Punjab

ਟਰੈਕਟਰ ’ਤੇ ਲਾਏ ਇੱਕ ਗਾਣੇ ਪਿੱਛੇ ਇਕਲੌਤੇ ਪੁੱਤ ਦਾ ਕਤਲ! ਪਹਿਲਾਂ ਗੱਡੀ ਥੱਲੇ ਦਿੱਤਾ, ਫਿਰ ਰਾਡਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਿਆ

ਬਿਉਰੋ ਰਿਪੋਰਟ: ਬਰਨਾਲਾ ਤੋਂ ਦਿਲ ਦਹਿਲਾ ਦੇਣ ਵਾਲੀ ਇੱਕ ਖ਼ਬਰ ਸਾਹਮਣੇ ਆਈ ਹੈ। ਇੱਥੇ ਪਿੰਡ ਪੱਖੋਕੇ ਦੀ ਦਾਣਾ ਮੰਡੀ ਵਿੱਚ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ ਹੋ ਗਈ। ਮਾਮਲਾ ਏਨਾ ਵਧ ਗਿਆ ਕਿ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਦੂਜੀ ਧਿਰ ਨੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸਾਰਾ ਵਿਵਾਦ ਟਰੈਕਟਰ ਉੱਤੇ ਲਾਏ ਇੱਕ ਗਾਣੇ ਕਰਕੇ ਸ਼ੁਰੂ ਹੋਇਆ। ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਇੱਕ ਭੈਣ ਹੈ ਜੋ ਕੈਨੇਡਾ ਰਹਿੰਦੀ ਹੈ। ਉਸ ਦੀ ਪਛਾਣ ਜਸਲੀਨ ਸਿੰਘ ਜੱਸੂ ਵਜੋਂ ਹੋਈ ਹੈ।

ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਜਸਲੀਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਸਾਥੀਆਂ ਨਾਲ ਪਿੰਡ ਦੀ ਦਾਣਾ ਮੰਡੀ ਵਿਖੇ ਝੋਨੇ ਦੀ ਫ਼ਸਲ ਲੈ ਕੇ ਗਿਆ ਹੋਇਆ ਸੀ। ਇਸ ਦੌਰਾਨ ਟਰੈਕਟਰ ’ਤੇ ਲੱਗੇ ਡੈੱਕ ਨੂੰ ਲੈ ਕੇ ਉਸ ਦਾ ਕਿਸੇ ਨਾਲ ਝਗੜਾ ਹੋ ਗਿਆ, ਜਿਸ ਮਗਰੋਂ ਦੂਜੀ ਧਿਰ ਦੇ ਲੋਕਾਂ ਨੇ ਆਪਣੇ ਕਈ ਹੋਰ ਸਾਥੀ ਬੁਲਾਏ ਤੇ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ।

ਪਰਿਵਾਰ ਦੇ ਬਿਆਨਾਂ ਮੁਤਾਬਕ ਇਸ ਦੌਰਾਨ ਇੱਕ ਸ਼ਖ਼ਸ ਨੇ ਆਪਣੀ ਗੱਡੀ ਲਿਆ ਕੇ ਮ੍ਰਿਤਕ ਜੱਸੂ ਨੂੰ ਸਿੱਧੀ ਟੱਕਰ ਮਾਰ ਦਿੱਤੀ ਤੇ ਉਸ ਦੇ ਉੱਤੇ ਚੜ੍ਹਾ ਦਿੱਤੀ। ਇਸ ਮਗਰੋਂ ਮ੍ਰਿਤਕ ਨੂੰ ਰਾਡਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਕੁੱਟ-ਕੁੱਟ ਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਮਾਮਲੇ ਸਬੰਧੀ ਥਾਣਾ ਸਦਰ ਬਰਨਾਲਾ ਦੇ SHO ਸ਼ੇਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 10 ਵਜੇ ਦੇ ਕਰੀਬ ਪੱਖੋਕੇ ਪਿੰਡ ਵਿਖੇ 2 ਧਿਰਾਂ ’ਚ ਲੜਾਈ ਹੋਈ ਸੀ, ਜਿਸ ਦੌਰਾਨ ਪਿੰਡ ਦੇ ਹੀ ਨੌਜਵਾਨ ਰਮਨਦੀਪ ਸਿੰਘ ਦੇ ਟਰੈਕਟਰ ਦਾ ਡੈੱਕ ਜਸਲੀਨ ਸਿੰਘ ਨੇ ਬੰਦ ਕਰ ਦਿੱਤਾ ਸੀ, ਜਿਸ ਕਾਰਨ ਦੋਹਾਂ ਧਿਰਾਂ ’ਚ ਕੁੱਟਮਾਰ ਹੋ ਗਈ ਤੇ ਇਕ ਨੌਜਵਾਨ ਦੀ ਮੌਤ ਹੋ ਗਈ।

ਪੁਲਿਸ ਮੁਤਾਬਕ ਮ੍ਰਿਤਕ ਜੱਸੂ ਦੇ ਪਿਤਾ ਗੁਰਚਰਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਰਮਨਦੀਪ ਸਿੰਘ ਤੇ ਉਸ ਦੇ 18 ਹੋਰ ਸਾਥੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਮੁਲਜ਼ਮ ਜਲਦੀ ਹੀ ਕਾਬੂ ਕਰ ਲਏ ਜਾਣਗੇ।