Punjab

ਗੱਡੀਆਂ ਦੀ ਤੇਜ਼ ਰਫ਼ਤਾਰ ਲਈ ਹੁਣ ‘ਬਾਬਾ ਬੋਹੜ’ ਦੀ ਵਾਰੀ, ਬਚਾਉਣ ਲਈ ਅਸਟ੍ਰੇਲੀਆ ਤੋਂ ਉੱਠੀ ਆਵਾਜ਼

YouTuber from Australia raised voice to save banyan tree from cutting

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :ਅਸਟ੍ਰੇਲੀਆ ਤੋਂ ਕਲਾਕਾਰ ਅਤੇ ਯੂਟਿਊਬਰ ਨਵ ਲਹਿਲ ਨੇ ਮਹਿਤਾ ਅੰਮ੍ਰਿਤਸਰ ਰੋਡ ‘ਤੇ ਸਥਿਤ ਆਪਣੇ ਪਿੰਡ ਢਪੱਈਆਂ ਵਿੱਚ ਲੱਗੇ ਬੋਹੜ ਦੇ ਰੁੱਖ ਪ੍ਰਤੀ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਇਸ ਬੋਹੜ (banyan tree) ਨੂੰ “ਅੰਮ੍ਰਿਤਸਰ-ਊਨਾ Four Lane Project” ਦੇ ਕਰਕੇ ਵੱਢੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਵ ਲਹਿਲ ਨੇ ਆਪਣੇ ਫੇਸਬੁੱਕ ਪੇਜ ਉੱਤੇ ਇਸ ਬੋਹੜ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਡੂੰਘੀ ਚਿੰਤਾ ਅਤੇ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਮੇਰੇ ਪਿੰਡ ਢਪੱਈਆਂ ਵਾਲੇ ਸੂਏ ਤੋਂ ਲਹਿੰਦੇ ਵੱਲ ਦਾ ਇਹ ਬਾਬਾ ਬੋਹੜ, ਸਾਡੀਆਂ ਗੱਡੀਆਂ ਦੀ ਤੇਜ਼ ਰਫ਼ਤਾਰ ਲਈ ਕੁੱਝ ਦਿਨਾਂ ਬਾਅਦ ਕਤਲ ਕਰ ਦਿੱਤਾ ਜਾਵੇਗਾ। ਬਚਪਨ ਤੋਂ ਇਸ ਨੂੰ ਵੇਖਦੇ ਆ ਰਹੇ ਹਾਂ। ਬੜਾ ਦੁੱਖ ਹੋ ਰਿਹਾ ਹੈ ਕਿ ਕੀ ਕੁਦਰਤ ਦਾ ਨਾਸ਼ ਹੀ ਸਾਡੀ ਤਰੱਕੀ ਹੈ ?

ਪਿਛਲੇ ਕੁਝ ਦਿਨਾਂ ਤੋਂ ਮਹਿਤਾ ਰੋਡ ‘ਤੇ ਸਥਿਤ ਹੋਥੀਆ ਤੋਂ ਖਜਾਲਾ ਪਿੰਡ ਤੱਕ ਕਈ ਰੁੱਖਾਂ ਨੂੰ ਵੱਢਿਆ ਜਾ ਚੁੱਕਾ ਹੈ। ਇਨ੍ਹਾਂ ਪਿੰਡਾਂ ਦੇ ਲੋਕ ਸਦੀਆਂ ਪੁਰਾਣੇ ਸ਼ੀਸ਼ਮ ਦੇ ਰੁੱਖਾਂ ਦੇ ਕੱਟੇ ਜਾਣ ਤੋਂ ਬੇਹੱਦ ਦੁਖੀ ਹਨ। ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ-ਘੁਮਾਣ-ਟਾਂਡਾ-ਊਨਾ ਖੇਤਰ ਵਿੱਚ ਨੈਸ਼ਨਲ ਹਾਈਵੇਅ 503ਏ ਦੀ ਉਸਾਰੀ ਕਰਨ ਬਾਰੇ ਫੈਸਲਾ ਲਿਆ ਗਿਆ ਸੀ।

ਬਾਬਾ ਬੋਹੜ
ਬਾਬਾ ਬੋਹੜ

ਨਵ ਲਹਿਲ ਦੀ ਇਸ ਪੋਸਟ ਨੂੰ 1 ਹਜ਼ਾਰ 800 ਤੋਂ ਵੱਧ ਯੂਜ਼ਰਸ ਨੇ ਸ਼ੇਅਰ ਕੀਤਾ ਹੈ ਅਤੇ ਸੈਂਕੜੇ ਲੋਕਾਂ ਨੇ ਪੋਸਟ ਦੇ ਕੁਮੈਂਟਾਂ ਵਿੱਚ ਰੁੱਖਾਂ ਨੂੰ ਬਚਾਉਣ ਦੇ ਲਈ ਹਾਅ ਦਾ ਨਾਅਰਾ ਮਾਰਿਆ। ਨਵ ਲਹਿਲ ਨੇ ਲੋਕਾਂ ਦੀ ਰੁੱਖਾਂ ਪ੍ਰਤੀ ਸੰਵੇਦਨਸ਼ੀਲਤਾ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਨਵ ਲਹਿਲ ਦੀ ਇਸ ਪੋਸਟ ਤੋਂ ਬਾਅਦ ਢਪੱਈਆਂ ਦੇ ਵਸਨੀਕਾਂ ਨੇ ਜ਼ਮੀਨੀ ਪੱਧਰ ਉੱਤੇ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਇੱਕ ਪਿੰਡਵਾਸੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਰੁੱਖਾਂ ਨੂੰ ਬਚਾਉਣ ਦੇ ਲਈ ਸਮਾਜਿਕ ਸੰਸਥਾਵਾਂ ਅਤੇ ਵਾਤਾਵਰਣ ਪ੍ਰੇਮੀਆਂ ਦੇ ਨਾਲ ਰਾਬਤਾ ਕਰਾਂਗੇ। ਰੁੱਖਾਂ ਨੂੰ ਬਚਾਉਣ ਦੇ ਲਈ ਅਸੀਂ ਮੋਰਚਾ ਵੀ ਸ਼ੁਰੂ ਕਰਾਂਗੇ। ਰੁੱਖਾਂ ਨੂੰ ਬਚਾਉਣ ਦੇ ਲਈ ਸੜਕਾਂ ਦਾ ਰੂਟ ਡਾਇਵਰਟ ਕਰਵਾਇਆ ਜਾਵੇਗਾ ਪਰ ਰੁੱਖਾਂ ਨੂੰ ਵੱਢਣ ਨਹੀਂ ਦਿੱਤਾ ਜਾਵੇਗਾ।

ਪਿੰਡਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਰੁੱਖਾਂ ਦੇ ਨਾਲ ਸਾਡੀਆਂ ਬਚਪਨ ਦੀਆਂ ਬਹੁਤ ਗੂੜੀਆਂ ਯਾਦਾਂ ਜੁੜੀਆਂ ਹੋਈਆਂ ਹਨ। ਇਹ ਰੁੱਖ ਹਜ਼ਾਰਾਂ ਪੰਛੀਆਂ ਦਾ ਘਰ ਹਨ, ਲੋਕ ਇਨ੍ਹਾਂ ਰੁੱਖਾਂ ਦੀ ਛਾਂ ਹੇਠ ਬੈਠ ਕੇ ਆਨੰਦ ਲੈਂਦੇ ਹਨ। ਪਿੰਡਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਨੂੰ ਰੁੱਖਾਂ ਨੂੰ ਬਚਾਉਣ ਦੇ ਲਈ ਕੋਈ ਠੋਸ ਕਦਮ ਚੁੱਕਣਾ ਚਾਹੀਦਾ ਹੈ ਅਤੇ ਪੱਛਮੀ ਦੇਸ਼ਾਂ ਵਾਂਗ ਰੁੱਖਾਂ ਨੂੰ ਬਚਾਉਣ ਦੇ ਲਈ ਸੜਕਾਂ ਦਾ ਰੂਟ ਡਾਇਵਰਟ ਕਰ ਦੇਣਾ ਚਾਹੀਦਾ ਹੈ।