The Khalas Tv Blog India ਆਹ ਕੀ, ਯੁਵਰਾਜ ਨੂੰ ਪੁਲਿਸ ਕਿਉਂ ਫੜਕੇ ਲੈ ਗਈ?
India Punjab

ਆਹ ਕੀ, ਯੁਵਰਾਜ ਨੂੰ ਪੁਲਿਸ ਕਿਉਂ ਫੜਕੇ ਲੈ ਗਈ?

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜਾਤੀਗਤ ਟਿੱਪਣੀ ਮਸ਼ਹੂਰ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦਾ ਪਿੱਛਾ ਨਹੀਂ ਛੱਡ ਰਹੀ। ਅੱਜ ਯੁਵਰਾਜ ਸਿੰਘ ਨੂੰ ਇਸੇ ਮਾਮਲੇ ਵਿਚ ਹਿਸਾਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਫਿਰ ਬਾਅਦ ਵਿੱਚ ਜਮਾਨਤ ਉੱਤੇ ਛੱਡ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਯੁਵਰਾਜ ਸਿੰਘ ਦੀ ਦੀ ਗ੍ਰਿਫਤਾਰੀ ਦੀ ਖਬਰ ਦੇਰ ਰਾਤ ਆਈ ਸੀ। ਯੁਵਰਾਜ ਸਿੰਘ ਉੱਤੇ ਇਕ ਇੰਸਟਾਗ੍ਰਾਮ ਉੱਤੇ ਲਾਇਵ ਦੌਰਾਨ ਜਾਤੀਗਤ ਟਿੱਪਣੀ ਕਰਨ ਦੇ ਦੋਸ਼ ਲੱਗੇ ਸਨ।

ਹੰਸੀ ਦੇ ਰਹਿਣ ਵਾਲੇ ਰਜਤ ਕਲਸਨ ਨਾਨ ਦੇ ਵਿਅਕਤੀ ਨੇ ਕਈ ਧਾਰਾਵਾਂ ਤਹਿਤ ਯੁਵਰਾਜ ਸਿੰਘ ਦੇ ਖਿਲਾਫ ਪੁਲਿਸ ਨੂੰ ਐੱਫਆਈਆਰ ਦਰਜ ਕਰਵਾਈ ਸੀ। ਹੰਸੀ ਦੀ ਐੱਸਪੀ ਨਿਕਿਤਾ ਗਹਿਲੋਤ ਨੇ ਦੱਸਿਆ ਕਿ ਯੁਵਰਾਜ ਸਿੰਘ ਅਦਾਲਤ ਦੇ ਨਿਰਦੇਸ਼ ਮੁਤਾਬਿਕ ਜਾਂਚ ਵਿਚ ਸ਼ਾਮਿਲ ਹੋਏ ਤੇ ਬਾਅਦ ਵਿਚ ਉਨ੍ਹਾਂ ਨੂੰ ਜਮਾਨਤ ਉੱਤੇ ਛੱਡ ਦਿੱਤਾ ਗਿਆ। ਨਿਕਿਤਾ ਨੇ ਕਿਹਾ ਯੁਵਰਾਜ ਸਿੰਘ ਦਾ ਫੋਨ ਜ਼ਬਤ ਕਰ ਲਿਆ ਹੈ।

ਮਾਮਲੇ ਦੀ ਗੱਲ ਕਰੀਏ ਤਾਂ ਕਲਸਨ ਨੇ ਯੁਵਰਾਜ ਸਿੰਘ ਉੱਤੇ ਦੋਸ਼ ਲਗਾਇਆ ਸੀ ਕਿ ਯੁਵਰਾਜ ਨੇ ਜਾਤੀ ਅਧਾਰਿਤ ਟਿੱਪਣੀ ਕੀਤੀ ਸੀ। ਯੁਵਰਾਜ ਸਿੰਘ ਨੇ ਇਸ ਮਾਮਲੇ ਵਿੱਚ ਚੰਡੀਗੜ੍ਹ ਹਾਈਕੋਰਟ ਦਾ ਦਰਵਾਜਾ ਖੜਕਾਇਆ ਤੇ ਆਪਣੇ ਖਿਲਾਫ ਦਰਜ ਕੀਤੀ ਐੱਫਆਈਆਰ ਰੱਦ ਕਰਵਾਉਣ ਦੀ ਅਪੀਲ ਕੀਤੀ। ਯੁਵਰਾਜ ਨੇ ਕਿਹਾ ਹੈ ਕਿ ਉਨ੍ਹਾਂ ਦੀ ਦੋਸਤਾਂ ਨਾਲ ਗੱਲਬਾਤ ਨੂੰ ਗਲਤ ਤਰੀਕੇ ਨਾਲ ਸਮਝਿਆ ਗਿਆ ਹੈ। ਇੰਸਟਾਗ੍ਰਾਮ ਲਾਇਵ ਉੱਤੇ ਵਿਵਾਦ ਹੋਣ ਦੇ ਬਾਅਦ ਯੁਵਰਾਜ ਸਿੰਘ ਨੇ ਇਸ ਉੱਤੇ ਖੇਦ ਜਾਹਿਰ ਕੀਤਾ ਹੈ।

ਯੁਵਰਾਜ ਨੇ ਕਿਹਾ ਸੀ ਕਿ ਮੈਂ ਇਕ ਗੱਲ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਿਸੀ ਤਰ੍ਹਾਂ ਦੇ ਭੇਦਭਾਵ ਵਿੱਚ ਯਕੀਨ ਨਹੀਂ ਰਖਦਾ। ਫਿਰ ਚਾਹੇ ਉਹ ਜਾਤੀ, ਰੰਗ, ਲਿੰਗ ਜਾਂ ਧਰਮ ਦੇ ਆਧਾਰ ਉੱਤੇ ਹੋਵੇ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦੀ ਭਲਾਈ ਵਿਚ ਜਿੰਦਗੀ ਲਗਾਈ ਹੈ ਤੇ ਅੱਗੇ ਵੀ ਇਹੀ ਕਰਾਂਗਾ। ਪਰ ਜਿੰਮੇਦਾਰ ਨਾਗਰਿਕ ਹੋਣ ਦੇ ਨਾਤੇ ਜੇਕਰ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ, ਤਾਂ ਉਸ ਲਈ ਮੈਨੂੰ ਖੇਦ ਹੈ।

Exit mobile version