਆਂ ਸੁਣਾਈਆਂ ਅਤੇ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ। ਸਭ ਤੋਂ ਪਹਿਲਾਂ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਸਰਕਾਰ ਸ਼ਰਾਬ ਦੀ ਫੈਕਟਰੀ ਅਤੇ ਪ੍ਰਦੂਸ਼ਣ ਦੀ ਜਾਂਚ ਦੇ ਲਈ 5 ਮੈਂਬਰੀ ਕਮੇਟੀ ਦਾ ਗਠਨ ਕਰਨ ਜਾ ਰਹੀ ਹੈ ਜੋ ਇੱਕ ਮਹੀਨੇ ਦੇ ਅੰਦਰ ਆਪਣੀ ਰਿਪੋਰਟ ਦੇਵੇਗੀ। ਇਸ ਤੋਂ ਬਾਅਦ ਉਨ੍ਹਾਂ ਨੇ ਭਗਵੰਤ ਮਾਨ ਸਰਕਾਰ ਨੂੰ ਕਿਸਾਨਾਂ ਦੀ ਹਿਤੈਸ਼ੀ ਦੱਸਦੇ ਹੋਏ 9 ਮਹੀਨੇ ਅੰਦਰ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਾਅਦਾ ਕੀਤਾ ਕਿ 1 ਮਹੀਨੇ ਅੰਦਰ ਰਿਪੋਰਟ ਵਿੱਚ ਜੇਕਰ ਫੈਕਟਰੀ ਦੇ ਖਿਲਾਫ ਜਾਂਚ ਆਈ ਤਾਂ ਉਸ ਨੂੰ ਬੰਦ ਕਰ ਦਿੱਤਾ ਜਾਵੇਗਾ।

ਬਸ ਫਿਰ ਕੀ ਸੀ ਜਦੋਂ ਮੋਰਚੇ ਵਿੱਚ ਸ਼ਾਮਲ ਆਗੂਆਂ ਦੀ ਮੰਤਰੀ ਸਾਹਿਬ ਦੇ ਵਾਅਦੇ ‘ਤੇ ਬੋਲਣ ਦੀ ਵਾਰੀ ਆਈ ਤਾਂ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਿੱਧੇ ਸਵਾਲਾਂ ਦੀ ਬੁਛਾੜ ਕਰ ਦਿੱਤੀ । ਸਭ ਤੋਂ ਪਹਿਲਾਂ ਆਗੂਆਂ ਨੇ ਕਿਹਾ ਕਿ ਹੁਣ ਤੁਹਾਡਾ ਮੁੱਖ ਮੰਤਰੀ ਆਮ ਨਹੀਂ ਖਾਸ ਹੋ ਗਿਆ ਹੈ। ਪੁਰਾਣੇ ਮੁੱਖ ਮੰਤਰੀਆਂ ਤੋਂ ਵੱਧ ਸੁਰੱਖਿਆ ਰੱਖਦੇ ਹਨ। ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਡੇਢ ਮਹੀਨੇ ਅੰਦਰ ਬੇਅਦਬੀ ਦਾ ਇਨਸਾਫ ਦੇਣ ਦਾ ਵਾਅਦਾ ਕੀਤਾ ਸੀ ਨਹੀਂ ਤਾਂ ਅਸਤੀਫੇ ਦਾ ਐਲਾਨ ਕੀਤਾ ਸੀ। ਹੁਣ 2 ਮਹੀਨੇ ਹੋ ਗਏ ਹਨ,ਕਿੱਥੇ ਹੈ ਇਨਸਾਫ਼,ਸਾਨੂੰ ਤੁਹਾਡੀ ਸਰਕਾਰ ਉੱਤੇ ਵਿਸ਼ਵਾਸ਼ ਨਹੀ ਹੈ।

ਧਰਨੇ ਵਿੱਚ ਸ਼ਾਮਲ ਆਗੂ ਨੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਕਿਹਾ ਕਿ ਜੇਕਰ ਤੁਸੀਂ ਕਹਿੰਦੇ ਹੋ ਕਿ 1 ਮਹੀਨੇ ਦੇ ਅੰਦਰ ਕਮੇਟੀ ਦੀ ਰਿਪੋਰਟ ਉੱਤੇ ਐਕਸ਼ਨ ਹੋ ਜਾਵੇਗਾ ਤਾਂ ਅਸੀਂ ਜਿਸ ਤਰ੍ਹਾਂ ਨਾਲ 5 ਮਹੀਨੇ ਤੋਂ ਸ਼ਾਂਤਮਈ ਬੈਠੇ ਹਾਂ, ਉਸੇ ਤਰ੍ਹਾਂ ਧਰਨਾ ਜਾਰੀ ਰੱਖਾਂਗੇ ਪਰ ਜਦੋਂ ਤੱਕ ਫੈਕਟਰੀ ਬੰਦ ਨਹੀਂ ਹੁੰਦੀ, ਅਸੀਂ ਧਰਨੇ ਤੋਂ ਨਹੀਂ ਉਠਾਂਗੇ । ਸਿਰਫ਼ ਏਨਾ ਹੀ ਨਹੀਂ, ਮੋਰਚੇ ਵਿੱਚ ਸ਼ਾਮਲ ਇੱਕ ਆਗੂ ਨੇ ਕਿਹਾ ਕਿ ਸਾਨੂੰ ਇਲਾਕੇ ਦੇ ਕਿਸੇ ਵੀ ਅਧਿਕਾਰੀ ਉੱਤੇ ਵਿਸ਼ਵਾਸ਼ ਨਹੀਂ ਹੈ, ਇਲਾਕੇ ਵਿੱਚ ਗੈਰ ਕਾਨੂੰਨੀ ਮਾਇਨਿੰਗ ਹੋ ਰਹੀ ਹੈ ਪਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਹੈ। ਇੰਨਾਂ ਸਾਰਿਆਂ ਦੀ ਗੱਲ ਸੁਣਨ ਤੋਂ ਬਾਅਦ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਫਿਰ ਜਵਾਬ ਦਿੱਤਾ।

ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ 1 ਮਹੀਨੇ ਅੰਦਰ ਜਾਂਚ ਦਾ ਜੋ ਵਾਅਦਾ ਕੀਤਾ ਹੈ, ਉਸ ਨੂੰ ਪੂਰਾ ਕੀਤਾ ਜਾਵੇਗਾ। ਉਹ ਮੋਰਚੇ ਦੀ ਗੱਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੱਕ ਜ਼ਰੂਰ ਪਹੁੰਚਾਉਣਗੇ। ਸਿਰਫ਼ ਏਨਾ ਹੀ ਨਹੀਂ, ਉਨ੍ਹਾਂ ਨੇ ਵਿਸ਼ਵਾਸ਼ ਦਿਵਾਇਆ ਕਿ ਸਰਕਾਰ ਉਨ੍ਹਾਂ ਦੇ ਹੱਕ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕੇਸ ਲੜੇਗੀ। ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਜਲਦ ਹੀ ਐਡਵੋਕੇਟ ਜਨਰਲ ਨਾਲ ਮੀਟਿੰਗ ਕਰਕੇ ਇਸ ਕੇਸ ਨੂੰ ਲੜਗੇ ਅਤੇ ਇਲਾਕੇ ਦੀ ਮਿੱਟੀ ਦੀ ਜਾਂਚ ਵੀ ਕਰਾਉਣਗੇ। ਧਾਲੀਵਾਲ ਨੇ ਮੌਕੇ ਉੱਤੇ ਮੌਜੂਦ ਅਧਿਕਾਰੀਆਂ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਕਿ ਇਲਾਕੇ ਵਿੱਚ ਗੈਰ ਕਾਨੂੰਨੀ ਮਾਇਨਿੰਗ ਦੀ ਸ਼ਿਕਾਇਤ ਉੱਤੇ ਫੌਰਨ ਕਾਰਵਾਈ ਕੀਤੀ ਜਾਵੇ।

ਇਸ ਤੋਂ ਇਲਾਵਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਜਿਹੜੇ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ, ਉਨ੍ਹਾਂ ਨੂੰ ਛੱਡ ਦਿੱਤਾ ਗਿਆ ਹੈ। ਸਾਫ਼ ਹੈ ਕਿ ਸ਼ੁੱਕਰਵਾਰ ਰਾਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੋਰਚੇ ਦੇ ਜਿਹੜੇ ਆਗੂਆਂ ਨੇ ਗੱਲਬਾਤ ਤੋਂ ਸੰਤੁਸ਼ਟੀ ਜਤਾਈ ਸੀ, ਉਹ ਸਵੇਰ ਤੱਕ ਆਉਂਦੇ ਆਉਂਦੇ ਬਦਲ ਗਈ ਹੈ। ਧਰਨੇ ਵਾਲੀ ਥਾਂ ‘ਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਲੋਕਾਂ ਨੇ ਖਰੀਆਂ-ਖਰੀਆਂ ਸੁਣਾਈਆਂ,ਸ਼ਾਇਦ ਜਿਸ ਦੀ ਉਮੀਦ ਉਨ੍ਹਾਂ ਨੇ ਨਹੀਂ ਕੀਤੀ ਸੀ ।