Punjab

ਅੰਮ੍ਰਿਤਸਰ ’ਚ ਚਾਕੂਆਂ ਨਾਲ ਹਮਲਾ ਕਰਕੇ ਨੌਜਵਾਨ ਦਾ ਕਤਲ! ਲੋਕਾਂ ਨੇ ਇੱਕ ਮੁਲਜ਼ਮ ਕੀਤਾ ਕਾਬੂ

ਬਿਉਰੋ ਰਿਪੋਰਟ: ਅੰਮ੍ਰਿਤਸਰ ਵਿੱਚ ਮਾਮੂਲੀ ਲੜਾਈ ਤੋਂ ਬਾਅਦ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨਾਂ ਦੇ ਕਤਲ ਸਮੇਂ ਭੱਜ ਰਹੇ ਇੱਕ ਮੁਲਜ਼ਮ ਨੂੰ ਲੋਕਾਂ ਨੇ ਫੜ ਲਿਆ। ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਲੋਕਾਂ ਨੇ ਮੁਲਜ਼ਮ ਨੂੰ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਹੰਗਾਮਾ ਕੀਤਾ। ਇਸ ਦੌਰਾਨ ਮੌਕੇ ’ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਏਸੀਪੀ ਜਸਪਾਲ ਸਿੰਘ ਨੇ ਦੱਸਿਆ ਕਿ ਹਿੰਦੁਸਤਾਨ ਬਸਤੀ ਦੇ ਬਾਹਰ ਪ੍ਰੇਮ ਨਗਰ ਦੇ ਰਹਿਣ ਵਾਲੇ ਗੌਰਵ ਨਾਮਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਪ੍ਰੇਮ ਨਗਰ ਦੇ ਰਹਿਣ ਵਾਲੇ ਗੌਰਵ ਦੀ ਕੱਲ੍ਹ ਦੇਰ ਸ਼ਾਮ ਕਿਸੇ ਨਾਲ ਲੜਾਈ ਹੋ ਗਈ ਸੀ। ਲੜਾਈ ਮਾਮੂਲੀ ਤਕਰਾਰ ਕਾਰਨ ਹੀ ਹੋਈ ਸੀ। ਗੌਰਵ ਦੀ ਮਾਂ ਅਤੇ ਹੋਰ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਛੁਡਵਾਇਆ। ਇਸ ਤੋਂ ਬਾਅਦ ਗੌਰਵ ਆਪਣੇ ਦੋਸਤ ਨਾਲ ਹਿੰਦੁਸਤਾਨ ਬਸਤੀ ਵੱਲ ਚਲਾ ਗਿਆ। ਜਿੱਥੇ ਇੱਕ ਵਾਰ ਫਿਰ ਦੋਵੇਂ ਧੜੇ ਇਕੱਠੇ ਹੋ ਗਏ ਅਤੇ ਆਪਸ ਵਿੱਚ ਲੜਾਈ ਹੋ ਗਈ। ਲੜਾਈ ’ਚ ਮੁਲਜ਼ਮਾਂ ਨੇ ਗੌਰਵ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਲੋਕਾਂ ਨੇ ਫੜਿਆ ਇੱਕ ਮੁਲਜ਼ਮ

ਘਟਨਾ ਵੇਲੇ ਮੌਕੇ ’ਤੇ ਮੌਜੂਦ ਲੋਕਾਂ ਨੇ ਭੱਜ ਰਹੇ ਇਕ ਮੁਲਜ਼ਮ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਕੁੱਟਮਾਰ ਤੋਂ ਬਾਅਦ ਪੁਲਿਸ ਬੁਲਾਈ ਗਈ ਅਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।

ਮੌਕੇ ’ਤੇ ਪਹੁੰਚੀ ਪੁਲਿਸ ਮੁਤਾਬਕ ਇਕ ਮੁਲਜ਼ਮ ਨੂੰ ਲੋਕਾਂ ਦੀ ਮਦਦ ਨਾਲ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।