India Punjab

ਪੈਰ ਤਿਲ੍ਹਕਣ ਕਰਕੇ ਬਿਆਸ ਨਦੀ ’ਚ ਰੁੜਿਆ ਪੰਜਾਬੀ ਨੌਜਵਾਨ! ਦੋਸਤਾਂ ਨਾਲ ਜਾ ਰਿਹਾ ਸੀ ਰੋਹਤਾਂਗ

ਗਰਮੀ (Heat Wave) ਤੋਂ ਰਾਹਤ ਪਾਉਣ ਲਈ ਅਕਸਰ ਮੈਦਾਨੀ ਇਲਾਕਿਆਂ ਦੇ ਲੋਕ ਪਹਾੜਾਂ ਵੱਲ ਚਲੇ ਜਾਂਦੇ ਹਨ। ਪਹਾੜਾਂ ’ਤੇ ਘੁੰਮਣ ਆਏ ਇਹ ਲੋਕ ਨਹਾਉਣ ਲਈ ਨਦੀਆਂ-ਨਾਲਿਆਂ ‘ਚ ਉੱਤਰ ਰਹੇ ਹਨ ਤੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਬੀਤੇ ਕੱਲ੍ਹ ਹਿਮਾਚਲ ਦੇ ਮੰਡੀ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਪੰਜਾਬ ਦੇ ਕੁਰਾਲੀ ਦਾ ਰਹਿਣ ਵਾਲਾ ਇੱਕ ਨੌਜਵਾਨ ਬਿਆਸ ਨਦੀ ਵਿੱਚ ਰੁੜ ਗਿਆ। ਐਸਡੀਆਰਐਫ (SDRF) ਅਤੇ ਸੁੰਦਰਨਗਰ ਤੋਂ ਗੋਤਾਖੋਰਾਂ ਦੀ ਟੀਮ ਨੌਜਵਾਨ ਦੀ ਭਾਲ ਲਈ ਮੌਕੇ ‘ਤੇ ਪਹੁੰਚ ਗਈ ਹੈ, ਪਰ ਅਜੇ ਤੱਕ ਨੌਜਵਾਨ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਪੰਜਾਬ ਤੋਂ 5 ਦੋਸਤ ਰੋਹਤਾਂਗ (Rohtang) ਜਾ ਰਹੇ ਸਨ। ਜਦ ਇਹ ਬਿੰਦਰਾਵਣੀ ਕੋਲ ਪਹੁੰਚੇ ਤਾਂ ਬਿਆਸ ਦਰਿਆ ਵੱਲ ਉਤਰ ਗਏ। ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਬਿਆਸ ਵਿੱਚ ਨਹਾਉਣ ਤੋਂ ਵਰਜਿਆ ਪਰ ਉਹ ਨਹੀਂ ਮੰਨੇ। ਇਸ ਦੌਰਾਨ ਇੱਕ ਨੌਜਵਾਨ ਜਸਦੀਪ ਸਿੰਘ ਵਾਸੀ ਕੁਰਾਲੀ ਅਚਾਨਕ ਤਿਲ੍ਹਕ ਕੇ ਬਿਆਸ ਦਰਿਆ ਵਿੱਚ ਰੁੜ੍ਹ ਗਿਆ। ਇਸੇ ਦੌਰਾਨ ਡੁੱਬ ਰਹੇ ਨੌਜਵਾਨ ਨੂੰ ਬਚਾਉਣ ਲਈ ਉਸ ਦੇ ਦੋਸਤ ਨੇ ਵੀ ਨਦੀ ਵਿੱਚ ਛਾਲ ਮਾਰ ਦਿੱਤੀ, ਜਿਸ ਨੂੰ ਪ੍ਰਵਾਸੀ ਮਜ਼ਦੂਰ ਨੇ ਡੁੱਬਣ ਤੋਂ ਬਚਾ ਲਿਆ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐੱਸ.ਡੀ.ਆਰ.ਐੱਫ. (SDRF) ਅਤੇ ਪੰਡੋਹ ਚੌਕੀ ਦੀ ਟੀਮ ਮੌਕੇ ‘ਤੇ ਪਹੁੰਚੀ, ਪਰ ਜਸਦੀਪ ਸਿੰਘ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਦੀ ਭਾਲ ਲਈ ਸੁੰਦਰਨਗਰ ਤੋਂ ਗੋਤਾਖੋਰਾਂ ਦੀ ਟੀਮ ਬੁਲਾਈ ਗਈ। ਪੁਲਿਸ ਮੁਤਾਬਕ SDRF ਅਤੇ ਗੋਤਾਖੋਰਾਂ ਦੀ ਟੀਮ ਨੌਜਵਾਨ ਦੀ ਭਾਲ ਕਰ ਰਹੀ ਹੈ।