ਬਿਉਰੋ ਰਿਪੋਰਟ – ਬੀਜੇਪੀ ਦੇ ਹਮਾਇਤੀ ਯੂ-ਟਿਊਬਰ ਐਲਵਿਸ਼ ਯਾਦਵ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਦਿੱਲੀ ਪੁਲਿਸ ਨੇ ਉਸਨੂੰ HIBOX APP ਨਾਲ ਜੁੜੇ ਧੋਖਾਧੜੀ ਮਾਮੇਲ ਵਿੱਚ ਸ਼ੁੱਕਰਵਾਰ ਨੂੰ ਬੁਲਾਇਆ ਹੈ। ਦਿੱਲੀ ਪੁਲਿਸ ਦੇ ਸਾਈਬਰ ਸੈੱਲ ਯਾਨੀ IFSO ਯੂਨਿਟ ਨੇ ਇਸ ਧੋਖਾਧੜੀ ਦੇ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ 4 ਬੈਂਕ ਖ਼ਾਤਿਆਂ ਵਿੱਚ ਮੌਜੂਦ 18 ਕਰੋੜ ਰੁਪਏ ਵੀ ਜ਼ਬਤ ਕਰ ਲਏ ਗਏ ਹਨ। ਦੱਸਿਆ ਜਾਂਦਾ ਹੈ ਧੋਖਾਧੜੀ ਦਾ ਇਹ ਪੂਰਾ ਮਾਮਲਾ 500 ਕਰੋੜ ਦੇ ਕਰੀਬ ਸੀ।
500 ਕਰੋੜ ਦੀ ਧੋਖਾਧੜੀ ਦੇ ਮਾਮਲੇ ਵਿੱਚ ‘EASEBUZZ’ ਅਤੇ ‘PHONEPE’ ਦੀ ਭੂਮਿਕਾ ਦੀ ਜਾਂਚ ਜਾਰੀ ਹੈ। ਜੇ. ਸ਼ਿਵਰਾਮ ਨਾਂ ਦੇ ਸ਼ਖ਼ਸ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਹਿਬਾਕਸ ਐਪਲੀਕੇਸ਼ਨ ਦੇ ਜ਼ਰੀਏ 3 ਹਜ਼ਾਰ ਲੋਕਾਂ ਨਾਲ ਠੱਗੀ ਮਾਰੀ। ਮੁਲਜ਼ਮ ਨਿਵੇਸ਼ਕਾਂ ਨੂੰ ਜਮ੍ਹਾ ਰਾਸ਼ੀ ’ਤੇ 1 ਫੀਸਦੀ ਤੋਂ ਲੈ ਕੇ 5 ਫੀਸਦੀ ਤੱਕ ਰੋਜ਼ਾਨਾ ਵਿਆਜ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਦਿੱਲੀ ਪੁਲਿਸ ਦੇ ਮੁਤਾਬਿਕ ਇਸ ਧੋਖਾਧੜੀ ਵਿੱਚ, ਨਿਵੇਸ਼ਕਾਂ ਨੂੰ 1% ਤੋਂ 5% ਤੱਕ ਰੋਜ਼ਾਨਾ ਵਿਆਜ ਦਰ ਦਾ ਝੂਠਾ ਲਾਲਚ ਦੇ ਕੇ ਉੱਚ ਰਿਟਰਨ ਦਾ ਵਾਅਦਾ ਕੀਤਾ ਗਿਆ ਸੀ। ਬਹੁਤ ਸਾਰੇ ਪੀੜਤਾਂ ਨੂੰ ਇਸ ਐਪ ਵਿਚ ਨਿਵੇਸ਼ ਕਰਨ ਲਈ ਸੋਸ਼ਲ ਮੀਡੀਆ ਪ੍ਰਭਾਵਕ ਅਤੇ YouTubers ਦੁਆਰਾ ਪ੍ਰੇਰਿਤ ਕੀਤਾ ਗਿਆ ਸੀ। IFSO ਯੂਨਿਟ ਨੂੰ 16 ਅਗਸਤ, 2024 ਨੂੰ 29 ਸ਼ਿਕਾਇਤਾਂ ਮਿਲੀਆਂ ਸਨ।
ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਕਈ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਯੂਟਿਊਬਰ ਵਰਗੇ ਸੌਰਵ ਜੋਸ਼ੀ, ਅਭਿਸ਼ੇਕ ਮਲਹਾਨ, ਫੁਕਰਾ ਇੰਸਾਨ, ਪੂਰਵ ਝਾਅ, ਐਲਵਿਸ਼ ਯਾਦਵ, ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ, ਲਕਸ਼ੈ ਚੌਧਰੀ, ਆਦਰਸ਼ ਸਿੰਘ, ਅਮਿਤ, ਕ੍ਰੇਜ਼ੀ ਐਕਸਵਾਈਜ਼ੈੱਡ ਅਤੇ ਦਿਲਰਾਜ ਸਿੰਘ ਰਾਵਤ, ਭਾਰਤੀ ਹੈਕਰ ਨੇ HIBOX ਐਪਲੀਕੇਸ਼ਨ ਨੂੰ ਉਤਸ਼ਾਹਿਤ ਕੀਤਾ ਅਤੇ ਨਿਵੇਸ਼ਕਾਂ ਨੂੰ ਇਸ ਵਿਚ ਪੈਸਾ ਲਗਾਉਣ ਲਈ ਪ੍ਰੇਰਿਤ ਕੀਤਾ।
ਐਲਵਿਸ਼ ਯਾਦਵ ਦੇ ਖ਼ਿਲਾਫ਼ ਨੋਇਡਾ ਪੁਲਿਸ ਨੇ ਸੱਪਾਂ ਦੇ ਜ਼ਹਿਰ ਦੀ ਤਸਕਰੀ ਦੇ ਮਾਮਲੇ ਵਿੱਚ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਕੁਝ ਦਿਨ ਪਹਿਲਾਂ ED ਨੇ ਐਲਵਸ਼ ਯਾਦਵ ਦੀ ਕਰੋੜਾਂ ਦੀ ਜਾਇਦਾਦ ਵੀ ਜ਼ਬਤ ਕਰ ਲਈ ਸੀ।